ਫਿਰ ਜ਼ਹਿਰੀਲਾ ਹੋਇਆ ਰਾਜਸਥਾਨ ਫੀਡਰ ਦਾ ਪਾਣੀ, ਮਰਨ ਲੱਗੇ ਜੀਵ-ਜੰਤੂ (ਵੀਡੀਓ)
Saturday, Feb 02, 2019 - 01:44 PM (IST)
ਫਿਰੋਜ਼ਪੁਰ(ਸੰਨੀ)— ਰਾਜਸਥਾਨ ਫੀਡਰ ਦਾ ਪਾਣੀ ਇਕ ਫਿਰ ਗੰਧਲਾ ਹੋ ਚੁੱਕਾ ਹੈ, ਜਿਸ ਕਾਰਨ ਜੀਵ-ਜੰਤੂ ਮਰ ਰਹੇ ਹਨ ਪਰ ਸਰਕਾਰ ਬੇਖਬਰ ਹੈ। ਇਸ ਪਾਣੀ ਨੂੰ ਫਸਲਾਂ ਲਗਾਉਣ ਲਈ ਵੀ ਵਰਤਿਆ ਜਾਂਦਾ ਹੈ, ਜਿਸ ਨਾਲ ਫਸਲਾਂ ਵੀ ਜ਼ਹਿਰੀਲੀਆਂ ਹੋ ਰਹੀਆਂ ਹਨ, ਜਿਸ ਕਾਰਨ ਪੰਜਾਬ ਦੀ ਜਨਤਾ ਕੈਂਸਰ ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੀ ਹੈ। ਫਿਰੋਜ਼ਪੁਰ ਦੇ ਹਰੀਕੇ ਹੈੱਡ ਤੋਂ ਸ਼ੁਰੂ ਹੁੰਦੀ ਹੋਈ ਰਾਜਸਥਾਨ ਨਹਿਰ ਪੰਜਾਬ ਦੇ ਕਈ ਜ਼ਿਲਿਆਂ ਫਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਤੋਂ ਹੁੰਦੀ ਹੋਈ ਰਾਜਸਥਾਨ ਪਹੁੰਚਦੀ ਹੈ। ਇਨ੍ਹਾਂ ਜ਼ਿਲਿਆਂ 'ਚੋਂ ਲੰਘਦੀ ਹੋਈ ਇਹ ਨਹਿਰ ਕਿੰਨੇਂ ਖੇਤਾਂ, ਕਿੰਨੇਂ ਲੋਕਾਂ ਦੀ ਪਿਆਸ ਬੁਝਾਉਂਦੀ ਹੈ ਤੇ ਕਿੰਨਿਆਂ ਨੂੰ ਬੀਮਾਰੀਆਂ ਵੀ ਵੰਡਦੀ ਹੈ। ਉਸ ਦੇ ਨਤੀਜੇ ਤਾਂ ਕੁਝ ਸਮੇਂ 'ਚ ਹੀ ਆਉਣੇ ਸ਼ੁਰੂ ਹੋ ਜਾਣਗੇ।
ਲੋਕਾਂ ਦਾ ਕਹਿਣਾ ਹੈ ਕਿ ਲੁਧਿਆਣਾ ਦੀਆਂ ਫੈਕਟਰੀਆਂ ਤੋਂ ਆਉਣ ਵਾਲੀ ਰਹਿੰਦ-ਖੂੰਹਦ ਕਾਰਨ ਰਾਜਸਥਾਨ ਫੀਡਰ ਨਹਿਰ ਦਾ ਪਾਣੀ ਜ਼ਹਿਰੀਲਾ ਹੋ ਰਿਹਾ ਹੈ। ਉੱਧਰ ਪ੍ਰਸ਼ਾਸਨ ਇਸ ਤੋਂ ਪੂਰੀ ਤਰ੍ਹਾਂ ਬੇਖਬਰ ਹੈ। ਇਸ ਬਾਰੇ ਜਦੋਂ ਫਿਰੋਜ਼ਪੁਰ ਦੇ ਏ.ਡੀ.ਸੀ. ਗੁਰਮੀਤ ਸਿੰਘ ਮੁਲਤਾਨੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਦੇ ਬਾਰੇ ਵਿਚ ਸਰਕਾਰ ਨੂੰ ਜਲਦੀ ਹੀ ਇਕ ਪੱਤਰ ਲਿਖਿਆ ਜਾਏਗਾ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਾਜਸਥਾਨ ਫੀਡਰ ਨਹਿਰ ਦੇ ਪਾਣੀ ਦੀ ਇਹ ਦੁਰਗਤ ਹੋਈ ਹੋਵੇ। ਇਸ ਤੋਂ ਪਹਿਲਾਂ ਵੀ ਇਸ ਵਿਚ ਸ਼ਰਾਬ ਦੀਆਂ ਫੈਕਟਰੀਆਂ, ਸ਼ੂਗਰ ਮਿੱਲਾਂ ਦੀ ਰਹਿੰਦ-ਖੂੰਹਦ ਮਿਲਣ ਕਾਰਨ ਵੱਡੀ ਗਿਣਤੀ 'ਚ ਜੀਵ-ਜੰਤੂ ਮਰੇ ਸਨ। ਬੀਤੇ ਸਾਲ ਬਿਆਸ ਨਹਿਰ 'ਚ ਫੈਕਟਰੀ ਦਾ ਸੀਰਾ ਛੱਡੇ ਜਾਣ ਕਾਰਨ ਲੱਖਾਂ ਦੀ ਗਿਣਤੀ 'ਚ ਮੱਛੀਆਂ ਮਰੀਆਂ ਸਨ ਪਰ ਉਸ ਘਟਨਾ ਤੋਂ ਬਾਅਦ ਵੀ ਨਾ ਪ੍ਰਸ਼ਾਸਨ ਜਾਗਿਆ ਤੇ ਨਾ ਲੋਕ।