ਡੇਰਾ ਬਿਆਸ ਦੇ ਸਮਰਥਕਾਂ ਤੇ ਨਿਹੰਗ ਸਿੰਘਾਂ ਵਿਚਾਲੇ ਹੋਈ ਜ਼ਬਰਦਸਤ ਝੜਪ, ਚੱਲੇ ਇੱਟਾਂ-ਰੋੜੇ, ਮਾਹੌਲ ਤਣਾਅਪੂਰਨ

Sunday, Sep 04, 2022 - 07:48 PM (IST)

ਡੇਰਾ ਬਿਆਸ ਦੇ ਸਮਰਥਕਾਂ ਤੇ ਨਿਹੰਗ ਸਿੰਘਾਂ ਵਿਚਾਲੇ ਹੋਈ ਜ਼ਬਰਦਸਤ ਝੜਪ, ਚੱਲੇ ਇੱਟਾਂ-ਰੋੜੇ, ਮਾਹੌਲ ਤਣਾਅਪੂਰਨ

ਅੰਮ੍ਰਿਤਸਰ/ਬਿਆਸ  (ਗੁਰਿੰਦਰ ਸਾਗਰ, ਦਲਜੀਤ)-ਐਤਵਾਰ ਦੇਰ ਸ਼ਾਮ ਚਾਰ ਵਜੇ ਦੇ ਕਰੀਬ ਡੇਰਾ ਬਿਆਸ ਦੇ ਸ਼ਰਧਾਲੂਆਂ ਅਤੇ ਤਰਨਾ ਦਲ ਦੇ ਨਿਹੰਗ ਸਿੰਘਾਂ ਦਰਮਿਆਨ ਖੂਨੀ ਝੜਪ ਹੋਈ, ਜਿਸ ਦੌਰਾਨ ਦੋਵਾਂ ਧਿਰਾਂ ਦੇ ਦਰਜਨ ਤੋਂ ਵਧੇਰੇ ਵਿਅਕਤੀ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਇਲਾਜ ਲਈ ਬਿਆਸ ਹਸਪਤਾਲ, ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਅਤੇ ਕਈਆਂ ਨੂੰ ਅੰਮ੍ਰਿਤਸਰ ਵਿਖੇ ਭੇਜ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡੇਰਾ ਬਿਆਸ ਦੇ ਪ੍ਰਬੰਧਕ ਮੈਜਿਕਲੈਂਡ ਵਿਚ ਬੈਠੇ ਹੋਏ ਸਨ ਕਿ ਨਾਲ ਹੀ ਲੱਗਦੇ ਗੁਰਦੁਆਰਾ ਅਮਾਨਤਸਰ ਵਿਖੇ ਵੀ ਨਿਹੰਗ ਸਿੰਘ ਬੈਠੇ ਸਨ। ਜਾਣਕਾਰੀ ਅਨੁਸਾਰ ਡੇਰਾ ਪ੍ਰਬੰਧਕਾਂ ਨੇ ਦੱਸਿਆ ਕਿ ਨਿਹੰਗ ਸਿੰਘਾਂ ਦੇ ਇਕ ਜਥੇ ਵੱਲੋਂ ਉਨ੍ਹਾਂ ਦੀ ਗੱਡੀ ਦੀ ਭੰਨਤੋੜ ਕੀਤੀ ਗਈ ਅਤੇ ਉਨ੍ਹਾਂ ’ਤੇ ਜਾਨਲੇਵਾ ਹਮਲਾ ਵੀ ਕੀਤਾ ਗਿਆ, ਜਦਕਿ ਤਰਨਾਦਲ ਦੇ ਸੇਵਾਦਾਰ ਬਾਬਾ ਸੁੱਖਾ ਸਿੰਘ ਨੇ ਦੱਸਿਆ ਕਿ ਡੇਰਾ ਪ੍ਰਬੰਧਕ ਨੇ ਆਪਣੇ ਹੋਰ ਪੈਰੋਕਾਰਾਂ ਨੂੰ ਨਾਲ ਲੈ ਕੇ ਸਾਡੇ ’ਤੇ ਆ ਕੇ ਹਮਲਾ ਕਰ ਦਿੱਤਾ, ਜਿਸ ਦੌਰਾਨ ਉਨ੍ਹਾਂ ਦੇ 8 ਨਿਹੰਗ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਜ਼ਖ਼ਮੀ ਹੋਏ ਨਿਹੰਗ ਸਿੰਘਾਂ ਵਿਚ ਬਾਬਾ ਸੁੱਖਾ ਸਿੰਘ, ਪ੍ਰਗਟ ਸਿੰਘ, ਸਰਵਨ ਸਿੰਘ, ਬੁੱਧ ਸਿੰਘ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖ਼ਲ ਕਰਵਾਇਆ ਗਿਆ, ਜਦਕਿ ਚਾਰ ਹੋਰ ਨਿਹੰਗ ਸਿੰਘਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਤਪਾਲ ’ਚ ਰੈਫਰ ਕੀਤਾ ਗਿਆ, ਜਿਨ੍ਹਾਂ ਦੇ ਨਾਵਾਂ ਦੀ ਪੁਸ਼ਟੀ ਨਹੀਂ ਹੋ ਸਕੀ। ਇਸੇ ਖੂਨੀ ਝੜਪ ਦੌਰਾਨ ਕਾਫ਼ੀ ਗੱਡੀਆਂ ਦੀ ਭੰਨਤੋੜ ਵੀ ਹੋਈ। ਇਸ ਤੋਂ ਇਲਾਵਾ 2 ਐੱਸ. ਐੱਚ. ਓਜ਼ ਅਤੇ ਇਕ ਸਹਾਇਕ ਸਬ-ਇੰਸਪੈਕਟਰ ਵੀ ਜ਼ਖ਼ਮੀ ਹੋ ਗਿਆ, ਜਿਨ੍ਹਾਂ ਨੂੰ ਵੀ ਇਲਾਜ ਲਈ ਬਿਆਸ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸੁਖਪਾਲ ਖਹਿਰਾ ਤੇ ਰਾਜਾ ਵੜਿੰਗ ਖ਼ਿਲਾਫ ਹੋਈ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ

PunjabKesari

ਡੇਰਾ ਬਿਆਸ ਪ੍ਰਬੰਧਕਾਂ ਨੇ ਨਿਹੰਗ ਸਿੰਘਾਂ ਵੱਲੋਂ ਕੀਤੀ ਗਈ ਕਾਰਵਾਈ ਨੂੰ ਧੱਕੇਸ਼ਾਹੀ ਦੱਸਿਆ, ਜਦਕਿ ਨਿਹੰਗ ਸਿੰਘਾਂ ਅਨੁਸਾਰ ਡੇਰਾ ਬਿਆਸ ਦੇ ਸ਼ਰਧਾਲੂਆਂ ਵੱਲੋਂ ਸਾਡੇ ’ਤੇ ਹਮਲਾ ਕੀਤਾ ਗਿਆ ਹੈ। ਮੌਕੇ ’ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਵੀ ਪੁੱਜ ਗਏ ਹਨ, ਜੋ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਦੋਵਾਂ ਧਿਰਾਂ ’ਚ ਸਥਿਤੀ ਕਾਫੀ ਤਣਾਅਪੂਰਨ ਬਣੀ ਹੋਈ ਸੀ। ਇਸ ਝਗੜੇ ਤੋਂ ਬਾਅਦ ਨੈਸ਼ਨਲ ਹਾਈਵੇ ਬਿਲਕੁਲ ਜਾਮ ਹੋ ਗਿਆ ਅਤੇ ਲੋਕਾਂ ਨੂੰ ਆਉਣ-ਜਾਣ ’ਚ ਦਿੱਕਤ ਆਉਂਦੀ ਦੇਖੀ ਗਈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਸੁਰੱਖਿਆ ਸਣੇ ਤਿੰਨ ਗੰਭੀਰ ਮੁੱਦਿਆਂ ’ਤੇ ਪ੍ਰਤਾਪ ਬਾਜਵਾ ਨੇ ਘੇਰੀ ‘ਆਪ’ ਸਰਕਾਰ


author

Manoj

Content Editor

Related News