ਫਾਜ਼ਿਲਕਾ ਪੁਲਸ ਅਤੇ ਨਸ਼ਾ ਤਸਕਰਾਂ ਦੀ ਸ਼ਰਮਨਾਕ ਕਹਾਣੀ
Tuesday, Jun 25, 2019 - 03:42 PM (IST)

ਫਾਜ਼ਿਲਕਾ (ਸੁਨੀਲ ਨਾਗਪਾਲ) - ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੀ ਪੰਜਾਬ ਪੁਲਸ ਇਕ ਵਾਰ ਫਿਰ ਆਪਣੇ ਕਾਰਨਾਮੇ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਜਿਹਾ ਹੀ ਇਕ ਮਾਮਲਾ ਅਬੋਹਰ ਦੇ ਪਿੰਡ ਅਮਰਪੁਰਾ ਦਾ ਸਾਹਮਣੇ ਆਇਆ ਹੈ, ਜਿੱਥੋ ਦੀ ਪੁਲਸ 'ਤੇ 2 ਨੌਜਵਾਨਾਂ ਨੇ ਝੂਠਾ ਪਰਚਾ ਦਰਜ ਕਰਨ ਦੇ ਦੋਸ਼ ਲਗਾਏ ਹਨ। ਪੀੜਤ ਦਾਰਾ ਸਿੰਘ ਤੇ ਉਮੈਦ ਸਿੰਘ ਨੇ ਦੱਸਿਆ ਕਿ ਪੁਲਸ ਮੁਲਾਜ਼ਮ ਪਹਿਲਾਂ ਉਨ੍ਹਾਂ ਦੀ ਗੈਰ ਮੌਜੂਦਗੀ 'ਚ ਉਨ੍ਹਾਂ ਦੇ ਘਰ ਦੇ ਬਾਹਰੋਂ ਗੱਡੀ ਚੁੱਕ ਕੇ ਲੈ ਗਏ ਤੇ ਬਾਅਦ 'ਚ ਕਿਸੇ ਹੋਰ ਪਿੰਡ ਦੇ ਨਾਕੇ ਤੋਂ ਗੱਡੀ 'ਚ ਨਾਜਾਇਜ਼ ਸ਼ਰਾਬ ਮਿਲਣ ਦਾ ਮਾਮਲਾ ਬਣਾ ਕੇ ਉਨ੍ਹਾਂ 'ਤੇ ਨਾਜਾਇਜ਼ ਪਰਚਾ ਦਰਜ ਕਰ ਦਿੱਤਾ। ਦੋਵਾਂ ਨੌਜਵਾਨਾਂ ਨੇ ਦੋਸ਼ ਲਗਾਇਆ ਕਿ ਪੁਲਸ ਨੇ ਸ਼ਰਾਬ ਠੇਕੇਦਾਰ ਦੀ ਸ਼ੈਅ 'ਤੇ ਇਸ ਕਾਰਨਾਮੇ ਨੂੰ ਅੰਜਾਮ ਦਿੱਤਾ ਹੈ। ਪੀੜਤ ਨੌਜਵਾਨਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੈ, ਜਿਸ ਤੋਂ ਉਹ ਸਾਬਿਤ ਕਰ ਸਕਦੇ ਹਨ ਕਿ ਅਸਲ ਦੋਸ਼ੀ ਕੌਣ ਹੈ।
ਇੰਨਾ ਹੀ ਨਹੀਂ ਪਿੰਡ ਦੇ ਲੋਕਾਂ ਨੇ ਵੀ ਪੁਲਸ ਵਿਭਾਗ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦਿਆਂ ਦੋਵਾਂ ਨੌਜਵਾਨਾਂ 'ਤੇ ਝੂਠਾ ਪਰਚਾ ਦਰਜ ਹੋਣ ਦੀ ਗੱਲ ਆਖੀ ਹੈ। ਜਦੋਂ ਇਸ ਮਾਮਲੇ ਦੇ ਸਬੰਧੀ ਥਾਣਾ ਸਦਰ ਦੇ ਐੱਸ. ਐੱਚ. ਓ. ਰਣਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ 12 ਜੂਨ ਦਾ ਹੈ ਤੇ ਥਾਣੇ 'ਚ ਉਨ੍ਹਾਂ ਦੀ ਤਾਇਨਾਤੀ 15 ਜੂਨ ਨੂੰ ਹੋਈ ਹੈ। ਉਨ੍ਹਾਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਗੱਲ ਕਹੀ। ਦੱਸ ਦੇਈਏ ਕਿ ਦੋਵਾਂ ਪੀੜਤ ਨੌਜਵਾਨਾਂ ਵਲੋਂ ਪੁਲਸ ਪ੍ਰਸ਼ਾਸਨ 'ਤੇ ਲਗਾਏ ਦੋਸ਼ਾਂ ਨੇ ਕੀਤੇ-ਨਾ-ਕੀਤੇ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।