ਹੰਸਰਾਜ ਮਲਟੀਸਪੇਸ਼ਲਿਸਟ ਹਸਪਤਾਲ 'ਚ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀ ਰੇਡ (ਵੀਡੀਓ)
Tuesday, Oct 01, 2019 - 09:46 AM (IST)
ਫਿਰੋਜ਼ਪੁਰ (ਸੰਨੀ ਚੋਪੜਾ) - ਫਿਰੋਜ਼ਪੁਰ-ਮੋਗਾ ਰੋਡ 'ਤੇ ਸਥਿਤ ਡਾ. ਹੰਸਰਾਜ ਮਲਟੀਸਪੇਸ਼ਲਿਸਟ ਹਸਪਤਾਲ 'ਚ ਫਿਰੋਜ਼ਪੁਰ ਜ਼ਿਲਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀ ਟੀਮ ਵਲੋਂ ਸਾਂਝਾ ਆਪਰੇਸ਼ਨ ਚਲਾ ਕੇ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਮੌਕੇ 'ਤੇ ਪਹੁੰਚੇ ਫਿਰੋਜ਼ਪੁਰ ਦੇ ਡੀ.ਸੀ. ਚੰਦਰ ਗੈਂਦ ਨੇ ਦੱਸਿਆ ਕਿ ਕਿਸੇ ਮਰੀਜ਼ ਵਲੋਂ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਹਸਪਤਾਲ 'ਚ ਨਸ਼ਾ ਛੁਡਾਉਣ ਲਈ ਦਿੱਤੀ ਜਾ ਰਹੀ ਦਵਾਈ ਸਾਈਕੈਟਰਿਸਟ ਵਲੋਂ ਨਹੀਂ ਸਗੋਂ ਉਸ ਦੇ ਪਿਤਾ, ਜੋ ਐੱਮ.ਬੀ.ਬੀ.ਐੱਸ. ਡਾਕਟਰ ਹੈ, ਵਲੋਂ ਦਿੱਤੀ ਜਾਂਦੀ ਹੈ। ਇਸ ਸ਼ਿਕਾਇਤ ਦੇ ਸਬੰਧ 'ਚ ਮਰੀਜ਼ ਨੇ ਸਬੂਤ ਵਜੋਂ ਇਕ ਵੀਡੀਓ ਪੁਲਸ ਪ੍ਰਸ਼ਾਸਨ ਨੂੰ ਦਿੱਤੀ। ਵੀਡੀਓ ਦੇ ਆਧਾਰ 'ਤੇ ਪੁਲਸ ਅਤੇ ਸਿਹਤ ਵਿਭਾਗ ਦੀ ਟੀਮ ਵਲੋਂ ਸਾਂਝਾ ਆਪਰੇਸ਼ਨ ਚਲਾ ਕੇ ਉਕਤ ਹਸਪਤਾਲ 'ਤੇ ਰੇਡ ਕੀਤੀ ਗਈ। ਜਾਣਕਾਰੀ ਅਨੁਸਾਰ ਇਸ ਛਾਪੇਮਾਰੀ ਦੌਰਾਨ ਉਨ੍ਹਾਂ ਹਸਪਤਾਲ ਦੇ ਸਾਰੇ ਰਿਕਾਰਡਾਂ ਨੂੰ ਚੈੱਕ ਕੀਤਾ, ਜਿਸ ਤੋਂ ਖੁਲਾਸਾ ਹੋਇਆ ਕਿ ਮਰੀਜ਼ਾਂ ਦੇ ਕਾਰਡ ਤੇ ਹਸਪਤਾਲ ਦੇ ਰਜਿਸਟਰ 'ਤੇ ਸਾਈਕੈਟਰਿਸਟ ਦੀ ਥਾਂ ਕਿਸੇ ਹੋਰ ਦੇ ਸਾਈਨ ਕੀਤੇ ਗਏ ਹਨ।
ਦੂਜੇ ਪਾਸੇ ਸਾਈਕੈਟਰਿਸਟ ਸੁਮਿਤ ਕੁਮਾਰ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਇਸ ਨੂੰ ਸਾਜਿਸ਼ ਕਰਾਰ ਦਿੱਤਾ। ਫਿਲਹਾਲ ਡੀ.ਸੀ. ਵਲੋਂ ਇਸ ਹਸਪਤਾਲ ਦਾ ਡੀ. ਐਡੀਕਸ਼ਨ ਸੈਂਟਰ ਦਾ ਲਾਈਸੰਸ ਰੱਦ ਕਰਨ ਸਬੰਧੀ ਲਿਖ ਕੇ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ। ਦੂਜੇ ਪਾਸੇ ਡਾਕਟਰ ਵਲੋਂ ਇਸ ਸਾਰੀ ਕਾਰਵਾਈ ਨੂੰ ਸਾਜਿਸ਼ ਕਰਾਰ ਦਿੰਦਿਆਂ ਹਾਈਕੋਰਟ ਦਾ ਦਰਵਾਜ਼ਾ ਖਟਖਟਾਉਣ ਦੀ ਗੱਲ ਆਖੀ ਗਈ ਹੈ।