ਫਾਜ਼ਿਲਕਾ ਦੀ ਹੈਰਾਨੀਜਨਕ ਘਟਨਾ, ਅਦਲਾ-ਬਦਲੀ ਹੋਈ ਲਾਸ਼, ਸਸਕਾਰ ਮਗਰੋਂ ਪਹੁੰਚਿਆ ਪਰਿਵਾਰ ਤਾਂ ਪਿਆ ਬਖੇੜਾ
Tuesday, Dec 13, 2022 - 11:27 AM (IST)
 
            
            ਫਾਜ਼ਿਲਕਾ (ਨਾਗਪਾਲ) : ਇਸਨੂੰ ਸਿਵਲ ਹਸਪਤਾਲ ਫਾਜ਼ਿਲਕਾ ਪ੍ਰਸ਼ਾਸਨ ਦੀ ਵੱਡੀ ਲਾਪ੍ਰਵਾਹੀ ਕਿਹਾ ਜਾਵੇ ਜਾਂ ਇਕ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਗ਼ਲਤੀ, ਜਿਨ੍ਹਾਂ ਨੇ ਲਾਸ਼ ਦੀ ਪਛਾਣ ਕੀਤੇ ਬਿਨਾਂ ਮੋਰਚਰੀ ’ਚ ਰੱਖੀ ਕਿਸੇ ਹੋਰ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ। ਇਸ ਕਾਰਨ ਮ੍ਰਿਤਕ, ਜਿਸਦਾ ਅੰਤਿਮ ਸੰਸਕਾਰ ਕੀਤਾ ਗਿਆ , ਦੇ ਪਰਿਵਾਰਕ ਮੈਂਬਰਾਂ ’ਚ ਬੇਹੱਦ ਰੋਸ ਹੈ ਅਤੇ ਉਨ੍ਹਾਂ ਨੇ ਸਿਵਲ ਹਸਪਤਾਲ ’ਚ ਰੋਸ ਧਰਨਾ ਲਗਾ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਕ ਫਾਜ਼ਿਲਕਾ ਉਪ-ਮੰਡਲ ਦੇ ਸਰਹੱਦੀ ਪਿੰਡ ਮੰਡੀ ਹਜ਼ੂਰ ਸਿੰਘ ਵਾਸੀ ਜੰਗੀਰ ਸਿੰਘ (58) ਦੀ ਬੀਤੇ ਦਿਨੀਂ ਟਰੈਕਟਰ ਹੇਠਾਂ ਆਉਣ ਨਾਲ ਮੌਤ ਹੋ ਗਈ ਸੀ। ਉਸਦੀ ਲਾਸ਼ ਨੂੰ ਪੁਲਸ ਕਾਰਵਾਈ ਅਤੇ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ’ਚ ਰੱਖਿਆ ਗਿਆ ਸੀ। ਹਸਪਤਾਲ ਦੀ ਮੋਰਚਰੀ ’ਚ ਹੀ ਫਾਜ਼ਿਲਕਾ ਉਪ-ਮੰਡਲ ਦੇ ਪਿੰਡ ਘੱਟਿਆਂਵਾਲੀ ਵਾਸੀ ਹਰਬੰਸ ਸਿੰਘ, ਜਿਸਦੀ ਟਰੇਨ ਹੇਠਾਂ ਆਉਣ ਨਾਲ ਮੌਤ ਹੋ ਗਈ, ਦੀ ਲਾਸ਼ ਵੀ ਰੱਖੀ ਹੋਈ ਸੀ।
ਇਹ ਵੀ ਪੜ੍ਹੋ- ਡਾਕਟਰ ਨੇ ਵੀਡੀਓ ਕਾਲ ’ਤੇ ਕਰਵਾਈ ਡਿਲਿਵਰੀ, ਮਾਂ-ਬੱਚੇ ਦੀ ਹੋਈ ਮੌਤ, ਰੋ-ਰੋ ਹਾਲੋ-ਬੇਹਾਲ ਹੋਇਆ ਪਰਿਵਾਰ
ਜਾਣਕਾਰੀ ਦਿੰਦਿਆਂ ਮੰਡੀ ਹਜੂਰ ਸਿੰਘ ਵਾਸੀ ਹਰਦੀਪ ਸਿੰਘ ਅਤੇ ਗੁਰਨਾਮ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਨੂੰ ਜੰਗੀਰ ਸਿੰਘ ਦੇ ਪਰਿਵਾਰਕ ਮੈਂਬਰ ਪੁਲਸ ਕਾਰਵਾਈ ਪੂਰੀ ਹੋਣ ਅਤੇ ਪੋਸਟਮਾਰਟਮ ਹੋਣ 'ਤੇ ਜੰਗੀਰ ਦੀ ਲਾਸ਼ ਲੈਣ ਲਈ ਸਿਵਲ ਹਸਪਤਾਲ ਪੁੱਜੇ। ਜਦੋਂ ਹਸਪਤਾਲ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਅੰਤਿਮ ਸੰਸਕਾਰ ਲਈ ਲਾਸ਼ ਦਿੱਤੀ ਤਾਂ ਪਰਿਵਾਰ ਵਾਲੇ ਇਹ ਦੇਖ ਕੇ ਹੈਰਾਨ ਰਹਿ ਗਏ ਅਤੇ ਦੁਖੀ ਹੋ ਗਏ, ਕਿਉਂਕਿ ਲਾਸ਼ ਜੰਗੀਰ ਸਿੰਘ ਦੀ ਨਹੀਂ ਸੀ। ਇਸ ’ਤੇ ਉਨ੍ਹਾਂ ਨੇ ਲਾਸ਼ ਨੂੰ ਮੋਰਚਰੀ ’ਚ ਹੀ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਹਪਸਤਾਲ ਪ੍ਰਸਾਸ਼ਨ ਦੀ ਵੱਡੀ ਲਾਪ੍ਰਵਾਹੀ ਹੈ। ਇਸ ਮਾਮਲੇ ’ਚ ਰੋਹ ’ਚ ਆਏ ਪਿੰਡ ਵਾਸੀਆਂ ਨੇ ਬੀਤੀ ਸ਼ਾਮ ਕਰੀਬ 5 ਵਜੇ ਹਸਪਤਾਲ ਦਾ ਮੁੱਖ ਗੇਟ ਬੰਦ ਕਰ ਕੇ ਰੋਸ ਧਰਨਾ ਲਗਾ ਦਿੱਤਾ।ਧਰਨੇ 'ਤੇ ਪੁਲਸ ਅਧਿਕਾਰੀ ਉਥੇ ਪੁੱਜੇ ਹੋਏ ਸਨ।
ਇਹ ਵੀ ਪੜ੍ਹੋ- ਮੁਕਤਸਰ ’ਚ ਕਣਕ ਚੋਰੀ ਕਰਨ ਦੀ ਦਿੱਤੀ ਤਾਲਿਬਾਨੀ ਸਜ਼ਾ, ਵੀਡੀਓ ਦੇਖ ਖੜ੍ਹੇ ਹੋ ਜਾਣਗੇ ਰੌਂਗਟੇ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            