ਫਰਟੀਲਾਈਜ਼ਰ ਐਂਡ ਪੈਸਟੀਸਾਈਡਜ਼ ਡੀਲਰਾਂ ਨੇ ਕੀਤੀ ਹੜਤਾਲ
Saturday, Aug 12, 2017 - 02:29 AM (IST)

ਅਬੋਹਰ, (ਰਹੇਜਾ,ਸੁਨੀਲ)- ਮੰਜ਼ੂਰੀ ਲਏ ਬਿਨਾਂ ਨਾਜਾਇਜ਼ ਕੀਟਨਾਸ਼ਕ ਦਵਾਈਆਂ ਵੇਚਣ ਦੇ ਦੋਸ਼ 'ਚ ਖੇਤੀਬਾੜੀ ਵਿਭਾਗ ਵੱਲੋਂ ਦੇਰ ਰਾਤ ਚੈਕਿੰਗ ਦੇ ਬਾਅਦ ਮੰਡੀ ਨੰਬਰ 2 ਸਥਿਤ ਸੁਨੀਲ ਪੈਸਟੀਸਾਈਡਜ਼ ਨੂੰ ਸੀਲ ਕਰ ਪੁਲਸ ਦਾ ਪਹਿਰਾ ਲਾ ਦਿੱਤਾ ਗਿਆ, ਜਿਸ ਨਾਲ ਕੀਟਨਾਸ਼ਕ ਵਿਕ੍ਰੇਤਾਵਾਂ 'ਚ ਹੜਕੰਪ ਮਚ ਗਿਆ। ਮਾਮਲਾ ਯੂਨੀਅਨ 'ਚ ਆਉਣ ਦੇ ਬਾਅਦ ਜ਼ਿਆਦਾਤਰ ਕੀਟਨਾਸ਼ਕ ਅਤੇ ਫਰਟੀਲਾਈਜਜ਼ਰ ਵਿਕ੍ਰੇਤਾਵਾਂ ਨੇ ਬੈਠਕ ਕਰ ਹੜਤਾਲ ਦਾ ਆਹਵਾਨ ਕਰ ਕੇ ਦੁਕਾਨਾਂ ਬੰਦ ਕਰ ਦਿੱਤੀਆਂ ਅਤੇ ਡੀ. ਸੀ. ਈਸ਼ਾ ਕਾਲੀਆ ਨੂੰ ਮੰਗ ਪੱਤਰ ਦੇ ਕੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ।
ਸੁਨੀਲ ਪੈਸਟੀਸਾਈਡਜ਼ ਦੀ ਦੁਕਾਨ ਦੇ ਬਾਹਰ ਦਿ ਅਬੋਹਰ ਪੈਸਟੀਸਾਈਡਜ਼ ਅਤੇ ਫਰਟੀਲਾਈਜ਼ਰ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਸਤੀਜਾ ਦੀ ਅਗਵਾਈ 'ਚ ਇੱਕਠੇ ਹੋਕੇ ਪੈਸਟੀਸਾਈਡਜ਼ ਡੀਲਰਾਂ ਨੇ ਸੁਨੀਲ ਪੈਸਟੀਸਾਈਡਜ਼ 'ਤੇ ਕੀਤੀ ਗਈ ਕਾਰਵਾਈ 'ਤੇ ਰੋਸ ਜਤਾਇਆ। ਮੌਕੇ 'ਤੇ ਮੌਜੂਦ ਜਗਤ ਪੇੜੀਵਾਲ, ਰਾਜਾ ਚਾਵਲਾ, ਅਸ਼ੋਕ ਗਰਗ, ਓਮ ਧਮੀਜਾ, ਸੁਨੀਲ ਕੁਮਾਰ, ਦੀਪਕ ਚੁੱਘ, ਸਤਪਾਲ ਕੁੱਕੜ, ਭਗਵਾਨ ਮਰੇਜਾ, ਕ੍ਰਿਸ਼ਨ ਜਿੰਦਲ, ਅਵਿਨਾਸ਼ ਕੁੱਕੜ, ਹਰਸ਼ ਜੈਨ, ਦੀਪਕ ਗੁਪਤਾ, ਪੁਨੀਤ ਚੁੱਘ ਆਦਿ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਬਰਸਾਤ ਨਾ ਹੋਣ ਕਾਰਨ ਨਰਮੇ ਦੀ ਫਸਲ 'ਤੇ ਚਿੱਟੀ ਮੱਖੀ ਦਾ ਪ੍ਰਕੋਪ ਵੱਧ ਗਿਆ ਹੈ। ਨਰਮੇ 'ਤੇ ਚਿੱਟੀ ਮੱਖੀ ਅਤੇ ਹੋਰ ਕੀਟਾਂ ਦੇ ਪ੍ਰਕੋਪ ਨੂੰ ਘੱਟ ਕਰਨ ਲਈ ਕੀਟਨਾਸ਼ਕ ਵਿਕ੍ਰੇਤਾ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਅਤੇ ਪੰਜਾਬ ਖੇਤੀਬਾੜੀ ਵਿਭਾਗ ਦੀ ਹਦਾਇਤਾਂ ਮੁਤਾਬਿਕ ਮੰਜ਼ੂਰਸ਼ੁਦਾ ਕੀਟਨਾਸ਼ਕ ਦਵਾਈਆਂ ਹੀ ਕਿਸਾਨਾਂ ਨੂੰ ਪੱਕੇ ਬਿਲਾਂ 'ਤੇ ਵੇਚ ਰਹੇ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰਿਆ ਵੱਲੋਂ ਮੌਖਿਕ ਆਦੇਸ਼ਾਂ ਦਾ ਪਾਲਨ ਨਾ ਕਰਨ ਵਾਲੇ ਦੁਕਾਨਦਾਰਾਂ ਦੇ ਖਿਲਾਫ ਪੁਲਸ ਦੀ ਮਦਦ ਨਾਲ ਉਨ੍ਹਾਂ ਦੀ ਦੁਕਾਨਾਂ ਦੀ ਚੈਕਿੰਗ ਕਰ ਉਨਾਂ ਨੂੰ ਪ੍ਰਤਾੜਿਤ ਕੀਤਾ ਜਾ ਰਿਹਾ ਹੈ ਅਤੇ ਗੈਰ-ਕਾਨੂੰਨੀ ਢੰਗ ਨਾਲ ਸੈਂਪਲਿੰਗ ਕੀਤੀ ਜਾ ਰਹੀ ਹੈ।
ਦੁਕਾਨਦਾਰਾਂ ਨੇ ਦੋਸ਼ ਲਾਇਆ ਹੈ ਕਿ ਸੁਨੀਲ ਪੈਸਟੀਸਾਈਡਜ਼ ਦੇ ਸੰਚਾਲਕਾਂ 'ਤੇ ਵੀ ਕਾਰਵਾਈ ਇਸ ਮੌਖਿਕ ਆਦੇਸ਼ਾਂ ਨੂੰ ਨਾ ਮੰਨਣ ਦਾ ਨਤੀਜਾ ਹੈ। ਯੂਨੀਅਨ ਅਧਿਕਾਰਿਆਂ ਨੇ ਕਿਹਾ ਹੈ ਕਿ ਅਜਿਹਾ ਕਰਨ 'ਤੇ ਜਿਥੇ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਸਮਾਜ ਵਿੱਚ ਵੀ ਉਨ੍ਹਾਂ ਦਾ ਅਪਮਾਨ ਹੋ ਰਿਹਾ ਹੈ, ਜੋ ਕਿ ਸਾਰੇ ਪੈਸਟੀਸਾਈਡਜ਼ ਵਿਕ੍ਰੇਤਾਵਾਂ ਦੇ ਨਾਲ ਗਲਤ ਹੈ।
ਫਿਰੋਜ਼ਪੁਰ, (ਕੁਮਾਰ)-ਡਿਸਟ੍ਰਿਕਟ ਐਗਰੀ ਇਨਪੁਟਸ ਯੂਨੀਅਨ ਫਿਰੋਜ਼ਪੁਰ ਦੀ ਕਾਲ 'ਤੇ ਅੱਜ ਜ਼ਿਲੇ ਦੇ ਸਮੂਹ ਫਰਟੀਲਾਈਜ਼ਰ ਐਂਡ ਪੈਸਟੀਸਾਈਡਜ਼ ਦੁਕਾਨਦਾਰਾਂ ਨੇ ਮੁਕੰਮਲ ਹੜਤਾਲ ਕੀਤੀ। ਇਸ ਸਮੇਂ ਪੁਲਸ ਵੱਲੋਂ ਫਰਟੀਲਾਈਜ਼ਰ ਤੇ ਪੈਸਟੀਸਾਈਡਜ਼ ਦੀਆਂ ਦੁਕਾਨਾਂ ਅਤੇ ਗੁਦਾਮਾ 'ਤੇ ਬਿਨਾਂ ਵਜ੍ਹਾ ਰੇਡ ਕਰਨ ਤੇ ਘੰਟਿਆਂ ਤੱਕ ਡੀਲਰਾਂ ਪ੍ਰੇਸ਼ਾਨ ਕਰਨ ਦਾ ਵਿਰੋਧ ਕੀਤਾ ਗਿਆ।
ਇਸ ਮੌਕੇ ਯੂਨੀਅਨ ਦੇ ਜ਼ਿਲਾ ਪ੍ਰਧਾਨ ਵਿਨੋਦ ਸੋਈ, ਪੈਟਰਨ ਸੁਰਿੰਦਰ ਰਾਜਪੂਤ, ਅਸ਼ੋਕ ਸਚਦੇਵਾ ਅਤੇ ਬੇਅੰਤ ਸਿਕਰੀ ਨੇ ਕਿਹਾ ਕਿ ਇਸ ਸਮੇਂ ਪੁਲਸ ਦੇ ਨਾਲ ਐਗਰੀਕਲਚਰ ਵਿਭਾਗ ਦਾ ਇਕ ਵੀ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਨਹੀਂ ਸੀ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਦੇ ਏਰੀਆ ਗੁਰੂਹਰਸਹਾਏ, ਤਲਵੰਡੀ, ਜ਼ੀਰਾ ਤੇ ਮੁਦੱਕੀ ਆਦਿ 'ਚ ਪੁਲਸ ਵੱਲੋਂ ਡੀਲਰਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕਰਨ ਕਾਰਨ ਡੀਲਰਾਂ ਵਿਚ ਭਾਰੀ ਰੋਸ ਹੈ। ਪੁਲਸ ਨਰਮੇ ਦੀ ਚਿੱਟੀ ਮੱਖੀ ਮਾਰਨ ਵਾਲੀ ਨਕਲੀ ਦਵਾਈ ਦੀ ਤਲਾਸ਼ ਵਿਚ ਇਹ ਛਾਪੇਮਾਰੀ ਕਰ ਰਹੀ ਹੈ, ਜਦਕਿ ਜ਼ਿਲਾ ਫਿਰੋਜ਼ਪੁਰ ਵਿਚ ਨਰਮੇ ਦੀ ਪੈਦਾਵਾਰ ਬਿਲਕੁਲ ਨਹੀਂ ਹੁੰਦੀ, ਇਸ ਲਈ ਇਥੇ ਇਹ ਦਵਾਈਆਂ ਰੱਖਣ ਅਤੇ ਵੇਚਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਸਰਕਾਰ ਆਪਣੀ ਡਿਊਟੀ ਕਰਨਾ ਚਾਹੁੰਦੀ ਹੈ ਤਾਂ ਉਸ ਦੇ ਲਈ ਪੰਜਾਬ ਸਰਕਾਰ ਦਾ ਐਗਰੀਕਲਚਰ ਡਿਪਾਰਟਮੈਂਟ ਹੈ ਅਤੇ ਇਹ ਕੰਮ ਉਸ ਦਾ ਹੈ। ਪੁਲਸ ਵੱਲੋਂ ਬਿਨਾਂ ਐਗਰੀਕਲਚਰ ਵਿਭਾਗ ਦੇ ਅਧਿਕਾਰੀਆਂ ਨੂੰ ਲਏ ਅਜਿਹੀ ਛਾਪੇਮਾਰੀ ਕਰਨਾ ਨਿੰਦਣਯੋਗ ਹੈ। ਇਸ ਦੌਰਾਨ ਯੂਨੀਅਨ ਦੇ ਅਹੁਦੇਦਾਰਾਂ ਨੇ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਫਿਰੋਜ਼ਪੁਰ ਨੂੰ ਮੰਗ ਪੱਤਰ ਸੌਂਪਦੇ ਹੋਏ ਮੰਗ ਕੀਤੀ ਕਿ ਭਵਿੱਖ ਵਿਚ ਪੁਲਸ ਫਰਟੀਲਾਈਜ਼ਰ ਐਂਡ ਪੈਸਟੀਸਾਈਡਜ਼ ਡੀਲਰਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਨਾ ਕਰੇ।
ਤਲਵੰਡੀ ਭਾਈ/ਮੁੱਦਕੀ, (ਗੁਲਾਟੀ, ਹੈਪੀ)- ਪੈਸਟੀਸਾਈਡਜ਼ ਡੀਲਰਾਂ 'ਤੇ ਪੁਲਸ ਕਾਰਵਾਈ ਨੂੰ ਲੈ ਕੇ ਦੁਕਾਨਦਾਰਾਂ 'ਚ ਸੂਬਾ ਸਰਕਾਰ ਖਿਲਾਫ ਰੋਸ ਦੀ ਲਹਿਰ ਹੈ, ਜਿਸ ਦੇ ਚਲਦੇ ਅੱਜ ਤਲਵੰਡੀ ਭਾਈ ਤੇ ਮੁੱਦਕੀ ਦੇ ਪੈਸਟੀਸਾਈਡਜ਼ ਡੀਲਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਤੇ ਸਰਕਾਰ ਦੇ ਇਸ ਤੁਗਲਕੀ ਹੁਕਮਾਂ ਦੇ ਖਿਲਾਫ ਰੋਸ ਪ੍ਰਗਟ ਕੀਤਾ।
ਜ਼ਿਕਰਯੋਗ ਹੈ ਕਿ ਕੱਲ ਵੱਖ-ਵੱਖ ਥਾਵਾਂ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਅਨੇਕਾਂ ਪੈਸਟੀਸਾਈਡਜ਼ ਡੀਲਰਾਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕਰ ਕੇ ਦੁਕਾਨਦਾਰਾਂ ਦਾ ਮਾਲ ਥਾਣਿਆਂ 'ਚ ਜ਼ਬਤ ਕਰ ਲਿਆ ਸੀ। ਪੁਲਸ ਦੀ ਇਸ ਕਾਰਵਾਈ 'ਤੇ ਪੈਸਟੀਸਾਈਡਜ਼ ਡੀਲਰ ਹੈਰਾਨ ਹਨ। ਪੁਲਸ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲਏ ਬਿਨਾਂ ਹੀ ਇਸ ਤਰ੍ਹਾਂ ਉਨ੍ਹਾਂ ਦਾ ਮਾਲ ਕਿਵੇਂ ਜ਼ਬਤ ਕਰ ਸਕਦੀ ਹੈ। ਇਸ ਮਾਮਲੇ ਸਬੰਧੀ ਜਦ ਅੱਜ ਡੀਲਰਾਂ ਦਾ ਇਕ ਵਫਦ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਮਿਲਿਆ ਤਾਂ ਉਨ੍ਹਾਂ ਨੇ ਵੀ ਸਰਕਾਰੀ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਕਿਸੇ ਰਾਹਤ ਤੋਂ ਇਨਕਾਰ ਕਰ ਦਿੱਤਾ।