ਮਾਪੇ ਪੁੱਤਾਂ ਵਾਂਗ ਧੀਆਂ ਦੇ ਵੀ ਮਨਾਉਣ ਤਿਉਹਾਰ : ਡਾ. ਬਲਜੀਤ ਕੌਰ

Saturday, Jan 14, 2023 - 12:34 AM (IST)

ਮਾਪੇ ਪੁੱਤਾਂ ਵਾਂਗ ਧੀਆਂ ਦੇ ਵੀ ਮਨਾਉਣ ਤਿਉਹਾਰ : ਡਾ. ਬਲਜੀਤ ਕੌਰ

ਬਠਿੰਡਾ (ਵਰਮਾ)-ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇਥੇ ਸਥਾਨਕ ਰਾਜਿੰਦਰਾ ਕਾਲਜ ਵਿਖੇ ‘ਧੀਆਂ ਦੀ ਲੋਹੜੀ’ ਸਬੰਧੀ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਮੌਕੇ ਸੱਦਾ ਦਿੱਤਾ ਕਿ ਮਾਪੇ ਹੁਣ ਪੁੱਤਾਂ ਵਾਂਗ ਧੀਆਂ ਦੇ ਵੀ ਤਿਉਹਾਰ ਮਨਾਉਣੇ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ’ਚ ਲੜਕੀਆਂ ਕਿਸੇ ਵੀ ਖੇਤਰ ਵਿਚ ਲੜਕਿਆਂ ਨਾਲੋਂ ਘੱਟ ਨਹੀਂ ਹਨ। ਇਸ ਲਈ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਪੁੱਤਾਂ ਵਾਂਗ ਧੀਆਂ ਦਾ ਮਾਣ ਸਤਿਕਾਰ ਕਰਨ। ਇਸ ਮੌਕੇ ਹਲਕਾ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ, ਹਲਕਾ ਭੁੱਚੋ ਤੋਂ ਵਿਧਾਇਕ ਮਾਸਟਰ ਜਗਸੀਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਆਮ ਲੋਕਾਂ ਵੱਲੋਂ ਚੁਣੀ ਗਈ ਸਰਕਾਰ ਹੈ। ਸਰਕਾਰ ਵੱਲੋਂ ਲੋਕ ਭਲਾਈ ਦੇ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾ ਰਹੇ ਹਨ। ਸਿੱਖਿਆ ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਵੀ ਪੂਰੀ ਤਰ੍ਹਾਂ ਵਚਨਬੱਧ ਹੈ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਲੋਹੜੀ ਦੇ ਤਿਉਹਾਰ ਦੀ ਮਹੱਤਤਾ ’ਤੇ ਚਾਨਣਾ ਪਾਇਆ।

ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਧੀਆਂ ਦੀ ਲੋਹੜੀ ਵੱਡੇ ਪੱਧਰ ’ਤੇ ਮਨਾਈ ਜਾ ਰਹੀ ਹੈ। ਇਸ ਤਹਿਤ ਧੀਆਂ ਨੂੰ ਪੁੱਤਾਂ ਵਾਂਗ ਸਤਿਕਾਰ ਦੇਣ ਲਈ ਸੂਬੇ ਭਰ ਵਿਚ 13 ਤੋਂ 20 ਜਨਵਰੀ ਤਕ ਸਪਤਾਹ ਮਨਾਇਆ ਜਾ ਰਿਹਾ ਹੈ। ਕੈਬਨਿਟ ਮੰਤਰੀ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਸਰਕਾਰ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਲੜਕੀਆਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰੇਗੀ ਅਤੇ ਔਰਤਾਂ ਦੀ ਸੁਰੱਖਿਆ ਤੋਂ ਇਲਾਵਾ ਲਿੰਗ ਅਨੁਪਾਤ ਵਿਚ ਵਾਧਾ ਕਰਨ ਲਈ ਜਾਗਰੂਕਤਾ ਫ਼ੈਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੀ ਦਿੱਤੀ ਜਾਣ ਵਾਲੀ ਰਾਸ਼ੀ ਸਬੰਧੀ ਡਾਟਾ ਤਿਆਰ ਕਰ ਲਿਆ ਗਿਆ ਹੈ। ਜਲਦ ਹੀ ਇਹ ਰਕਮ ਉਨ੍ਹਾਂ ਨੂੰ ਮੁਹੱਈਆ ਕਰਵਾਉਣੀ ਸ਼ੁਰੂ ਕਰ ਦਿੱਤੀ ਜਾਵੇਗੀ।

ਉਨ੍ਹਾਂ ਇਕ ਹੋਰ ਸਵਾਲ ਦੇ ਜਵਾਬ ’ਚ ਕਿਹਾ ਕਿ ਜਲਦ ਹੀ 6000 ਨਵੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਆਦਿ ਦੀਆਂ ਅਸਾਮੀਆਂ ਕੱਢੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਵਿਧਾਇਕ ਬਠਿੰਡਾ ਸ਼ਹਿਰੀ ਜਗਰੂਪ ਸਿੰਘ ਗਿੱਲ ਨੇ ਵੀ "ਧੀਆਂ ਦੀ ਲੋਹੜੀ" ਮਨਾਉਣ ਨੂੰ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਲੜਕੀਆਂ ਨੂੰ ਵੀ ਪੁੱਤਾਂ ਵਾਂਗ ਮਾਣ ਸਤਿਕਾਰ ਦੇਣ ਦਾ ਸੱਦਾ ਦਿੱਤਾ। ਇਸ ਮੌਕੇ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਸ਼੍ਰੀਮਤੀ ਮਾਧਵੀ ਕਟਾਰੀਆ ਨੇ ਸੰਬੋਧਨ ਕਰਦਿਆਂ ਧੀਆਂ ਪ੍ਰਤੀ ਮਾਣ ਸਤਿਕਾਰ ਵਧਾਉਣ ਦਾ ਸੱਦਾ ਦਿੱਤਾ। ਇਸ ਰਾਜ ਪੱਧਰੀ ਸਮਾਗਮ ਮੌਕੇ 51 ਨਵਜਨਮੀਆਂ ਧੀਆਂ ਦੀ ਲੋਹੜੀ ਮਨਾਈ ਗਈ ਅਤੇ ਉਨ੍ਹਾਂ ਦੀਆਂ ਮਾਵਾਂ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਹੋਣਹਾਰ ਲੜਕੀਆਂ ਅਤੇ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਲੜਕੀਆਂ ਵੱਲੋਂ ਗਿੱਧਾ ਤੋਂ ਇਲਾਵਾ ਗੱਤਕਾ ਦੇ ਵੀ ਜੌਹਰ ਦਿਖਾਏ ਗਏ।

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਸਥਾਨਕ ਸਿਵਲ ਹਸਪਤਾਲ ਵਿਖੇ ਰੈੱਡ ਕਰਾਸ ਸੋਸਾਇਟੀ ਬਠਿੰਡਾ ਵੱਲੋਂ ਐੱਚ. ਪੀ. ਸੀ. ਐੱਲ. (ਮਿੱਤਲ ਐਨਰਜੀ ਲਿਮਟਿਡ ਫੁੱਲੋਖ਼ਾਰੀ) ਅਤੇ ਦੀਵਾਰਕਾ ਦਾਸ ਮਿੱਤਲ ਚੈਰੀਟੇਬਲ ਟਰੱਸਟ ਰਜਿਸਟਰਡ ਬਠਿੰਡਾ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਬਠਿੰਡਾ ਵਿਖੇ 78 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਡਾਇਲਸੈਸ ਸੈਂਟਰ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਵਿਧਾਇਕ ਭੁੱਚੋ ਮਾਸਟਰ ਜਗਸੀਰ ਸਿੰਘ, ਚੈਅਰਮੇਨ ਪੰਜਾਬ ਮੀਡੀਅਮ ਇੰਡਸਟਰ੍ਰੀਜ਼ ਡਿਵੈਲਪਮੈਂਟ ਬੋਰਡ ਨੀਲ ਗਰਗ, ਚੈਅਰਮੇਨ ਪੰਜਾਬ ਟ੍ਰੇਡਰਜ਼ ਕਮਿਸ਼ਨ ਅਨਿਲ ਠਾਕੁਰ, ਚੇਅਰਮੈਨ ਪੰਜਾਬ ਜੰਗਲਾਤ ਵਿਭਾਗ ਰਾਕੇਸ਼ ਪੁਰੀ, ਚੇਅਰਮੈਨ ਸ਼ੂਗਰਫੈੱਡ ਪੰਜਾਬ ਨਵਦੀਪ ਜੀਦਾ, ਚੈਅਰਮੇਨ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਇੰਦਰਜੀਤ ਸਿੰਘ ਮਾਨ, ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਐੱਸ.ਐੱਸ.ਪੀ. ਜੇ. ਏਲਨਚੇਲੀਅਨ, ਵਧੀਕ ਡਿਪਟੀ ਕਮਿਸ਼ਨਰ ਮੈਡਮ ਪਲਵੀ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਸਿਖਲਾਈ ਅਧੀਨ ਆਈ. ਏ. ਐੱਸ. ਅਧਿਕਾਰੀ ਮੈਡਮ ਮਾਨਸੀ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਚੈਅਰਮੇਨ ਇੰਮਪਰੂਵਮੈਂਟ ਟਰਸਟ ਬਠਿੰਡਾ ਜਤਿੰਦਰ ਭੱਲਾ, ਆਪ ਦੀ ਸੂਬਾ ਮਹਿਲਾ ਵਿੰਗ ਪ੍ਰਧਾਨ ਬਲਜਿੰਦਰ ਕੌਰ ਤੁੰਗਵਾਲੀ, ਆਪ ਮਹਿਲਾ ਵਿੰਗ ਦੀ ਜ਼ਿਲਾ ਪ੍ਰਧਾਨ ਸਤਬੀਰ ਕੌਰ, ਬੀ. ਸੀ. ਵਿੰਗ ਦੀ ਜ਼ਿਲਾ ਪ੍ਰਧਾਨ ਮੈਡਮ ਮਨਦੀਪ ਕੌਰ ਰਾਮਗੜ੍ਹੀਆ ਅਤੇ ਆਪ ਦੇ ਜ਼ਿਲਾ ਯੂਥ ਪ੍ਰਧਾਨਅਮਰਦੀਪ ਸਿੰਘ ਰਾਜਨ, ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪ੍ਰਮੁੱਖ ਸ਼ਖ਼ਸ਼ੀਅਤਾਂ ਹਾਜ਼ਰ ਸਨ।
 


author

Manoj

Content Editor

Related News