ਫਾਜ਼ਿਲਕਾ ਦੇ ਕਾਲਜ 'ਚ ਝੜਪ, ਮਾਹੌਲ ਤਣਾਅਪੂਰਨ

Tuesday, Mar 12, 2019 - 04:30 PM (IST)

ਫਾਜ਼ਿਲਕਾ ਦੇ ਕਾਲਜ 'ਚ ਝੜਪ, ਮਾਹੌਲ ਤਣਾਅਪੂਰਨ

ਫਾਜ਼ਿਲਕਾ (ਨਾਗਪਾਲ, ਲੀਲਾਧਰ) - ਫਾਜ਼ਿਲਕਾ ਦੇ ਐੱਮ.ਆਰ. ਸਰਕਾਰੀ ਕਾਲਜ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਦੌਰਾਨ ਕਾਲਜ ਦੇ ਪ੍ਰੋਫੈਸਰ ਅਤੇ ਵਿਦਿਆਰਥੀਆਂ 'ਚ ਝੜਪ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਧਰਨੇ ਨੂੰ ਲੈ ਕੇ ਹੋਈ ਇਸ ਝੜਪ 'ਚ ਕਾਲਜ ਦੇ ਪ੍ਰੋਫੈਸਰ ਅਤੇ ਇਕ ਵਿਦਿਆਰਥੀ ਦੋਵੇਂ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਕਾਲਜ ਵਿਦਿਆਰਥੀਆਂ ਨੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਬੈਨਰ ਹੇਠ ਦਲਿਤ ਵਿਦਿਆਰਥੀਆਂ ਤੋਂ ਫੀਸਾਂ ਮੰਗਣ ਅਤੇ ਹੋਰ ਮੰਗਾਂ ਨੂੰ ਲੈ ਕੇ ਵਿਰੋਧ ਧਰਨਾ ਲਾਇਆ ਹੋਇਆ ਸੀ। ਇਸ ਦੌਰਾਨ ਕਾਲਜ ਦੇ ਪ੍ਰੋਫੈਸਰ ਪ੍ਰਦੀਪ ਸਿੰਘ ਨੇ ਧਰਨਾ ਦੇ ਰਹੇ ਵਿਦਿਆਰਥੀਆਂ ਨੂੰ ਕਾਲਜ ਕੰਪਲੈਕਸ 'ਚੋਂ ਬਾਹਰ ਧਰਨਾ ਲਾਉਣ ਲਈ ਕਿਹਾ। ਇਸ ਮਗਰੋਂ ਹੋਈ ਝੜਪ 'ਚ ਪ੍ਰੋਫੈਸਰ ਦੇ ਹੱਥ ਅਤੇ ਸਿਰ 'ਤੇ ਸੱਟ ਲੱਗ ਗਈ। ਪ੍ਰੋਫੈਸਰ ਨੇ ਦੱਸਿਆ ਕਿ ਬੀਤੇ ਕੁਝ ਸਮੇਂ ਤੋਂ ਕੁਝ ਵਿਦਿਆਰਥੀ ਕਾਲਜ ਦਾ ਮਾਹੌਲ ਖਰਾਬ ਕਰ ਰਹੇ ਹਨ। ਝੜਪ ਦੌਰਾਨ ਜ਼ਖਮੀ ਵਿਦਿਆਰਥੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰੋਫੈਸਰ ਨੇ ਕੁਝ ਹੋਰ ਲੋਕਾਂ ਨਾਲ ਮਿਲ ਕੇ ਉਸ 'ਤੇ ਹਮਲਾ ਕੀਤਾ ਹੈ, ਜਿਸ ਕਾਰਨ ਉਸ ਦੀ ਪੱਗੜੀ ਉੱਤਰ ਗਈ ਅਤੇ ਕੱਪੜੇ ਫੱਟ ਗਏ। 

ਦੱਸ ਦੇਈਏ ਕਿ ਇਸ ਤੋਂ ਬਾਅਦ ਵਿਦਿਆਰਥੀਆਂ ਨੇ ਸ਼ਹਿਰ 'ਚ ਰੋਸ ਮਾਰਚ ਕਰਦਿਆਂ ਥਾਣਾ ਸਿਟੀ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ। ਵਿਦਿਆਰਥੀਆਂ ਨੇ ਕਿਹਾ ਕਿ ਸਰਕਾਰ ਵਲੋਂ ਦਲਿਤ ਵਿਦਿਆਰਥੀਆਂ ਦੀਆਂ ਫੀਸਾਂ ਮੁਆਫ ਹੋਣ ਦੇ ਬਾਵਜੂਦ ਕਾਲਜ ਮੈਨੇਜਮੈਂਟ ਵਲੋਂ ਉਨ੍ਹਾਂ ਤੋਂ ਫੀਸ ਦੀ ਮੰਗ ਕੀਤੀ ਜਾਂਦੀ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਨਾਮ ਚੰਦ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਆਪਣੀ ਫੀਸ ਅਦਾ ਨਹੀਂ ਕੀਤੀ, ਉਨ੍ਹਾਂ ਦਾ ਨਾਂ ਨਿਯਮਾਂ ਮੁਤਾਬਕ ਕੱਟਿਆ ਗਿਆ ਹੈ ਪਰ ਕੁਝ ਵਿਦਿਆਰਥੀ ਬਿਨਾਂ ਕਾਰਨ ਕਾਲਜ ਦਾ ਮਾਹੌਲ ਖਰਾਬ ਕਰ ਰਹੇ ਹਨ। ਝੜਪ ਦੌਰਾਨ ਕਾਲਜ 'ਚ ਪੁਲਸ ਪੁੱਜ ਗਈ ਅਤੇ ਹਾਲਤ 'ਤੇ ਕਾਬੂ ਪਾਇਆ। ਸੰਪਰਕ ਕਰਨ 'ਤੇ ਥਾਣਾ ਸਿਟੀ ਦੇ ਇੰਚਾਰਜ ਪ੍ਰੇਮ ਨਾਥ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਮਗਰੋਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।


author

rajwinder kaur

Content Editor

Related News