ਡੀ.ਸੀ. ਤੋਂ ਬਾਅਦ ਮਿਲੋ ਇਕ ਦਿਨ ਦੀ ਸਕੂਲ ਪ੍ਰਿੰਸੀਪਲ ਬਣੀ ਖੁਸ਼ੀ ਨੂੰ (ਵੀਡੀਓ)

09/23/2019 1:34:31 PM

ਫਿਰੋਜ਼ਪੁਰ (ਸੰਨੀ) - ਬੱਚਿਆਂ ਦੇ ਮਨੋਬਲ ਨੂੰ ਉਜ਼ਾਗਰ ਕਰਨ ਲਈ ਕੁਝ ਦਿਨ ਪਹਿਲਾਂ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੇ ਬੱਚੀ ਅਨਮੋਲ ਨੂੰ ਇਕ ਦਿਨ ਦੀ ਡੀ.ਸੀ. ਬਣਾ ਕੇ ਪਹਿਲ ਕਦਮੀ ਦਿਖਾਈ ਸੀ। ਉਸੇ ਤਰ੍ਹਾਂ ਹੁਣ ਫਿਰੋਜ਼ਪੁਰ ਦੇ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਵੀ ਸਕੂਲ ਪ੍ਰਿੰਸੀਪਲ ਬਣਨ ਦਾ ਸਪਨਾ ਦੇਖਣ ਵਾਲੀ 6ਵੀਂ ਕਲਾਸ ਦੀ 11 ਸਾਲਾ ਵਿਦਿਆਰਥਣ ਖੁਸ਼ੀ ਦਾ ਸੁਪਨਾ ਸੋਮਵਾਰ ਨੂੰ ਪੂਰਾ ਕਰ ਦਿੱਤਾ। ਕਰੀਬ ਪੌਣੇ 3 ਫੁੱਟ ਕੱਦ ਵਾਲੀ ਵਿਦਿਆਰਥਣ ਖੁਸ਼ੀ 'ਚ ਆਤਮ-ਵਿਸ਼ਵਾਸ ਅਤੇ ਆਪਣੇ ਟੀਚੇ ਨੂੰ ਹਾਸਲ ਕਰਨ ਦਾ ਹੌਂਸਲਾ ਪੈਦਾ ਕਰਨ ਲਈ ਸੋਮਵਾਰ ਨੂੰ ਉਸ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਇਕ ਦਿਨ ਦੇ ਲਈ ਪ੍ਰਿੰਸੀਪਲ ਬਣਾਇਆ ਗਿਆ। ਖੁਸ਼ੀ ਨੂੰ ਸੋਮਵਾਰ ਸਵੇਰੇ ਘਰ ਤੋਂ ਰਸੀਵ ਕਰਨ ਦੇ ਲਈ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਸਕੂਲ ਪ੍ਰਿੰਸੀਪਲ ਰਾਜੇਸ਼ ਮਹਿਤਾ ਖ਼ੁਦ ਪਹੁੰਚੇ। ਸਕੂਲ ਪਹੁੰਚਣ 'ਤੇ ਬੈਂਡ ਵਾਜਿਆਂ ਨਾਲ ਉਸ ਦਾ ਸਵਾਗਤ ਕੀਤਾ ਗਿਆ ਅਤੇ ਪ੍ਰਿੰਸੀਪਲ ਕਮਰੇ 'ਚ ਪਹੁੰਚ ਕੇ ਉਸ ਨੂੰ ਪ੍ਰਿੰਸੀਪਲ ਦੀ ਕੁਰਸੀ 'ਤੇ ਬਿਠਾਇਆ ਗਿਆ।

PunjabKesari

ਵਿਧਾਇਕ ਪਿੰਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾ ਉਹ ਇਸ ਸਕੂਲ 'ਚ ਸਮਾਰਟ ਕਲਾਸ ਰੂਮ ਅਤੇ ਲੈਬ ਦਾ ਉਦਘਾਟਨ ਕਰਨ ਲਈ ਆਏ ਸਨ, ਤਦ ਉਨ੍ਹਾਂ ਦੀ ਮੁਲਾਕਾਤ ਖੁਸ਼ੀ ਨਾਲ ਹੋਈ। ਉਨ੍ਹਾਂ ਨੂੰ ਪਤਾ ਚੱਲਿਆ ਕਿ ਬੱਚੀ ਦੇ ਪਿਤਾ ਨਹੀਂ ਹਨ ਅਤੇ ਉਹ ਬੇਹੱਦ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਨ੍ਹਾਂ ਨੇ ਬੱਚੀ ਨਾਲ ਗੱਲਬਾਤ ਕੀਤੀ ਅਤੇ ਉਹ ਉਸ ਦਾ ਆਤਮ ਵਿਸ਼ਵਾਸ ਦੇਖ ਕੇ ਹੈਰਾਨ ਰਹਿ ਗਏ। ਖੁਸ਼ੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਵੱਡੀ ਹੋ ਕੇ ਇਸ ਸਕੂਲ 'ਚ ਪ੍ਰਿੰਸੀਪਲ ਬਣਨਾ ਚਾਹੁੰਦੀ ਹੈ।

PunjabKesari

ਇਸ ਤੋਂ ਬਾਅਦ ਉਨ੍ਹਾਂ ਨੇ ਬੱਚੀ ਦੀ ਹੌਂਸਲਾ ਅਫਜਾਈ ਅਤੇ ਆਤਮ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਨ ਲਈ ਉਸ ਨੂੰ ਇਕ ਦਿਨ ਦੀ ਸਕੂਲ ਪ੍ਰਿੰਸੀਪਲ ਬਣਾਉਣ ਦਾ ਫ਼ੈਸਲਾ ਕੀਤਾ, ਜਿਸ ਦੇ ਤਹਿਤ ਸੋਮਵਾਰ ਨੂੰ ਖੁਸ਼ੀ ਨੂੰ ਪ੍ਰਿੰਸੀਪਲ ਬਣਾਇਆ ਗਿਆ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਖੁਸ਼ੀ ਨੂੰ 51 ਹਜ਼ਾਰ ਰੁਪਏ ਦੀ ਐੱਫ. ਡੀ. ਕਰਵਾ ਕੇ ਦਿੱਤੀ ਗਈ ਹੈ, ਜਿਸ ਨੂੰ ਉਹ ਜ਼ਰੂਰਤ ਪੈਣ 'ਤੇ ਇਸਤੇਮਾਲ ਕਰ ਸਕਦੀ ਹੈ। ਪ੍ਰਿੰਸੀਪਲ ਬਣਨ ਦੇ ਬਾਅਦ ਖੁਸ਼ੀ ਨੇ ਸਕੂਲ ਦਾ ਦੌਰਾ ਕੀਤਾ। ਸਕੂਲ ਵਿੱਚ ਬਣਾਏ ਗਏ ਨਵੇਂ ਵਾਟਰ ਹਾਰਵੇਸਟਿੰਗ ਸਿਸਟਮ ਦਾ ਜਾਇਜ਼ਾ ਲਿਆ ਅਤੇ ਉੱਥੇ ਮੌਜੂਦ ਸਾਰੇ ਅਧਿਕਾਰੀਆਂ ਨੂੰ ਨਵੇਂ ਸਿਸਟਮ ਦੇ ਬਾਰੇ ਵਿੱਚ ਦੱਸਿਆ।

PunjabKesari

ਖੁਸ਼ੀ ਨੇ ਸਕੂਲ ਵਿੱਚ ਆਰ.ਓ.ਸਿਸਟਮ ਅਤੇ ਮਿੱਡ.ਡੇ.ਮੀਲ ਲਈ ਸ਼ੈੱਡ ਤੇ ਛੱਤ ਲਗਾਉਣ ਦੀ ਇੱਛਾ ਜਤਾਈ, ਜਿਸ ਨੂੰ ਵਿਧਾਇਕ ਪਿੰਕੀ ਨੇ ਜਲਦ ਹੀ ਪੂਰਾ ਕਰਨ ਦਾ ਭਰੋਸਾ ਦਿਵਾਇਆ। ਵਿਧਾਇਕ ਪਿੰਕੀ ਨੇ ਪ੍ਰਸ਼ਾਸਕੀ ਅਧਿਕਾਰੀਆਂ ਨੁੰ ਜਲਦ ਤੋਂ ਜਲਦ ਇਹ ਕਾਰਜ ਕਰਨ ਦੇ ਲਈ ਕਿਹਾ। ਖੁਸ਼ੀ ਨੂੰ ਇੱਕ ਦਿਨ ਦੇ ਲਈ ਸਕੂਲ ਪ੍ਰਿੰਸੀਪਲ ਬਣਾਏ ਜਾਣ ਤੇ ਉਸ ਦੀ ਮਾਤਾ ਰੋਜ਼ੀਬਾਲਾ ਨੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਉਸ ਦੀ ਬੇਟੀ ਦਾ ਪ੍ਰਿੰਸੀਪਲ ਬਣਨ ਦੇ ਟੀਚੇ ਦੇ ਪ੍ਰਤੀ ਮਨੋਬਲ ਹੋਰ ਵਧੇਗਾ। 


rajwinder kaur

Content Editor

Related News