ਮਖੂ ਵਿਖੇ ਨਾਮ ਚਰਚਾ ਦੌਰਾਨ ਡੇਰਾ ਪ੍ਰੇਮੀਆਂ ਤੇ ਸਿੱਖ ਜਥੇਬੰਦੀਆਂ ਵਿਚਾਲੇ ਹੋਇਆ ਜ਼ਬਰਦਸਤ ਟਕਰਾਅ
Thursday, Jul 14, 2022 - 06:23 PM (IST)
ਮਖੂ (ਵਾਹੀ)-ਲੰਘੀ ਰਾਤ ਡੇਰਾ ਸਿਰਸਾ ਪ੍ਰੇਮੀਆਂ ਵੱਲੋਂ ਸਥਾਨਕ ਰੋਜ਼ ਗਾਰਡਨ ਪੈਲੇਸ ’ਚ ਕੀਤੀ ਜਾ ਰਹੀ ਨਾਮ ਚਰਚਾ ਦੌਰਾਨ ਵਿਰੋਧ ਕਰਨ ਪਹੁੰਚੀਆਂ ਧਾਰਮਿਕ ਜਥੇਬੰਦੀਆਂ ਲਈ ਡੇਰਾ ਪ੍ਰੇਮੀਆਂ ਵੱਲੋਂ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਗਈ। ਇਸ ਦੌਰਾਨ ਰੋਹ ’ਚ ਆਏ ਸਿੰਘਾਂ ਨੇ ਜ਼ਬਰਦਸਤ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਮਾਹੌਲ ਭਖ਼ ਗਿਆ। ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਵੀ ਡੇਰਾ ਮੁਖੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਦਰਅਸਲ, ਪੂਰੇ ਪੰਜਾਬ ’ਚ ‘ਗੁਰੂ ਪੂਰਣਿਮਾ’ ਤਹਿਤ ਡੇਰਾ ਮੁਖੀ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਨਾਮ ਚਰਚਾ ਕੀਤੀ ਜਾ ਰਹੀ ਸੀ। ਅਜਿਹੇ ਵਰਤਾਰੇ ਤੋਂ ਦੁਖੀ ਸਿੱਖ ਨੌਜਵਾਨਾਂ ਨੇ ਆਖਿਆ ਕਿ ਗੁਰੂ ਦੇ ਕਾਤਲਾਂ ਨੂੰ ਪੰਜਾਬ ਦੀ ਧਰਤੀ ’ਤੇ ਸਨਮਾਨਿਤ ਕਰਨਾ ਉਹ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਇਸ ਦੌਰਾਨ ਪ੍ਰੋਗਰਾਮ ਬੰਦ ਕਰਵਾਉਣ ਦਾ ਕਹਿਣ ’ਤੇ ਸ਼ਾਮ 7 ਤੋਂ ਰਾਤ 12 ਵਜੇ ਤੱਕ ਪੁਲਸ ਅਧਿਕਾਰੀ ਜਥੇਬੰਦੀਆਂ ਨੂੰ 10-10 ਮਿੰਟ ਦਾ ਕਹਿ ਕੇ ਲਗਾਤਾਰ ਲਾਰੇ-ਲੱਪੇ ਲਾਉਂਦੇ ਰਹੇ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਲਾਰੈਂਸ-ਰਿੰਦਾ ਗੈਂਗ ਦੇ 9 ਸ਼ਾਰਪ ਸ਼ੂਟਰਾਂ ਸਣੇ 13 ਕਾਬੂ, IGP ਨੇ ਕੀਤੇ ਹੈਰਾਨੀਜਨਕ ਖ਼ੁਲਾਸੇ
ਇਸ ਤੋਂ ਗੁੱਸੇ ’ਚ ਆਏ ਦਮਦਮੀ ਟਕਸਾਲ ਸਦਰਵਾਲਾ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ ਹੋਰ ਆਗੂਆਂ ਨਾਲ ਆਏ ਨੌਜਵਾਨਾਂ ਨੇ ਜੈਕਾਰੇ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਚਲਦਿਆਂ ਡੇਰਾ ਪ੍ਰੇਮੀਆਂ ਨੇ ਪੈਲੇਸ ਦੇ ਅੰਦਰੋਂ ਇੱਟਾਂ-ਰੋੜੇ ਵਰ੍ਹਾਏ। ਇਸ ’ਤੇ ਵਿਰੋਧ ਕਰਨ ਵਾਲਿਆਂ ਨੇ ਵੀ ਇੱਟਾਂ-ਰੋੜੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਜਿਵੇਂ ਹੀ ਕਿਸੇ ਪੁਲਸ ਅਧਿਕਾਰੀ ਨਾਲ ਤਾਇਨਾਤ ਸਿਵਲ ਵਰਦੀ ’ਚ ਇਕ ਪੁਲਸ ਕਰਮਚਾਰੀ ਨੇ ਡੱਬ ’ਚੋਂ ਹਥਿਆਰ ਕੱਢ ਕੇ ਸਿੱਖ ਨੌਜਵਾਨਾਂ ਨੂੰ ਧਮਕੀ ਦਿੱਤੀ ਤਾਂ ਮਾਹੌਲ ਹੋਰ ਵੀ ਖ਼ਰਾਬ ਹੋ ਗਿਆ। ਦੋਵਾਂ ਧਿਰਾਂ ਵਿਚਾਲੇ ਹੋਏ ਟਕਰਾਅ ਦੌਰਾਨ ਕਈ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ। ਆਖਿਰ ਰਾਤ ਤਕਰੀਬਨ 1 ਵਜੇ ਅੰਮ੍ਰਿਤਸਰ ਸਾਹਿਬ, ਤਰਨਤਾਰਨ ਸਾਹਿਬ ਅਤੇ ਜਲੰਧਰ ਜ਼ਿਲ੍ਹੇ ’ਚੋਂ ਆ ਕੇ ਮਖੂ ਬਲਾਕ ਦੇ ਸਤੀਸ਼ ਗ੍ਰੋਵਰ, ਪ੍ਰਦੀਪ ਇੰਸਾਂ, ਰਾਜ ਕੁਮਾਰ ਅਤੇ ਕੁਲਵੰਤ ਸਿੰਘ ਮਹਿਮੂਦਵਾਲਾ ਆਦਿ ਨਾਮ ਚਰਚਾ ਕਰ ਰਹੇ ਲੋਕਾਂ ਨੂੰ ਪੁਲਸ ਨੇ ਘਰਾਂ ਨੂੰ ਤੋਰ ਦਿੱਤਾ।
ਆਖਿਰ ਰਾਤ ਤਕਰੀਬਨ 1 ਵਜੇ ਅੰਮ੍ਰਿਤਸਰ ਸਾਹਿਬ, ਤਰਨਤਾਰਨ ਸਾਹਿਬ ਅਤੇ ਜਲੰਧਰ ਜ਼ਿਲ੍ਹੇ ’ਚੋਂ ਆ ਕੇ ਮਖੂ ਬਲਾਕ ਦੇ ਸਤੀਸ਼ ਗ੍ਰੋਵਰ, ਪ੍ਰਦੀਪ ਇੰਸਾਂ, ਰਾਜ ਕੁਮਾਰ ਅਤੇ ਕੁਲਵੰਤ ਸਿੰਘ ਮਹਿਮੂਦਵਾਲਾ ਆਦਿ ਨਾਮ ਚਰਚਾ ਕਰ ਰਹੇ ਲੋਕਾਂ ਨੂੰ ਪੁਲਸ ਨੇ ਘਰਾਂ ਨੂੰ ਤੋਰ ਦਿੱਤਾ। ਇਸੇ ਦੌਰਾਨ ਪੁਲਸ ਚੌਕੀ ਜੋਗੇਵਾਲਾ ਵਿਖੇ ਬੂਟਾ ਸਿੰਘ ਵਾਸੀ ਬਸਤੀ ਦਾਰੇਵਾਲਾ ਨੇ ਸ਼ਿਕਾਇਤ ਕੀਤੀ ਕਿ ਸਵਰਾਜ ਟ੍ਰੈਕਟਰ ਟਰਾਲੀ ’ਚ ਸੰਗਤ ਲੈ ਕੇ ਵਾਪਸ ਜਾਣ ਵੇਲੇ ਅਣਪਛਾਤੇ ਲੋਕਾਂ ਨੇ ਟਾਇਰਾਂ ’ਚ ਗੋਲੀਆਂ ਮਾਰੀਆਂ ਤੇ ਫਰਾਰ ਹੋ ਗਏ ਪਰ ਥਾਣਾ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਨੇ ਘਟਨਾ ਨੂੰ ਨਕਾਰਦਿਆਂ ਦੱਸਿਆ ਕਿ ਟਾਇਰਾਂ ’ਚ ਗੋਲੀਆਂ ਵੱਜਣ ਦੀ ਪੁਸ਼ਟੀ ਨਹੀਂ ਹੋਈ।