ਜੱਟ ਐਕਸਪੋ ਮੇਲੇ ’ਚ ਖਿੱਚ ਦਾ ਕੇਂਦਰ ਰਹੀ ਪਰਾਲੀ ਦੀਆਂ ਗੰਢਾਂ ਬੰਨ੍ਹਣ ਵਾਲੀ ਇਹ ਮਸ਼ੀਨ (ਤਸਵੀਰਾਂ)

Sunday, Feb 16, 2020 - 06:09 PM (IST)

ਜੱਟ ਐਕਸਪੋ ਮੇਲੇ ’ਚ ਖਿੱਚ ਦਾ ਕੇਂਦਰ ਰਹੀ ਪਰਾਲੀ ਦੀਆਂ ਗੰਢਾਂ ਬੰਨ੍ਹਣ ਵਾਲੀ ਇਹ ਮਸ਼ੀਨ (ਤਸਵੀਰਾਂ)

ਫਿਰੋਜ਼ਪੁਰ (ਹਰਪ੍ਰੀਤ ਕਾਹਲੋਂ, ਅਮਰੀਕ ਟੁਰਨਾ, ਹਰਚਰਨ, ਬਿੱਟੂ) - ਜ਼ਿਲਾ ਫਿਰੋਜ਼ਪੁਰ ਦੇ ਪਿੰਡ ਝੋਕ ਹਰੀਹਰ ਵਿਖੇ ‘10ਵਾਂ ਜੱਟ ਐਕਸਪੋ ਮੇਲਾ’ ਕੁਦਰਤ ਹਿੱਤ ’ਚ ਤੰਦਰੁਸਤ ਅਤੇ ਸਿਹਤਮੰਦ ਖੇਤੀ ਦਾ ਸੰਦੇਸ਼ ਪਹੁੰਚਾਉਂਦਾ ਕਿਸਾਨ ਭਰਾਵਾਂ ਲਈ ਬਿਹਤਰ ਮੰਚ ਹੋ ਨਿੱਬੜਿਆ। ਇਹ ਮੇਲਾ ਪਿੰਡ ਝੋਕ ਹਰੀਹਰ ਦੇ ਝਿਰਮਲ ਸਿੰਘ ਢਿੱਲੋਂ ਅਤੇ ਸਬੰਧਤ ਕਿਸਾਨ ਜਥੇਬੰਦੀਆਂ ਵਲੋਂ ਪਿਛਲੇ 9 ਸਾਲਾਂ ਤੋਂ ਹਰ ਸਾਲ ਭਰਵੇਂ ਉਤਸ਼ਾਹ ਨਾਲ ਆਪਣੇ ਪਿੰਡ ’ਚ ਮਨਾਇਆ ਜਾਂਦਾ ਹੈ। ਇਸ ਵਾਰ 10ਵੇਂ ਜੱਟ ਐਕਸਪੋ ਮੇਲੇ ’ਚ ਬਹੁਤਾਤ ਉਸ ਲਾਹੇਵੰਦ ਮਸ਼ੀਨਰੀ ਦੀ ਸੀ, ਜੋ ਕੁਦਰਤੀ ਤੌਰ ’ਤੇ ਪ੍ਰਦੂਸ਼ਣ-ਮੁਕਤ ਖੇਤੀ ਨੂੰ ਹੁੰਗਾਰਾ ਦਿੰਦੀ ਹੈ। ਮੇਲੇ ਵਿਚ ਕਿਸਾਨੀ ਨਾਲ ਸਬੰਧਤ ਖੇਤੀਬਾੜੀ, ਪਸ਼ੂ ਪਾਲਣ ਤੋਂ ਲੈ ਕੇ ਬਾਗ਼ਬਾਨੀ ਅਤੇ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਦਿੰਦਿਆਂ ਮਾਹਿਰਾਂ ਨੇ ਵੀ ਕਿਸਾਨਾਂ ਨਾਲ ਮੰਚ ਤੋਂ ਜਾਣਕਾਰੀ ਸਾਂਝੀ ਕੀਤੀ। ਮੇਲੇ ’ਚ ਜ਼ਿਲਾ ਪ੍ਰੀਸ਼ਦ ਮੈਂਬਰ ਅਤੇ ਵਿਧਾਇਕਾ ਸਤਿਕਾਰ ਕੌਰ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

PunjabKesari

ਜੱਟ ਐਕਸਪੋ 2020 ਮੇਲੇ ਦੀ ਖਾਸ ਗੱਲ ਇਹ ਵੀ ਰਹੀ ਕਿ ਇਸ ਵਿਚ ਸਕੂਲੀ ਬੱਚਿਆਂ ਅਤੇ ਨੌਜਵਾਨਾਂ ਨੇ ਵੀ ਸ਼ਿਰਕਤ ਕੀਤੀ। ਮੇਲੇ ’ਚ ਸ਼ਿਰਕਤ ਕਰਨ ਪੁੱਜੇ ਕਿਸਾਨਾਂ ਨੇ ਕਿਹਾ ਕਿ ਅਜਿਹੇ ਮੇਲਿਆਂ ਦਾ ਹੋਣਾ ਸਾਡੇ ਲਈ ਬਹੁਤ ਲਾਹੇਵੰਦ ਹੈ ਪਰ ਕੁਦਰਤ ਹਿੱਤ ਵਿਚ ਤੰਦਰੁਸਤ ਖੇਤੀ ਕਰਨ ਲਈ ਇੰਨੇ ਮਹਿੰਗੇ ਸੰਦ ਖਰੀਦਣਾ ਆਮ ਕਿਸਾਨ ਦੀ ਹੈਸੀਅਤ ਤੋਂ ਬਾਹਰ ਦੀ ਗੱਲ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਨਾੜ ਨੂੰ ਇਕੱਠਾ ਕਰਨ ਵਾਲੀ ਬੇਲਰ ਮਸ਼ੀਨ 2 ਜਾਂ 3 ਪਿੰਡਾਂ ਦੀਆਂ ਨਿੱਕੀਆਂ-ਨਿੱਕੀਆਂ ਸੋਸਾਇਟੀਆਂ ਬਣਾ ਕੇ ਵੰਡੀ ਜਾਵੇ ਜਾਂ ਫਿਰ ਇਨ੍ਹਾਂ ਮਸ਼ੀਨਾਂ ’ਤੇ ਸਬਸਿਡੀ ਵਧਾਈ ਜਾਵੇ ਕਿਉਂਕਿ 25 ਲੱਖ ਦੀ ਮਸ਼ੀਨ ਲੈਣਾ ਆਮ ਕਿਸਾਨਾਂ ਦੇ ਵੱਸ ਦੀ ਗੱਲ ਨਹੀਂ ਹੈ।

PunjabKesari

ਝਰਮਲ ਸਿੰਘ ਢਿੱਲੋਂ ਮੁੱਖ ਪ੍ਰਬੰਧਕ ਜੱਟ ਐਕਸਪੋ ਮੇਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡਾ ਸੁਪਨਾ ਹੈ ਕਿ ਪਿੰਡਾਂ ਦੀ ਕਿਸਾਨੀ ਕਰਜ਼ੇ ਅਤੇ ਪ੍ਰਦੂਸ਼ਣ ਤੋਂ ਮੁਕਤ ਲਾਹੇਵੰਦ ਧੰਦਾ ਬਣੇ। ਪਿਛਲੇ 10 ਸਾਲਾਂ ਤੋਂ ਇਸ ਸੁਪਨੇ ਨੂੰ ਸੰਜੋਈ ਪਿੰਡ ਝੋਕ ਹਰੀਹਰ ਦੇ ਮੇਲੇ ’ਚ ਅਸੀਂ ਇਸੇ ਉਮੀਦ ਨਾਲ ਕਿਸਾਨ ਵੀਰਾਂ ਅਤੇ ਭੈਣਾਂ ਲਈ ਮੰਚ ਸਜਾ ਰਹੇ ਹਾਂ ਤਾਂ ਕਿ ਉਹ ਨਵੀਆਂ ਤਕਨੀਕਾਂ ਤੋਂ ਜਾਣੂ ਹੋਣ ਅਤੇ ਜ਼ਮਾਨੇ ਦੇ ਹਾਣੀ ਬਣਨ।


ਖਿੱਚ ਦਾ ਕੇਂਦਰ ਰਹੇ ਇਹ ਸੰਦ ਅਤੇ ਮਸ਼ੀਨਾਂ
ਮੇਲੇ ’ਚ 70 ਤੋਂ 80 ਫੀਸਦੀ ਸੰਦ ਪਰਾਲੀ ਦੀ ਸਾਂਭ-ਸੰਭਾਲ ਜਾਂ ਪਰਾਲੀ ਦੀਆਂ ਗੰਢਾਂ ਬੰਨ੍ਹਣ ਵਾਲੇ ਰਹੇ। ਇਨ੍ਹਾਂ ਵਿਚ ਪਰਾਲੀ ਦੀਆਂ ਗੋਲ ਗੰਢਾਂ ਬੰਨ੍ਹਣ ਵਾਲੀ ਇਟਾਲੀਅਨ ਮਸ਼ੀਨ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਇਸ ਦਾ ਕਾਰਣ ਇਹ ਸੀ ਕਿ ਜਿਥੇ ਆਮ ਮਸ਼ੀਨਾਂ ਪਰਾਲੀ ਦੀਆਂ ਚੌਰਸ ਗੰਢਾਂ ਬਣਾਉਂਦੀਆਂ ਹਨ, ਉਥੇ ਇਹ ਮਸ਼ੀਨ ਗੋਲ ਗੰਢਾਂ ਬੰਨ੍ਹਦੀ ਹੈ। ਇਸ ਤੋਂ ਇਲਾਵਾ ਰੋਟਾਵੇਟਰ, ਮਲਚਰ, ਰਿਵਰਸੀਬਲ ਪਲਾਓ ਵੀ ਖਿੱਚ ਦਾ ਕੇਂਦਰ ਰਹੇ।

PunjabKesari

ਕੰਵਰ ਗਰੇਵਾਲ ਦੀ ਸੁਹਜ ਅਤੇ ਸਾਦਗੀ ਭਰੀ ਗਾਇਕੀ ਦੇ ਨਾਂ ਰਹੀ ਮੇਲੇ ਦੀ ਦੂਜੀ ਸ਼ਾਮ
ਮੇਲੇ ’ਚ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਬੱਚਿਆਂ ਦੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ। ਪੇਂਡੂ ਸੁਆਣੀਆਂ ਦੇ ਹੱਥਾਂ ਦਾ ਬਣਿਆ ਸਾਮਾਨ ਵੀ ਸਟਾਲਾਂ ਦਾ ਖਾਸ ਸ਼ਿੰਗਾਰ ਬਣਿਆ ਅਤੇ ਕਿਸਾਨਾਂ ਨੇ ਦੱਬ ਕੇ ਖਰੀਦਦਾਰੀ ਕੀਤੀ। ਇਸ ਮੌਕੇ ਕਿਸਾਨਾਂ ਲਈ ਸਾਰਥਿਕ ਅਤੇ ਅਰਥ ਭਰਪੂਰ ਸੰਗੀਤਕ ਮਾਹੌਲ ਨੇ ਵੀ ਮੇਲੇ ਦਾ ਨਿਵੇਕਲਾ ਰੰਗ ਪੇਸ਼ ਕੀਤਾ। ਮੇਲੇ ’ਚ ਪਹੁੰਚੇ ਵੱਖ-ਵੱਖ ਦਿਹਾਤੀ ਖੇਤਰੀ ਕਲਾਕਾਰਾਂ ਨੇ ਆਪਣੀ ਕਲਾ ਰਾਹੀਂ ਕੁਦਰਤ ਹਿੱਤ ਦੀ ਖੇਤੀ ਅਤੇ ਪ੍ਰਦੂਸ਼ਣ-ਮੁਕਤ ਸਮਾਜ ਦੇ ਗੀਤ ਵੀ ਸੁਣਾਏ। ਮੇਲੇ ਦੇ ਦੂਜੇ ਦਿਨ ਦੀ ਸ਼ਾਮ ਕੰਵਰ ਗਰੇਵਾਲ ਦੀ ਸੁਹਜ ਅਤੇ ਸਾਦਗੀ ਭਰੀ ਗਾਇਕੀ ਦੇ ਨਾਂ ਰਹੀ।


author

rajwinder kaur

Content Editor

Related News