ਸੂਰਜ ਢਲਦਿਆਂ ਭਾਰਤੀ ਸਰਹੱਦ ''ਚ ਉਡਦੇ ਹਨ ਪਾਕਿ ਡਰੋਨ, ਦਹਿਸ਼ਤ ਦਾ ਮਾਹੌਲ
Friday, Oct 11, 2019 - 12:47 PM (IST)

ਫਿਰੋਜ਼ਪੁਰ (ਆਨੰਦ) - ਗੁਆਂਢੀ ਦੇਸ਼ ਪਾਕਿਸਤਾਨ ਆਪਣੇ ਖਤਰਨਾਕ ਮਨਸੂਬਿਆਂ ਨੂੰ ਅੰਜਾਮ ਦੇਣ ਦੇ ਯਤਨਾਂ ਸਦਕਾ ਭਾਰਤ 'ਚ ਬਦਅਮਨੀ ਫੈਲਾਉਣ ਲਈ ਡਰੋਨ ਦਾ ਸਹਾਰਾ ਲੈ ਰਿਹਾ ਹੈ। ਡੋਰਨ ਦੀ ਵਰਤੋਂ ਕਰਕੇ ਪਾਕਿਸਤਾਨ ਵਲੋਂ ਦਹਿਸ਼ਤ ਫੈਲਾਉਣ ਦੀਆਂ ਨਾਪਾਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਪਿਛਲੇ ਲਗਾਤਾਰ 4 ਦਿਨਾਂ ਤੋਂ ਪਾਕਿਸਤਾਨੀ ਡਰੋਨਾਂ ਦੀਆਂ ਉਡਾਣਾਂ ਦਾ ਸਿਲਸਿਲਾ ਬਾ-ਦਸਬੂਰ ਜਾਰੀ ਹੈ। ਵੀਰਵਾਰ ਦੀ ਰਾਤ 7 ਵਜ ਕੇ 58 ਮਿੰਟ 'ਤੇ ਭਾਰਤੀ ਸਰਹੱਦ 'ਚ ਪਾਕਿਸਤਾਨੀ ਡਰੋਨ ਹੁਸੈਨੀਵਾਲਾ ਸਰਹੱਦੀ ਖੇਤਰ 'ਚ ਉਡਦੇ ਦਿਖਾਈ ਦਿੱਤੇ, ਜੋ 10 ਮਿੰਟ ਤੱਕ ਦਿਖਾਈ ਦਿੰਦਾ ਰਿਹਾ, ਜਿਸ ਕਾਰਨ ਇਲਾਕੇ 'ਚ ਦਹਿਸ਼ਤ ਫੈਲ ਗਈ।
ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਸੂਰਜ ਢਲਦਿਆਂ ਹੀ ਸਰਹੱਦੀ ਖੇਤਰ 'ਚ ਡਰੋਨ ਉਡਦੇ ਨਜ਼ਰ ਆਉਂਦੇ ਹਨ। ਸਰਹੱਦੀ ਇਲਾਕਿਆਂ 'ਚ ਰਹਿਣ ਵਾਲੇ ਲੋਕ ਜਾਗ ਕੇ ਰਾਤਾਂ ਕੱਟ ਰਹੇ ਹਨ। ਦੱਸ ਦੇਈਏ ਕਿ ਪਾਕਿ ਵਲੋਂ ਆਉਣ ਵਾਲੇ ਅਜਿਹੇ ਡਰੋਨਾਂ ਦੀਆਂ ਕੁਝ ਲੋਕਾਂ ਵਲੋਂ ਵੀਡੀਓ ਵੀ ਬਣਾਈਆਂ ਗਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਬੀ.ਐੱਸ.ਐੱਫ., ਪੁਲਸ ਅਤੇ ਦੂਜੇ ਸੁਰੱਖਿਆਂ ਅਧਿਕਾਰੀ ਪੂਰੀ ਤਰ੍ਹਾਂ ਨਾਲ ਚੌਕਸ ਹੋ ਗਏ ਹਨ। ਇਸ ਸਬੰਧੀ ਜਦੋਂ ਡੀ.ਐੱਸ.ਪੀ. ਸੁਖਵਿੰਦਰ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਐੱਸ.ਪੀ.ਐੱਚ.ਜੀ.ਐੱਸ. ਚੀਮਾਂ ਤੇ ਐੱਸ.ਪੀ. (ਡੀ) ਬਲਜੀਤ ਸਿੰਘ ਨੇ ਕਿਹਾ ਕਿ ਵੀਰਵਾਰ ਨੂੰ ਉਡਣ ਵਾਲੇ ਪਕਿਸਤਾਨੀ ਡਰੋਨਾਂ ਦੇ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।