ਦਰਿਆਈ ਇਲਾਕਿਆਂ ਨੇੜੇ ਵਸਦੇ ਲੋਕਾਂ ਨੂੰ ਸਰਕਾਰ ਨੇ ਦਿੱਤੀ ਵੱਡੀ ਸਹੂਲਤ

10/14/2019 1:35:17 PM

ਫਿਰੋਜ਼ਪੁਰ - ਦਰਿਆ ਪਾਰ ਕਰਕੇ ਫਸਲ ਦੀ ਸਾਭ-ਸੰਭਾਲ ਕਰਨ ਆਉਣ ਵਾਲੇ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਨ੍ਹਾਂ ਨੂੰ ਹੁਣ ਬੇੜੇ ਵਰਗੀ ਵੱਡੀ ਸਹੂਲਤ ਦਿੱਤੀ ਜਾ ਰਹੀ ਹੈ। ਹਲਕੇ ਦੇ ਦਰਿਆਈ ਇਲਾਕਿਆਂ ਨੇੜੇ ਵਸੇ ਕਿਸਾਨਾਂ ਅਤੇ ਲੋਕਾਂ ਨੇ ਬੇੜੇ ਦੀ ਮੰਗ ਕੀਤੀ ਸੀ, ਜਿਸ ਨੂੰ ਪੂਰਾ ਕਰਦਿਆਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਮੁੱਖ ਮੰਤਰੀ ਰਾਹਤ ਸਕੀਮ 'ਚੋਂ 40 ਲੱਖ ਰੁਪਏ ਦੀ ਗਰਾਂਟ ਨਾਲ 7 ਵੱਡੇ ਬੇੜੇ ਤਿਆਰ ਕਰਵਾਏ ਹਨ। ਵਿਧਾਇਕ ਪਿੰਕੀ ਨੇ ਉਕਤ ਬੇੜਿਆਂ 'ਚ ਖੁਦ ਸਵਾਰ ਹੋ ਕੇ ਉਨ੍ਹਾਂ ਦਾ ਨਿਰੀਖਣ ਕੀਤਾ ਹੈ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿਧਾਇਕ ਪਿੰਕੀ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ 'ਚ ਪੰਜਾਬ 'ਚ ਆਏ ਭਿਆਨਕ ਹੜ੍ਹਾਂ ਦੌਰਾਨ ਕਿਸਾਨਾਂ ਵਲੋਂ ਉਨ੍ਹਾਂ ਨੂੰ ਆਪਣੀ ਇਸ ਮੁਸ਼ਕਲ ਤੋਂ ਜਾਣੂ ਕਰਵਾਇਆ ਗਿਆ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਬੇੜਿਆਂ ਦੀ ਮੰਗ ਰੱਖੀ, ਜਿਸ ਨੂੰ ਪੂਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਮੁੱਖ ਮੰਤਰੀ ਵਲੋਂ ਆਪਣੇ ਰਿਲੀਫ ਫ਼ੰਡ 'ਚ 40 ਲੱਖ ਰੁਪਏ ਜਾਰੀ ਕੀਤੇ ਗਏ ਸਨ, ਜਿਨ੍ਹਾਂ ਦੀ ਯੋਗ ਵਰਤੋਂ ਕਰਦਿਆਂ 7 ਬੇੜੇ ਤਿਆਰ ਹੋ ਚੁੱਕੇ ਹਨ ਅਤੇ ਆਉਣ ਵਾਲੇ ਕੁਝ ਦਿਨਾਂ 'ਚ ਇਹ ਬੇੜੇ ਲੋਕਾਂ ਦੀ ਸੇਵਾ ਲਈ ਦੇ ਦਿੱਤੇ ਜਾਣਗੇ। ਪਿੰਕੀ ਨੇ ਦੱਸਿਆ ਕਿ ਤਿਆਰ ਕੀਤੇ 7 ਬੇੜੇ, ਜਿਨ੍ਹਾਂ 'ਚੋਂ 3 ਬੇੜੇ 6*22 ਅਤੇ 4 ਬੇੜੇ 12*42 ਸਾਈਜ਼ ਦੇ ਹਨ। ਵੱਡੇ ਬੇੜਿਆਂ 'ਚ ਕਿਸਾਨ ਆਪਣੇ ਟਰੈਕਟਰ-ਟਰਾਲੀ ਅਤੇ ਕੰਬਾਈਨ ਆਦਿ ਦਰਿਆ ਤੋਂ ਪਾਰ ਲਿਆ-ਲਜਾ ਸਕਦੇ ਹਨ। ਪਿੰਡ ਵਾਸੀਆਂ ਵਿਚ ਦੇਸ਼ ਪ੍ਰਤੀ ਜਜ਼ਬਾ ਪੈਦਾ ਕਰਨ ਦੇ ਮਕਸਦ ਨਾਲ ਇਨ੍ਹਾਂ ਉੱਪਰ ਰਾਸ਼ਟਰੀ ਝੰਡਾ ਵੀ ਲਗਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਬੇੜਿਆਂ ਨਾਲ ਪਿੰਡ ਭੱਖੜਾ, ਹਜ਼ਾਰੇ ਵਾਲਾ, ਗੱਟੀ ਰਾਜੋ ਕੇ, ਟੇਂਡੀ ਵਾਲਾ, ਕਮਾਲੇ ਵਾਲਾ, ਚੂਹੜੀ ਵਾਲਾ, ਖੂੰਦਰ, ਭਾਨੇ ਵਾਲਾ, ਕਾਲੂ ਵਾਲਾ, ਬਸਤੀ ਰਾਮਲਾਲ, ਨਿਹਾਲੇ ਵਾਲਾ ਆਦਿ ਪਿੰਡਾਂ ਦੇ ਕਿਸਾਨਾਂ ਅਤੇ ਲੋਕਾਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਬੱਚੇ 5ਵੀਂ ਤੋਂ ਬਾਅਦ ਸਕੂਲ ਨਹੀਂ ਸੀ ਜਾਂਦੇ, ਹੁਣ ਉਹ ਬੇੜਿਆਂ ਦੀ ਮਦਦ ਨਾਲ ਸਕੂਲ ਪੜ੍ਹਨ ਜਾਇਆ ਕਰਨਗੇ। ਇਸ ਤੋਂ ਇਲਾਵਾ ਬੀਤੇ ਦਿਨੀ ਪਾਕਿਸਤਾਨ ਵਲੋਂ ਸਰਹੱਦੀ ਇਲਾਕਿਆਂ ਵਿਚ ਡਰੋਨ ਭੇਜੇ ਗਏ ਸਨ, ਉਸ ਸਬੰਧੀ ਉਨ੍ਹਾਂ ਪਿੰਡ ਵਾਲਿਆਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬੀ ਬਹੁਤ ਬਹਾਦਰ ਹਨ ਤੇ ਉਹ ਜਾਣਦੇ ਹਨ ਕਿ ਕਿਸ ਤਰ੍ਹਾਂ ਪਾਕਿਸਤਾਨ ਦੀਆਂ ਇਹੋ ਜਿਹੀਆਂ ਹਰਕਤਾਂ ਦਾ ਜਵਾਬ ਦੇਣਾ ਹੈ।


rajwinder kaur

Content Editor

Related News