ਦਾਣਾ ਮੰਡੀ ਬੱਧਨੀ ਕਲਾਂ ’ਚ ਨਹੀਂ ਹੋਈ ਕਣਕ ਦੀ ਆਮਦ, ਏਜੰਸੀਆਂ ਦੀ ਅਲਾਟਮੈਂਟ ਹੋਈ

Monday, Apr 03, 2023 - 06:20 PM (IST)

ਦਾਣਾ ਮੰਡੀ ਬੱਧਨੀ ਕਲਾਂ ’ਚ ਨਹੀਂ ਹੋਈ ਕਣਕ ਦੀ ਆਮਦ, ਏਜੰਸੀਆਂ ਦੀ ਅਲਾਟਮੈਂਟ ਹੋਈ

ਬੱਧਨੀ ਕਲਾਂ (ਮਨੋਜ) : ਪੰਜਾਬ ਸਰਕਾਰ ਵੱਲੋਂ ਇਸ ਵਾਰ ਹਾੜ੍ਹੀ ਦੇ ਸੀਜ਼ਨ ਦੀ ਮੁੱਖ ਫਸਲ ਕਣਕ ਦੀ ਖਰੀਦ ਕਰਨ ਲਈ 1 ਅਪ੍ਰੈਲ ਤੋਂ 31 ਮਈ ਤੱਕ ਮੰਡੀਆਂ ਖੁੱਲ੍ਹੀਆਂ ਰੱਖਣ ਦੇ ਐਲਾਨ ਕੀਤੇ ਗਏ ਹਨ, ਜਿਸ ਤਹਿਤ ਮੰਡੀਆਂ ਵਿਚ ਸਫਾਈ ਆਦਿ ਦੇ ਪ੍ਰਬੰਧ ਮੁਕੰਮਲ ਕਰਨ ਲਈ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ ਪਰ ਮੰਡੀਆਂ ਵਿਚ ਦੌਰਾ ਕਰਨ ’ਤੇ ਪਤਾ ਲੱਗਾ ਕਿ ਇਸ ਵਾਰ ਹੋਈ ਬੇ-ਮੌਸਮੀ ਭਾਰੀ ਬਾਰਿਸ਼ ਨਾਲ ਕਣਕ ਅਤੇ ਹੋਰ ਮੌਸਮੀ ਫਸਲਾਂ ਦਾ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਇਸ ਕਰ ਕੇ ਅਜੇ ਤੱਕ ਮੰਡੀ ਵਿਚ ਕਣਕ ਦੀ ਫਸਲ ਦੀ ਆਮਦ ਸ਼ੁਰੂ ਨਹੀਂ ਹੋਈ ਅਤੇ ਅਜੇ ਵੀ ਕੁਝ ਦਿਨ ਹੋਰ ਪਛੜਨ ਦੇ ਆਸਾਰ ਹਨ। ਮੰਡੀ ਬੋਰਡ ਅਧਿਕਾਰੀਆਂ ਨੇ ਦੱਸਿਆ ਕਿ ਕਣਕ ਦੀ ਖਰੀਦ ਲਈ ਏਜੰਸੀਆਂ ਦੀ ਅਲਾਟਮੈਂਟ ਕਰ ਦਿੱਤੀ ਹੈ, ਜਿਸ ਤਹਿਤ ਮਾਰਕੀਟ ਕਮੇਟੀ ਬੱਧਨੀ ਕਲਾਂ ਅਧੀਨ ਪੈਂਦੀਆਂ ਮੰਡੀਆਂ, ਮੁੱਖ ਯਾਰਡ ਬੱਧਨੀ ਕਲਾਂ ਵਿਚ ਪਨਗ੍ਰੇਨ, ਪਨਸਪ ਅਤੇ ਵੇਅਰ ਹਾਊਸ, ਪਿੰਡ ਰਣੀਆਂ ਅਤੇ ਮੀਨੀਆਂ ਮੰਡੀ ਵਿਚ ਪਨਸਪ ਅਤੇ ਵੇਅਰਹਾਊਸ, ਮੰਡੀ ਰਾਉਕੇ ਕਲਾਂ ਵਿਚ ਵੇਅਰਹਾਊਸ, ਲੋਪੋਂ ਅਤੇ ਰਾਮਾਂ ਮੰਡੀ ਵਿਚ ਪਨਸਪ, ਬਿਲਾਸਪੁਰ ਵਿਚ ਮਾਰਕਫੈੱਡ ਅਤੇ ਪਿੰਡ ਬੁੱਟਰ ਕਲਾਂ ਵਿਚ ਪਨਗ੍ਰੇਨ ਆਦਿ ਖਰੀਦ ਏਜੰਸੀਆਂ ਦੀ ਖਰੀਦ ਹੈ।

ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਮੰਡੀਆਂ ਵਿਚ ਸਫਾਈ, ਛਾਂ ਅਤੇ ਪਾਣੀ ਆਦਿ ਦੇ ਪ੍ਰਬੰਧ ਮੁਕੰਮਲ ਕਰਨ ਦਾ ਠੇਕਾ ਦਿੱਤਾ ਜਾ ਚੁੱਕਾ ਹੈ, ਪਰ ਇਸ ਵਾਰ ਕਿਸਾਨਾਂ ਵੱਲੋਂ ਸਰ੍ਹੋਂ ਦੀ ਫਸਲ ਵੱਡੀ ਪੱਧਰ ’ਤੇ ਉਗਾਈ ਗਈ, ਜਿਸ ਨੂੰ ਗਾਹੁਣ ਲਈ ਕਿਸਾਨਾਂ ਵੱਲੋਂ ਸਰ੍ਹੋਂ ਦੀ ਫਸਲ ਕੱਟ ਕੇ ਮੰਡੀ ਵਿਚ ਢੇਰ ਲਗਾ ਦਿੱਤੇ ਗਏ ਹਨ, ਜਿਸ ਕਰ ਕੇ ਮੰਡੀਆਂ ਵਿਚ ਸਫਾਈ ਕਰਨ ਲਈ ਥੋੜੀ ਦਿੱਕਤ ਆ ਰਹੀ, ਪਰ ਆਉਣ ਵਾਲੇ ਦਿਨਾਂ ’ਚ ਸਫਾਈ ਅਤੇ ਹੋਰ ਖਰੀਦ ਪ੍ਰਬੰਧਾਂ ਦਾ ਢੁਕਵਾਂ ਹੱਲ ਹੋ ਜਾਵੇਗਾ।


author

Gurminder Singh

Content Editor

Related News