ਆਲ-ਡੇਅਰੀ ਵਿਕਾਸ ਵਿਭਾਗ ਦਾ ਇੰਸਪੈਕਟਰ 5 ਹਜ਼ਾਰ ਦੀ ਰਿਸ਼ਵਤ ਲੈਂਦਾ ਗ੍ਰਿਫਤਾਰ

Thursday, Feb 13, 2020 - 05:25 PM (IST)

ਆਲ-ਡੇਅਰੀ ਵਿਕਾਸ ਵਿਭਾਗ ਦਾ ਇੰਸਪੈਕਟਰ 5 ਹਜ਼ਾਰ ਦੀ ਰਿਸ਼ਵਤ ਲੈਂਦਾ ਗ੍ਰਿਫਤਾਰ

ਫਿਰੋਜ਼ਪੁਰ (ਕੁਮਾਰ, ਮਨਦੀਪ) - ਵਿਜੀਲੈਂਸ ਵਿਭਾਗ ਫਿਰੋਜ਼ਪੁਰ ਨੇ ਡੇਅਰੀ ਵਿਕਾਸ ਵਿਭਾਗ ਫਿਰੋਜ਼ਪਰ ਦੇ ਇੰਸਪੈਕਟਰ ਕੁਲਦੀਪ ਸਿੰਘ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਸਰਕਾਰੀ ਤੇ ਪ੍ਰਾਈਵੇਟ ਗਵਾਹਾਂ ਦੀ ਮੌਜੂਦਗੀ ’ਚ ਗ੍ਰਿਫਤਾਰ ਕਰ ਲਿਆ। ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਵਿਜੀਲੈਂਸ ਫਿਰੋਜ਼ਪੁਰ ਹਰਗੋਬਿੰਦ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਡੇਅਰੀ ਫਾਰਮਿੰਗ ਵਿਭਾਗ ਫਿਰੋਜ਼ਪੁਰ ਤੋਂ ਕੈਨੇਰਾ ਬੈਂਕ ਵਲੋਂ ਕਰਜ਼ਾ ਲਿਆ ਹੋਇਆ ਸੀ। ਲੋਨ ਦੀ ਸਬਸਿਡੀ ਲੈਣ ਲਈ ਕੇਸ ਪੂਰਾ ਕਰਕੇ ਉੱਪਰ ਭੇਜਣ ਅਤੇ ਸਬਸਿਡੀ ਆਉਣ ਮਗਰੋਂ ਬਾਕੀ ਰਕਮ ਲੈਣ ਲਈ ਇੰਸਪੈਕਟਰ ਨੇ ਸ਼ਿਕਾਇਤਕਰਤਾ ਤੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ। ਰਿਸ਼ਵਤ ਦੇ 5 ਹਜ਼ਾਰ ਰੁਪਏ ਉਸ ਨੇ ਪਹਿਲਾ ਲੈ ਲਏ। 

ਬਾਕੀ ਰਹਿੰਦੀ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਜਦੋਂ ਇੰਸਪੈਕਟਰ ਕੁਲਦੀਪ ਸਿੰਘ ਆਇਆ ਤਾਂ ਵਿਜੀਲੈਂਸ ਵਿਭਾਗ ਦੀ ਟੀਮ ਨੇ ਸ਼ਿਕਾਇਤਕਰਤਾ ਸਰਬਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਦੀ ਸੂਚਨਾ ’ਤੇ ਤਫਤੀਸ਼ੀ ਅਫਸਰ ਸਤਪ੍ਰੇਮ ਸਿੰਘ ਇੰਸਪੈਕਟਰ ਮੋਗਾ ਦੀ ਅਗਵਾਈ ਹੇਠ ਉਸ ਨੂੰ ਕਾਬੂ ਕਰ ਲਿਆ। ਵਿਜੀਲੈਂਸ ਵਿਭਾਗ ਦੀ ਟੀਮ ਸਣੇ ਇਸ ਮੌਕੇ ਸਰਕਾਰੀ ਗਵਾਹ ਡਾਕਟਰ ਅਮਨਦੀਪ ਸਿੰਘ ਵੈਟਰਨਰੀ ਅਫਸਰ ਅਤੇ ਰਜਨੀਸ਼ ਕੁਮਾਰ ਏ. ਡੀ. ਓ. ਖੇਤੀਬਾੜੀ ਵਿਭਾਗ ਵੀ ਮੌਜੂਦ ਸਨ। 
 


author

rajwinder kaur

Content Editor

Related News