ਭਰਾ ਤੋਂ ਬਦਲਾ ਲੈਣ ਲਈ ਪੁੱਤਰ ਸਣੇ ਪਰਿਵਾਰ ਦੇ 7 ਜੀਅ ਨਹਿਰ 'ਚ ਡੋਬ ਕੇ ਮਾਰੇ
Friday, Oct 04, 2019 - 04:14 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ) - ਫਾਜ਼ਿਲਕਾ ਦੇ ਪਿੰਡ ਜੰਡਵਾਲਾ ਮੀਰਾ ਸਾਂਗਲਾ ਵਿਖੇ ਗੰਗ ਨਹਿਰ 'ਚ ਕਾਰ ਡਿੱਗਣ ਕਾਰਨ ਇਕੋ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਜਾਣ ਦੇ ਮਾਮਲੇ ਨੂੰ ਫਾਜ਼ਿਲਕਾ ਦੀ ਪੁਲਸ ਨੇ ਸੁਲਝਾ ਲਿਆ ਹੈ। ਪੁਲਸ ਨੇ 7 ਲੋਕਾਂ ਦੇ ਕਤਲ ਕਰਨ ਦੇ ਦੋਸ਼ 'ਚ ਪਰਿਵਾਰ ਦੇ ਹੀ ਇਕ ਮੈਂਬਰ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਜੋ ਇਸ ਹਾਦਸੇ 'ਚ ਬਚ ਗਿਆ ਸੀ। ਕਾਬੂ ਕੀਤੇ ਦੋਸ਼ੀ ਖਿਲਾਫ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਫਾਜ਼ਿਲਕਾ ਜਗਦੀਸ਼ ਕੁਮਾਰ ਨੇ ਕਿਹਾ ਕਿ ਦੋਸ਼ੀ ਬਲਵਿੰਦਰ ਸਿੰਘ ਨੇ ਪੁਲਸ ਜਾਂਚ ਦੌਰਾਨ ਆਪਣਾ ਦੋਸ਼ ਕਬੂਲ ਕਰ ਲਿਆ ਕਿ ਉਸ ਨੇ ਯੋਜਨਾ ਬਣਾ ਕੇ ਆਪਣੇ ਪੂਰੇ ਪਰਿਵਾਰ ਦਾ ਕਤਲ ਕੀਤਾ ਹੈ।
ਦੋਸ਼ੀ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਘਰ 'ਚ ਹੋਏ ਘਰੇਲੂ ਝਗੜੇ ਦਾ ਬਦਲਾ ਲੈਣ ਲਈ ਆਪਣੇ ਸਾਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਦਾ ਕਹਿਣਾ ਕਿ ਸਹੁਰੇ ਪਰਿਵਾਰ ਨੇ ਬਲਵਿੰਦਰ ਦੇ ਬਚ ਜਾਣ 'ਤੇ ਸ਼ੱਕ ਦੇ ਆਧਾਰ 'ਤੇ ਉਸ ਖਿਲਾਫ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਨੇ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ। ਦੱਸ ਦੇਈਏ ਕਿ ਹੁਣ ਇਸ ਪਰਿਵਾਰ 'ਚ ਸਿਰਫ ਦਾਦਾ, ਪੋਤਾ ਰਹਿ ਗਏ ਹਨ।
ਪਿੰਡ ਦੇ ਸਰਪੰਚ ਮੁਤਾਬਕ ਘਰ ਦੇ ਮੈਂਬਰਾਂ ਨੇ ਦੋਸ਼ੀ ਬਲਵਿੰਦਰ ਨੂੰ ਉਸ ਦੇ ਮਾੜੇ ਕੰਮਾਂ ਕਾਰਨ ਕੁੱਟਿਆ ਸੀ, ਜਿਸ ਦਾ ਬਦਲਾ ਲੈਣ ਲਈ ਉਸ ਨੇ ਇਹ ਸਾਰੀ ਸਾਜਿਸ਼ ਰਚੀ ਅਤੇ ਗੱਡੀ ਉਹ ਖੁਦ ਚਲਾ ਰਿਹਾ ਸੀ। ਗੱਡੀ 'ਚ ਉਹ ਆਪ, ਉਸ ਦੀ ਮਾਂ, ਭਰਾ, ਭਾਬੀ, ਭਤੀਜਾ, ਭਤੀਜੀ ਅਤੇ ਉਸ ਦਾ ਆਪਣਾ ਪੁੱਤਰ ਸਵਾਰ ਸਨ, ਜਿਨ੍ਹਾਂ ਨੂੰ ਉਸ ਨੇ ਮਾਰ ਦਿੱਤਾ।