ਸੈਰ-ਸਪਾਟਾ ਦਿਵਸ 'ਤੇ ਖਾਸ, ਫਾਜ਼ਿਲਕਾ 'ਤੇ ਹੋਵੇ ਗੌਰ ਤਾਂ ਬਣ ਸਕਦਾ ਹੈ ਟੂਰਿਸਟ ਹੱਬ

01/25/2020 3:21:58 PM

ਫਾਜ਼ਿਲਕਾ (ਨਾਗਪਾਲ) : ਪੰਜਾਬੀਆਂ ਨੂੰ ਘੁੰਮਣ-ਫਿਰਨ ਦਾ ਬਹੁਤ ਸ਼ੌਂਕ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ 25 ਜਨਵਰੀ ਯਾਨੀ ਅੱਜ ਰਾਸ਼ਟਰੀ ਸੈਰ-ਸਪਾਟਾ ਦਿਵਸ ਹੈ। ਪੰਜਾਬ 'ਚ ਵੀ ਕਈ ਥਾਵਾਂ ਹਨ ਜਿਨ੍ਹਾਂ 'ਤੇ ਜੇਕਰ ਕੇਂਦਰ ਅਤੇ ਰਾਜ ਸਰਕਾਰ ਗੌਰ ਕਰੇ ਤਾਂ ਉਨ੍ਹਾਂ ਨੂੰ ਟੂਰਿਸਟ ਹੱਬ ਬਣਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਇਤਿਹਾਸਕ ਸ਼ਹਿਰ ਫਾਜ਼ਿਲਕਾ ਵਿਚ ਵੀ ਅਜਿਹੀਆਂ ਕਈ ਥਾਵਾਂ ਹਨ, ਜੋ ਦੇਖਣਯੋਗ ਹਨ ਅਤੇ ਉਨ੍ਹਾਂ ਨੂੰ ਸੈਰ-ਸਪਾਟੇ ਵਾਲੀਆਂ ਥਾਵਾਂ ਵਜੋਂ ਵਿਕਸਿਤ ਕੀਤਾ ਜਾ ਸਕਦਾ ਹੈ।

ਖੰਡਰ ਹੁੰਦੀਆਂ ਇਤਿਹਾਸਕ ਇਮਾਰਤਾਂ
ਫਾਜ਼ਿਲਕਾ ਦੇ ਇਤਿਹਾਸਕਾਰ ਅਤੇ ਸ਼ਹਿਰ ਦੀਆਂ ਇਤਿਹਾਸਕ ਬਿਲਡਿੰਗਾਂ ਨੂੰ ਹੈਰੀਟੇਜ ਬਿਲਡਿੰਗਾਂ ਦਾ ਦਰਜਾ ਦਿਵਾਉਣ ਲਈ ਸੰਘਰਸ਼ ਕਰ ਰਹੇ ਲੇਖਕ ਲਛਮਣ ਦੋਸਤ ਨੇ ਦੱਸਿਆ ਕਿ ਸ਼ਹਿਰ ਦੇ ਬੰਗਲਾ, ਗੋਲ ਕੋਠੀ ਅਤੇ ਰਘੂਵਰ ਭਵਨ ਨੂੰ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਬੋਰਡ ਵੱਲੋਂ ਅਕਤੂਬਰ 2014 'ਚ ਹੈਰੀਟੇਜ ਦਾ ਦਰਜਾ ਦਿੱਤਾ ਗਿਆ, ਜਿਸਦੀ ਰਾਜ ਸਰਕਾਰ ਵੱਲੋਂ ਨੋਟੀਫਿਕੇਸ਼ਨ ਪ੍ਰਕਾਸ਼ਿਤ ਕੀਤੀ ਗਈ। ਇਸ ਮਗਰੋਂ ਇਨ੍ਹਾਂ ਇਮਾਰਤਾਂ ਨੂੰ ਹੈਰੀਟੇਜ ਬਿਲਡਿੰਗ ਵਜੋਂ ਐਲਾਨ ਤਾਂ ਕਰ ਦਿੱਤਾ ਗਿਆ ਪਰ ਨਾ ਤਾਂ ਇਨ੍ਹਾਂ ਲਈ ਕੋਈ ਫੰਡ ਮੁਹੱਈਆ ਕਰਵਾਇਆ ਗਿਆ ਅਤੇ ਨਾ ਹੀ ਇਨ੍ਹਾਂ ਦੀ ਦੇਖ-ਰੇਖ ਲਈ ਕੋਈ ਅਮਲੀ ਯੋਜਨਾ ਬਣਾਈ ਗਈ। ਹੈਰਾਨੀ ਦੀ ਗੱਲ ਹੈ ਕਿ ਵਿਭਾਗ ਵੱਲੋਂ ਅਜੇ ਤੱਕ ਇਨ੍ਹਾਂ ਬਿਲਡਿੰਗਾਂ 'ਤੇ ਹੈਰੀਟੇਜ ਬਿਲਡਿੰਗਾਂ ਦੇ ਬੋਰਡ ਵੀ ਨਹੀਂ ਲਾਏ ਗਏ।

PunjabKesari

ਸ਼ਹੀਦਾਂ ਦੀ ਸਮਾਧ ਆਸਫਵਾਲਾ
ਭਾਰਤ ਅਤੇ ਪਾਕਿਸਤਾਨ ਦਰਮਿਆਨ ਫਾਜ਼ਿਲਕਾ ਸੈਕਟਰ 'ਚ ਦੋ ਜੰਗਾਂ ਲੜੀਆਂ ਗਈਆਂ। ਇਨ੍ਹਾਂ 'ਚੋਂ 1971 'ਚ 3 ਤੋਂ 17 ਦਸੰਬਰ ਤੱਕ ਭਿਆਨਕ ਜੰਗ ਚੱਲੀ। ਇਸ ਜੰਗ 'ਚ ਮੂਲ ਰੂਪ 'ਚ 4 ਜਾਟ ਬਟਾਲੀਅਨ ਦੇ ਸ਼ਹੀਦ ਹੋਏ 82 ਸੈਨਿਕ ਅਧਿਕਾਰੀਆਂ ਅਤੇ ਜਵਾਨਾਂ ਦੀ ਯਾਦ 'ਚ ਸ਼ਹੀਦਾਂ ਦੀ ਸਮਾਧੀ ਆਸਫਵਾਲਾ ਬਣਾਈ ਗਈ। ਬਾਅਦ 'ਚ ਇਸ ਸਮਾਧੀ ਦਾ ਵਿਸਤਾਰ ਕੀਤਾ ਗਿਆ ਅਤੇ ਫਾਜ਼ਿਲਕਾ ਸੈਕਟਰ 'ਚ ਸ਼ਹੀਦ ਹੋਏ ਹੋਰ ਰੈਜੀਮੈਂਟਾਂ ਦੇ ਸੈਨਿਕਾ ਅਤੇ ਬੀ. ਐੱਸ. ਐੱਫ. ਦੇ ਜਵਾਨਾਂ ਦੀ ਯਾਦ 'ਚ 3 ਯਾਦਗਾਰੀ ਸਤੰਭ ਅਤੇ ਇਕ ਵਾਰ ਮਿਊੁਜ਼ੀਅਮ ਬਣਾਇਆ ਗਿਆ, ਜਿਸ 'ਚ ਜੰਗ 'ਚ ਸ਼ਹੀਦ ਹੋਏ ਸੈਨਿਕਾਂ ਦੀਆਂ ਫੋਟੋਆਂ ਅਤੇ ਵੀਰਤਾ ਮੈਡਲ ਲੈਣ ਵਾਲੇ ਸੈਨਿਕਾਂ ਦੇ ਬੁੱਤ ਲਾਏ ਗਏ ਹਨ। ਇਲਾਕਾ ਵਾਸੀਆਂ ਦੀ ਮੰਗ ਹੈ ਕਿ ਇਸ ਨੂੰ ਕੌਮੀ ਯਾਦਗਾਰ ਦਾ ਦਰਜਾ ਦਿੱਤਾ ਜਾਵੇ ਅਤੇ ਸਿੱਖਿਆ ਬੋਰਡ ਦੀਆਂ ਕਿਤਾਬਾਂ 'ਚ ਸਮਾਧੀ ਬਾਰੇ ਪੜ੍ਹਾਇਆ ਜਾਵੇ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਇਸ ਬਾਰੇ ਜਾਣਕਾਰੀ ਮਿਲ ਸਕੇ।

PunjabKesari

ਰੀਟ੍ਰੀਟ ਸੈਰੇਮਨੀ ਦੇਖਣ ਲਈ ਬੱਸ ਚਲਾਈ ਜਾਵੇ
ਪੰਜਾਬ 'ਚ ਭਾਰਤ-ਪਾਕਿ ਸਰਹੱਦ 'ਤੇ ਤਿੰਨ ਥਾਵਾਂ 'ਤੇ ਰੋਜ਼ਾਨਾ ਰੀਟ੍ਰੀਟ ਸੈਰੇਮਨੀ ਹੁੰਦੀ ਹੈ। ਅੰਮ੍ਰਿਤਸਰ 'ਚ ਵਾਹਗਾ, ਫਿਰੋਜ਼ਪੁਰ 'ਚ ਹੁਸੈਨੀਵਾਲਾ ਤੋਂ ਇਲਾਵਾ ਫਾਜ਼ਿਲਕਾ ਸੈਕਟਰ 'ਚ ਸਾਦਕੀ ਬਾਰਡਰ 'ਤੇ ਰੀਟ੍ਰੀਟ ਸੈਰੇਮਨੀ ਹੁੰਦੀ ਹੈ। ਫਾਜ਼ਿਲਕਾ ਤੋਂ ਕਰੀਬ 13 ਕਿਲੋਮੀਟਰ ਦੂਰ ਸਾਦਕੀ ਬਾਰਡਰ 'ਤੇ ਰੋਜ਼ਾਨਾ ਸੈਂਕੜੇ ਲੋਕ ਜਾਂਦੇ ਹਨ। ਇਸ ਥਾਂ 'ਤੇ ਪੁੱਜਣ ਲਈ ਕੋਈ ਸਰਕਾਰੀ ਪ੍ਰਬੰਧ ਨਹੀਂ ਹੈ। ਬਾਰਡਰ ਵਿਕਾਸ ਫਰੰਟ ਦੇ ਪ੍ਰਧਾਨ ਅਤੇ ਬੀ. ਐੱਸ. ਐੱਫ. ਅਤੇ ਪਬਲਿਕ ਦੇ ਕੋਆਰਡੀਨੇਟਰ ਲੀਲਾਧਰ ਸ਼ਰਮਾ ਨੇ ਮੰਗ ਕੀਤੀ ਹੈ ਕਿ ਰੋਜ਼ਾਨਾ ਸ਼ਾਮ ਨੂੰ ਇਥੇ ਜਾਣ ਲਈ ਮੁਫਤ ਬੱਸ ਚਲਾਈ ਜਾਵੇ ਤਾਂ ਕਿ ਸਾਦਕੀ ਬਾਰਡਰ ਅਤੇ ਸ਼ਹੀਦਾਂ ਦੀ ਸਮਾਧ ਲਈ ਜਾਣ ਵਾਲਿਆਂ ਦੀ ਗਿਣਤੀ 'ਚ ਵਾਧਾ ਹੋਵੇ।

PunjabKesari

ਫਾਜ਼ਿਲਕਾ ਦੀ ਪੁਰਾਣੀ ਬਿਲਡਿੰਗ ਰਘੂਵਰ ਭਵਨ
ਫਾਜ਼ਿਲਕਾ ਦੀ ਨਵੀਂ ਆਬਾਦੀ ਦੇ ਅਖੀਰਲੇ ਕਿਨਾਰੇ 'ਤੇ ਬਣਿਆ ਰਘੂਵਰ ਭਵਨ 1901 'ਚ ਬਣਾਇਆ ਗਿਆ ਸੀ, ਜਿਸ ਨੂੰ ਬਾਅਦ 'ਚ ਐੱਮ. ਆਰ. ਕਾਲਜ ਦੇ ਬਾਨੀ ਸੇਠ ਮੁਨਸ਼ੀ ਰਾਮ ਨੇ ਖਰੀਦ ਲਿਆ। ਲੋਕਾਂ ਵੱਲੋਂ ਅੰਦੋਲਨ ਕਰਨ ਮਗਰੋਂ ਪੰਜਾਬ ਸਰਕਾਰ ਵੱਲੋਂ 31 ਅਕਤੂਬਰ, 2014 ਨੂੰ ਇਸ ਨੂੰ ਵਿਰਾਸਤ ਭਵਨ ਦਾ ਦਰਜਾ ਦਿੱਤਾ ਗਿਆ। ਲੋਕਾਂ ਦੀ ਮੰਗ ਹੈ ਕਿ ਇਸਦੀ ਹੋਂਦ ਨੂੰ ਬਚਾਉਣ ਲਈ ਸਰਕਾਰ ਫੰਡ ਜਾਰੀ ਕਰੇ ਤਾਂ ਕਿ ਇਸਦੀ ਵਿਰਾਸਤੀ ਦਿੱਖ ਕਾਇਮ ਰਹਿ ਸਕੇ।

PunjabKesari

ਹਰ ਵਿਅਕਤੀ ਦੀ ਜ਼ੁਬਾਨ 'ਤੇ ਸੀ ਬੰਗਲਾ
ਬ੍ਰਿਟਿਸ਼ ਸਰਕਾਰ ਵੱਲੋਂ ਫਾਜ਼ਿਲਕਾ 'ਚ 1844 'ਚ ਪਹਿਲਾ ਸਿਆਸੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਪੈਟਰਿਕ ਐਲਿਗਜੈਂਡਰ ਵੰਸ ਐਗਨਿੳੂ ਨੂੰ ਨਿਯੁਕਤ ਕੀਤਾ ਗਿਆ ਸੀ। ਬ੍ਰਿਟਿਸ਼ ਸਰਕਾਰ ਦੇ ਹੁਕਮ ਮੁਤਾਬਕ ਬਹਾਵਲਪੁਰ ਦੇ ਨਵਾਬ ਮੁਹੰਮਦ ਬਲਾਵਲ ਖਾਨ ਤੀਜੇ ਤੋਂ ਇਹ ਜਗ੍ਹਾ ਲਈ ਗਈ। ਵੰਸ ਐਗਨਿਊ ਨੇ ਬਾਧਾ ਝੀਲ (ਜਿਸਦੀ ਹੋਂਦ ਹੁਣ ਮਿਟ ਚੁੱਕੀ ਹੈ) ਦੇ ਕਿਨਾਰੇ ਇਕ ਵਿਸ਼ਾਲ ਬੰਗਲੇ ਦੀ ਉਸਾਰੀ ਕਰਵਾਈ। ਇਸ 'ਚ ਸਰਕਾਰੀ ਕੰਮ ਹੋਣ ਲੱਗੇ ਅਤੇ ਇਸਦਾ ਨਾਂ ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਗਿਆ ਅਤੇ ਇਹ ਸ਼ਹਿਰ ਬੰਗਲੇ ਦੇ ਨਾਂ ਨਾਲ ਮਸ਼ਹੂਰ ਹੋ ਗਿਆ। ਸਿਰਸਾ ਤੋਂ ਇਲਾਵਾ ਮਾਲਵਾ ਅਤੇ ਸਤਲੁਜ ਇਲਾਕੇ ਦੀਆਂ ਮੀਟਿੰਗਾਂ ਵੀ ਇਥੇ ਹੁੰਦੀਆਂ ਸਨ। ਇਸ ਨੂੰ ਵੀ ਰਾਜ ਸਰਕਾਰ ਵੱਲੋਂ ਵਿਰਾਸਤੀ ਦਰਜਾ ਪ੍ਰਾਪਤ ਹੈ। ਮੌਜੂਦਾ ਸਮੇਂ 'ਚ ਇਹ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਾ ਅਧਿਕਾਰਕ ਨਿਵਾਸ ਹੈ।

PunjabKesari

ਬ੍ਰਿਟਿਸ਼ ਅਧਿਕਾਰੀਆਂ ਦੀ ਆਰਾਮਗਾਹ ਸੀ ਗੋਲ ਕੋਠੀ
ਫਾਜ਼ਿਲਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਸਥਿਤ ਗੋਲ ਕੋਠੀ ਰੀਕ੍ਰਿਏਸ਼ਨ ਕਲੱਬ ਬ੍ਰਿਟਿਸ਼ ਸਾਮਰਾਜ 'ਚ 1913 'ਚ ਹੋਂਦ ਿਵਚ ਆਈ ਸੀ। ਇਸਦਾ ਸਹੀ ਨਾਂ ਬੋਸਵਰਥ ਸਮਿਥ ਰੀਕ੍ਰਿਏਸ਼ਨ ਕਲੱਬ ਹੈ। ਬ੍ਰਿਟਿਸ਼ ਅਧਿਕਾਰੀਆਂ ਨੇ ਬੰਗਲੇ ਤੱਕ ਪੁੱਜਣ ਵਾਲੇ ਹਰੇਕ ਨੇਤਾ ਅਤੇ ਅਧਿਕਾਰੀ ਦੇ ਮਨੋਰੰਜਨ ਲਈ ਇਸਦੀ ਉਸਾਰੀ ਕਰਵਾਈ ਸੀ। ਇਹ ਇਮਾਰਤ ਛੇਭੁਜਾ ਨੀਂਹ ਆਧਾਰ 'ਤੇ ਬਣਾਈ ਗਈ ਹੈ। ਇਸਦੀ ਇਮਾਰਤ ਮਹਿਲਨੁਮਾ ਅਤੇ ਗੋਲਾਕਾਰ ਹੋਣ ਕਾਰਣ ਇਸਨੂੰ ਗੋਲ ਕੋਠੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਨੂੰ ਵੀ ਰਾਜ ਸਰਕਾਰ ਵੱਲੋਂ ਵਿਰਾਸਤੀ ਦਰਜਾ ਦਿੱਤਾ ਗਿਆ ਹੈ।

175 ਸਾਲ ਦੀ ਹੋ ਗਈ ਹਵੇਲੀ
ਫਾਜ਼ਿਲਕਾ ਦੇ ਘੰਟਾਘਰ ਦੇ ਨੇੜੇ ਸਥਿਤ ਹਵੇਲੀ ਦੀ ਉਸਾਰੀ ਸੇਠ ਆਈਦਾਨ ਨੇ 1845 'ਚ ਸ਼ੁਰੂ ਕਰਵਾਈ ਸੀ। ਉਨ੍ਹਾਂ ਨੇ ਦੋ ਕਮਰੇ, ਬਾਹਰ ਦੇ ਚੌਕ ਅਤੇ ਮੁੱਖ ਦਰਵਾਜ਼ੇ ਦੀ ਉਸਾਰੀ ਕਰਵਾਈ। ਬਾਕੀ ਹਿੱਸਾ 1918-1920 'ਚ ਸੇਠ ਸ਼ੋਪਤ ਰਾਮ ਪੇੜੀਵਾਲ ਨੇ ਬਣਵਾਇਆ। ਹਵੇਲੀ ਦੇ ਕਮਰਿਆਂ ਦੀਆਂ ਦੀਵਾਰਾਂ 'ਤੇ ਪੋਰਸ਼ਲੀਨ ਟਾਈਲਾਂ ਅਤੇ ਛੱਤਾਂ 'ਤੇ ਸਿਲਵਰ ਪੇਂਟ ਅਤੇ ਫਾਲਸ ਸੀਲਿੰਗ ਦੀ ਉਸਾਰੀ 1935 'ਚ ਕਰਵਾਈ ਗਈ। ਭਾਰਤ ਦੀ ਵੰਡ ਤੋਂ ਪਹਿਲਾਂ ਨਗਰ ਕੌਂਸਲ ਫਾਜ਼ਿਲਕਾ ਦੇ ਪ੍ਰਧਾਨ ਰਹੇ ਸੇਠ ਸ਼ੋਪਤ ਰਾਮ ਪੇੜੀਵਾਲ, ਮੀਤ ਪ੍ਰਧਾਨ ਰਹੇ ਮਦਨ ਗੋਪਾਲ ਅਤੇ ਵੰਡ ਮਗਰੋਂ ਪ੍ਰਧਾਨ ਰਹੇ ਲਕਸ਼ਮੀ ਨਾਰਾਇਣ ਪੇੜੀਵਾਲ ਦਾ ਜਨਮ ਇਸ ਹਵੇਲੀ 'ਚ ਹੀ ਹੋਇਆ। ਪੇੜੀਵਾਲ ਖਾਨਦਾਨ ਦੇ ਸੁਸ਼ੀਲ ਪੇੜੀਵਾਲ ਵੱਲੋਂ ਮੁੜ ਤੋਂ ਇਸਨੂੰ ਪੁਰਾਣੀ ਅਤੇ ਸ਼ਾਨਦਾਰ ਦਿੱਖ ਦਿੱਤੀ ਗਈ ਹੈ।

PunjabKesari

ਫਾਜ਼ਿਲਕਾ ਦੀ ਸ਼ਾਨ ਹੈ ਘੰਟਾਘਰ
ਫਾਜ਼ਿਲਕਾ ਦੇ ਸ਼ਹਿਰ ਵਿਚਕਾਰ ਰਾਮ ਨਾਰਾਇਣ ਘੰਟਾਘਰ ਦੀ ਉਸਾਰੀ ਕੀਤੀ ਗਈ, ਜਿਸਦਾ ਉਦਘਾਟਨ 6 ਜੂਨ 1939 ਨੂੰ ਜ਼ਿਲਾ ਫਿਰੋਜ਼ਪੁਰ ਦੇ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਐੱਮ. ਆਰ. ਸਚਦੇਵ ਨੇ ਕੀਤਾ। ਇਸਦੇ ਨਿਰੀਖਣਕਰਤਾ ਮੁਹੰਮਦ ਅਬਦੁਲ ਕਰੀਮ ਅਤੇ ਮੈਂਬਰ ਪਬਲਿਕ ਵਰਕਸ ਸਬ ਕਮੇਟੀ ਫਾਜ਼ਿਲਕਾ ਲਾਲਾ ਕਰਮ ਚੰਦ ਅਤੇ ਸੇਠ ਜਸ ਰਾਜ ਸਨ। ਸੈਕਟਰੀ ਮਨੋਹਰ ਲਾਲ ਅਤੇ ਠੇਕੇਦਾਰ ਸ. ਨਾਰਾਇਣ ਸਿੰਘ ਸਨ। ਇਸਦੇ ਆਰਕੀਟੈਕਟਰ ਮਿਸਟਰ ਐੱਸ. ਡੀ. ਵਾਸਨ ਭਵਨ ਕਲਾ 'ਚ ਮਾਹਿਰ ਸਨ। ਇਹ ਅਨੂਠੀ ਇਮਾਰਤ ਕਰੀਬ 95 ਫੁੱਟ ਉੱਚੀ ਹੈ। ਘੰਟਾਘਰ ਦੇ ਚਾਰੇ ਪਾਸੇ ਹਿੰਦੀ, ਪੰਜਾਬੀ, ਅੰਗਰੇਜ਼ੀ ਅਤੇ ਉਰਦੂ ਭਾਸ਼ਾ 'ਚ ਇਸਦੇ ਉਦਘਾਟਨ ਦੇ ਬੋਰਡ ਲਾਏ ਗਏ ਹਨ। ਘੰਟਾਘਰ ਦੇ ਚਾਰੇ ਪਾਸੇ ਲੱਗੇ ਘੰਟੇ ਦੀ ਆਵਾਜ਼ ਰਾਤ ਦੇ ਸਮੇਂ ਕਰੀਬ 6 ਕਿਲੋਮੀਟਰ ਦੂਰ ਅਤੇ ਦਿਨ ਦੇ ਸਮੇਂ 2 ਕਿਲੋਮੀਟਰ ਦੀ ਦੂਰੀ ਤੱਕ ਸੁਣਾਈ ਦਿੰਦੀ ਹੈ। ਇਸਦੀ ਤਸਵੀਰ ਪੰਜਾਬ ਦੀ ਆਰਟ ਗੈਲਰੀ ਚੰਡੀਗੜ੍ਹ ਵਿਖੇ ਲੱਗੀ ਹੋਈ ਹੈ।

PunjabKesari

ਟੀ. ਵੀ. ਟਾਵਰ ਨਾਲ ਰੁਕਿਆ ਪਾਕਿਸਤਾਨ ਦਾ ਕੂੜ ਪ੍ਰਚਾਰ
ਭਾਰਤ ਦੀ ਆਜ਼ਾਦੀ ਮਗਰੋਂ ਪਾਕਿਸਤਾਨ ਨੇ ਭਾਰਤ ਪ੍ਰਤੀ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ ਸੀ। 1965 ਦੀ ਜੰਗ ਮਗਰੋਂ ਪਾਕਿਸਤਾਨ ਨੇ ਹੌਲੀ-ਹੌਲੀ ਬਹਾਵਲਪੁਰ, ਫੈਸਲਾਬਾਦ, ਲਾਇਲਪੁਰ, ਮੁਲਤਾਨ, ਇਸਲਾਮਾਬਾਦ, ਸਿਆਲਕੋਟ ਅਤੇ ਮਿਆਂਵਾਲੀ 'ਚ ਰੇਡੀਓ ਅਤੇ ਟੈਲੀਵਿਜ਼ਨ ਸੈਂਟਰ ਬਣਾ ਲਏ ਅਤੇ ਸੰਚਾਰ ਜ਼ਰੀਏ ਭਾਰਤ ਪ੍ਰਤੀ ਆਪਣਾ ਕੂੜ ਪ੍ਰਚਾਰ ਸ਼ੁਰੂ ਕਰ ਦਿੱਤਾ। ਭਾਰਤ ਨੇ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਲਿਆ ਅਤੇ ਸਭ ਤੋਂ ਪਹਿਲਾਂ ਉਸ ਵੇਲੇ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਪਾਕਿਸਤਾਨ ਦੇ ਨਾਪਾਕ ਇਰਾਦਿਆਂ 'ਤੇ ਲਗਾਮ ਲਾਉਣ ਲਈ ਫਿਰੋਜ਼ਪੁਰ, ਫਾਜ਼ਿਲਕਾ, ਪਠਾਨਕੋਟ ਜਾਂ ਅੰਮ੍ਰਿਤਸਰ 'ਚ ਦੋ ਸੈਂਟਰ ਬਣਾਉਣ ਲਈ ਕਿਹਾ। ਇਸ ਮਗਰੋਂ ਜਦੋਂ ਇਹ ਮਾਮਲਾ ਸ਼੍ਰੀਮਤੀ ਇੰਦਰਾ ਗਾਂਧੀ ਕੋਲ ਪੁੱਜਾ ਤਾਂ ਉਨ੍ਹਾਂ ਨੇ ਇਸਦੀ ਪ੍ਰਵਾਨਗੀ ਦਿੱਤੀ ਅਤੇ ਜਦੋਂ ਇਸ ਕੰਮ 'ਚ ਦੇਰੀ ਹੋਈ ਤਾਂ ਫਾਜ਼ਿਲਕਾ ਦੇ ਲੀਲਾਧਰ ਸ਼ਰਮਾ ਨੇ ਹੋਰ ਆਗੂਆਂ ਨਾਲ ਭਾਰਤ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਸਾਹਮਣੇ ਇਹ ਮੁੱਦਾ ਚੁੱਕਿਆ। ਉਨ੍ਹਾਂ ਨੇ 1986 'ਚ ਇਸ ਪ੍ਰਾਜੈਕਟ 'ਤੇ ਮੋਹਰ ਲਾ ਦਿੱਤੀ ਅਤੇ ਫਾਜ਼ਿਲਕਾ ਵਿਖੇ ਦੇਸ਼ ਦਾ ਸਭ ਤੋਂ ਉੱਚਾ ਟੀ. ਵੀ. ਟਰਾਂਸਮਿਸ਼ਨ ਟਾਵਰ ਜਿਸਦੀ ਉਚਾੲੀ 302.2 ਮੀਟਰ ਹੈ, ਬਣਾਇਆ ਗਿਆ।

PunjabKesari

ਪੱਤਣ ਪੋਸਟ 'ਤੇ ਲੋਕਾਂ ਲਈ ਵੀ ਚਲਾਈਆਂ ਜਾਣ ਮੋਟਰ ਬੋਟਸ
ਇਸ ਤੋਂ ਇਲਾਵਾ ਫਾਜ਼ਿਲਕਾ ਦੀ ਪੱਤਣ ਪੋਸਟ ਨੂੰ ਵੀ ਸੈਰ-ਸਪਾਟੇ ਦੇ ਨਜ਼ਰੀਏ ਨਾਲ ਕੇਂਦਰ ਬਣਾਇਆ ਜਾ ਸਕਦਾ ਹੈ। ਇਸ ਥਾਂ 'ਤੇ ਸਤਲੁਜ ਦਰਿਆ 'ਚ ਸੈਰ ਲਈ ਮੋਟਰ ਬੋਟਸ ਵੀ ਚਲਾਈਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਇਥੋਂ ਪੇਂਡੂ ਪਿਛੋਕੜ ਵਾਲੇ ਕੁਦਰਤੀ ਨਜ਼ਾਰਿਆਂ ਅਤੇ ਸਤਲੁਜ ਦੀ ਜਲਧਾਰਾ ਦੇ ਕੁਦਰਤੀ ਦ੍ਰਿਸ਼ਾਂ ਨੂੰ ਵੀ ਦੇਖਿਆ ਜਾ ਸਕਦਾ ਹੈ।


cherry

Content Editor

Related News