ਬਹੁਕੀਮਤੀ ਜਗ੍ਹਾ ਦੀ ਮਾਲਕੀ ਨੂੰ ਲੈ ਕੇ ਭਖਿਆ ਵਿਵਾਦ

Wednesday, Oct 25, 2017 - 06:50 AM (IST)

ਬਹੁਕੀਮਤੀ ਜਗ੍ਹਾ ਦੀ ਮਾਲਕੀ ਨੂੰ ਲੈ ਕੇ ਭਖਿਆ ਵਿਵਾਦ

ਝਬਾਲ,   (ਨਰਿੰਦਰ, ਲਾਲੂਘੁੰਮਣ)- ਅੱਡਾ ਝਬਾਲ ਭਿੱਖੀਵਿੰਡ ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ ਵਾਲੀ ਪੁਰਾਣੀ ਜਗ੍ਹਾ ਦੀ ਮਾਲਕੀ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਚੱਲ ਰਿਹਾ ਵਿਵਾਦ ਐੱਸ. ਐੱਸ. ਪੀ. ਤਰਨਤਾਰਨ ਦੇ ਦਰਬਾਰ 'ਚ ਪਹੁੰਚਣ ਤੋਂ ਬਾਅਦ ਵੀ ਟਕਰਾਅ ਵਾਲੇ ਮੋੜ 'ਤੇ ਪੁੱਜ ਚੁੱਕਾ ਹੈ। ਮਾਮਲਾ ਇਸ ਕਦਰ ਭੱਖ ਚੁੱਕਾ ਹੈ ਕਿ ਦੋਵਾਂ ਧਿਰਾਂ ਵਿਚਾਲੇ ਕਿਸੇ ਵੇਲੇ ਵੀ ਅਣਸੁਖਾਵੀਂ ਸਥਿਤੀ ਪੈਦਾ ਹੋ ਸਕਦੀ ਹੈ। 
 ਜਾਣਕਾਰੀ ਦਿੰਦਿਆਂ ਇਕ ਧਿਰ ਦੇ ਮਨਜੀਤ ਸਿੰਘ ਸੋਢੀ ਪੁੱਤਰ ਅਮਰਜੀਤ ਸਿੰਘ ਵਾਸੀ ਅੱਡਾ ਝਬਾਲ ਅਤੇ ਸਾਹਿਬ ਸਿੰਘ ਪੁੱਤਰ ਪਿਆਰਾ ਸਿੰਘ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਉਨ੍ਹਾਂ ਵੱਲੋਂ ਜਮ੍ਹਾਬੰਦੀ ਦੇ ਮੁਤਾਬਕ ਮਾਲਕ ਰਜਿੰਦਰ ਕੁਮਾਰ ਪੁੱਤਰ ਸਾਧੂ ਰਾਮ, ਹਰਮੇਸ਼ ਮੋਹਨ, ਰਾਕੇਸ਼ ਮੋਹਨ ਪੁੱਤਰਾਨ ਸਤਦੇਵ ਅਤੇ ਸਨੇਸ਼ ਬਾਲਾ ਪੁੱਤਰੀ ਸਤਦੇਵ ਆਦਿ ਹਿੱਸੇਦਾਰਾਂ ਕੋਲੋਂ ਖੇਵਟ ਨੰਬਰ 284 ਖਤੌਨੀ 716 ਤੋਂ ਲੈ ਕੇ 718 ਤੱਕ, 'ਚੋਂ 17 ਮਰਲੇ 170 ਫੁੱਟ ਦਾ ਉਕਤ ਇਕ ਪਲਾਟ ਮਿਤੀ 6 ਅਕਤੂਬਰ 2017 ਨੂੰ ਬੈਅ ਖਰੀਦ ਕੇ ਰਜਿਸਟਰੀ ਕਰਵਾਈ ਗਈ ਹੈ। 
ਉਸ ਨੇ ਦੱਸਿਆ ਕਿ ਬੈਅ ਖਰੀਦੇ ਗਏ ਇਸ ਪਲਾਟ ਦਾ ਮਾਲਕ ਮਹਿਕਮੇ ਵੱਲੋਂ ਉਨ੍ਹਾਂ ਦੇ ਨਾਂ ਬਾਕਾਇਦਾ ਇੰਤਕਾਲ ਨੰਬਰ 12966 ਦਰਜ ਕੀਤਾ ਗਿਆ ਹੈ ਪਰ ਸੰਜੀਵ ਸੂਦ ਪੁੱਤਰ ਕ੍ਰਿਸ਼ਨ ਦੇਵ ਵੱਲੋਂ ਧੱਕੇਸ਼ਾਹੀ ਕਰਦਿਆਂ ਉਨ੍ਹਾਂ ਦੇ ਪਲਾਟ 'ਚ ਨਾਜਾਇਜ਼ ਉਸਾਰੀ ਕੀਤੀ ਜਾ ਰਹੀ ਸੀ। 
ਇਸ ਸਬੰਧੀ ਐੱਸ. ਐੱਸ. ਪੀ. ਤਰਨਤਾਰਨ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ, ਜਿਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਸ਼ਹਿਰੀ ਤਰਨਤਾਰਨ ਪਿਆਰਾ ਸਿੰਘ ਨੂੰ ਸੌਂਪੀ ਗਈ ਸੀ ਅਤੇ ਡੀ. ਐੱਸ. ਪੀ. ਵੱਲੋਂ ਉਕਤ ਉਸਾਰੀ 'ਤੇ ਤੁਰੰਤ ਰੋਕ ਲਾਉਂਦਿਆਂ ਦੋਵਾਂ ਧਿਰਾਂ ਨੂੰ 24 ਅਕਤੂਬਰ ਨੂੰ ਦਫਤਰ ਹਾਜ਼ਰ ਹੋ ਕੇ ਪੱਖ ਰੱਖਣ ਲਈ ਹਦਾਇਤਾਂ ਕੀਤੀਆਂ ਗਈਆਂ ਸਨ ਪਰ 23 ਅਕਤੂਬਰ ਨੂੰ ਸੰਜੀਵ ਸੂਦ ਵੱਲੋਂ ਸਥਾਨਕ ਥਾਣੇ ਦੀ ਪੁਲਸ ਨਾਲ ਮਿਲੀਭੁਗਤ ਕਰ ਕੇ ਉਨ੍ਹਾਂ ਦੀ ਜਗ੍ਹਾ 'ਤੇ ਕੀਤੀ ਜਾ ਰਹੀ ਉਸਾਰੀ 'ਤੇ ਲੈਂਟਰ ਪਾ ਕੇ ਬਿਲਡਿੰਗ ਖੜ੍ਹੀ ਕਰ ਲਈ ਗਈ ਹੈ।  ਮਨਜੀਤ ਸਿੰਘ ਸੋਢੀ ਅਤੇ ਸਾਹਿਬ ਸਿੰਘ ਵੱਲੋਂ ਖਰੀਦੀ ਗਈ ਉਕਤ ਜਗ੍ਹਾ ਦੀ ਪੁਸ਼ਟੀ ਕਰਦਿਆਂ ਰਜਿੰਦਰ ਕੁਮਾਰ ਨੇ ਕਿਹਾ ਕਿ ਉਸ ਸਮੇਤ ਭਾਈਵਾਲਾਂ ਵੱਲੋਂ ਆਪਣੇ ਹਿੱਸੇ ਆਉਂਦੀ ਜ਼ਮੀਨ ਵੇਚੀ ਗਈ ਹੈ ਅਤੇ ਇਸ ਸਬੰਧੀ ਉਹ ਕਾਨੂੰਨ ਦੇ ਹਰ ਕਟਹਿਰੇ 'ਚ ਗਵਾਹੀ ਦੇਣ ਲਈ ਤਿਆਰ ਹਨ। 


Related News