ਫਿਰੋਜ਼ਪੁਰ 'ਚ ਦਿਲ ਕੰਬਾਊ ਕਾਂਡ, ਕਿਸਾਨ ਵਲੋਂ ਪਤਨੀ ਤੇ 2 ਬੱਚਿਆਂ ਦਾ ਕਤਲ (ਵੀਡੀਓ)
Friday, Jan 11, 2019 - 03:56 PM (IST)
ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਦੇ ਪਿੰਡ ਆਸਲ 'ਚ ਇਕ ਕਿਸਾਨ ਵਲੋਂ ਆਪਣੀ ਪਤਨੀ ਅਤੇ 2 ਬੱਚਿਆਂ (9 ਸਾਲ ਅਤੇ 11 ਸਾਲ) ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਕਿਸਾਨ ਪਰਮਜੀਤ ਘਰ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਥਾਣਾ ਸਦਰ ਫਿਰੋਜ਼ਪੁਰ ਦੇ ਐੱਸ.ਐੱਚ.ਓ. ਮੋਹਿਤ ਧਵਨ ਨੇ ਦੱਸਿਆ ਕਿ ਪਰਮਜੀਤ ਸਿੰਘ ਆਪਣੀ ਪਤਨੀ ਪਲਵਿੰਦਰ ਕੌਰ, ਬੇਟੀ ਮਨਕੀਰਤ ਕੌਰ ਉਮਰ ਕਰੀਬ 12 ਸਾਲ ਅਤੇ ਬੇਟੇ ਪ੍ਰਭਨੂਰ ਸਿੰਘ 8 ਸਾਲ ਦਾ ਕਤਲ ਕਰਨ ਤੋਂ ਬਾਅਦ ਘਰ ਤੋਂ ਫਰਾਰ ਹੋ ਗਿਆ ਹੈ।ਮਾਮਲੇ ਦੀ ਜਾਂਚ ਕਰਦਿਆਂ ਉਨ੍ਹਾਂ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਉਸ ਨੇ ਪਲਵਿੰਦਰ ਦੇ ਗਲੇ 'ਤੇ ਤੇਜਧਾਰ ਹਥਿਆਰ ਨਾਲ ਵਾਰ ਕਰਕੇ ਅਤੇ ਬੱਚਿਆਂ ਦਾ ਸਾਹ ਰੋਕ ਜਾਂ ਗਲਾ ਘੁੱਟ ਕੇ ਕਤਲ ਕੀਤਾ ਹੈ। ਪੁਲਸ ਨੂੰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਰਮਜੀਤ ਸਿੰਘ ਦਾ ਅੰਮ੍ਰਿਤਸਰ ਤੋਂ ਦਿਮਾਗੀ ਇਲਾਜ ਚੱਲ ਰਿਹਾ ਸੀ।
ਕਿਸਾਨ ਦੇ ਸਿਰ 'ਤੇ ਕਰੀਬ 6-7 ਲੱਖ ਦਾ ਕਰਜ਼ਾ : ਨੰਬਰਦਾਰ
ਪਿੰਡ ਆਸਲ ਦੇ ਨੰਬਰਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਪਹਿਲਾਂ ਕਿਸਾਨ ਪਰਮਜੀਤ ਸਿੰਘ ਨਸ਼ਾ ਕਰਦਾ ਸੀ ਅਤੇ ਕਰੀਬ 2 ਸਾਲ ਤੋਂ ਉਸ ਨੇ ਇਲਾਜ ਕਰਵਾ ਕੇ ਨਸ਼ਾ ਛੱਡ ਦਿੱਤਾ। ਉਹ ਰੋਜ਼ ਸਵੇਰੇ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਜਾਇਆ ਕਰਦਾ ਸੀ ਪਰ ਉਸ ਦੇ ਸਿਰ 'ਤੇ ਕਰੀਬ 6-7 ਲੱਖ ਰੁਪਏ ਦਾ ਕਰਜ਼ਾ ਹੋਣ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ।