ਫਤਿਹਵੀਰ ਸਬੰਧੀ ਭਗਵੰਤ ਮਾਨ ਨੇ ਕੀਤੀ ਕੇਂਦਰੀ ਗ੍ਰਹਿ ਮੰਤਰਾਲੇ ਤਕ ਪਹੁੰਚ

Monday, Jun 10, 2019 - 08:26 PM (IST)

ਫਤਿਹਵੀਰ ਸਬੰਧੀ ਭਗਵੰਤ ਮਾਨ ਨੇ ਕੀਤੀ ਕੇਂਦਰੀ ਗ੍ਰਹਿ ਮੰਤਰਾਲੇ ਤਕ ਪਹੁੰਚ

ਚੰਡੀਗਡ਼੍ਹ(ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਬੋਰਵੈੱਲ ’ਚ ਫਸੇ ਫਤਿਹਵੀਰ ਸਿੰਘ ਦੇ ਬਚਾਅ ਲਈ ਕੇਂਦਰੀ ਗ੍ਰਹਿ ਮੰਤਰਾਲੇ ਤੱਕ ਪਹੁੰਚ ਕੀਤੀ ਹੈ। ਪਾਰਟੀ ਹੈੱਡਕੁਆਰਟਰ ਰਾਹੀਂ ਭਗਵੰਤ ਮਾਨ ਨੇ 5 ਦਿਨਾਂ ਤੋਂ ਬੈਰਵੈੱਲ ’ਚ ਫਸੇ 2 ਸਾਲਾ ਫਤਿਹਵੀਰ ਸਿੰਘ ਨੂੰ ਅਜੇ ਤੱਕ ਨਾ ਕੱਢੇ ਜਾ ਸਕਣ ’ਤੇ ਗਹਿਰੀ ਚਿੰਤਾ ਅਤੇ ਅਫ਼ਸੋਸ ਜਤਾਇਆ। ਉਨ੍ਹਾਂ ਕਿਹਾ ਕਿ 21ਵੀਂ ਸਦੀ ’ਚ ਮਨੁੱਖ ਤਕਨੀਕ ਅਤੇ ਮਸ਼ੀਨਰੀ ਦੇ ਸਹਾਰੇ ਪਤਾਲ ਤੋਂ ਆਕਾਸ਼ ਤੱਕ ਪੁੱਜ ਗਿਆ ਹੈ ਪਰ ਅਸੀਂ ਬੋਰਵੈੱਲ ’ਚ ਫਸੇ ਫਤਿਹਵੀਰ ਤੱਕ ਨਹੀਂ ਪਹੁੰਚ ਸਕੇ। ਇਹ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਜ਼ੁਕ ਦੀ ਘਡ਼ੀ ’ਚ ਉਹ ਦੂਸ਼ਣਬਾਜ਼ੀ ’ਚ ਨਹੀਂ ਪੈਣਾ ਚਾਹੁੰਦੇ ਪਰ ਭਵਿੱਖ ’ਚ ਅਜਿਹੀ ਘਟਨਾ ਨਾ ਵਾਪਰੇ ਅਤੇ ਅਜਿਹੀ ਚੁਣੌਤੀ ਨਾਲ ਕਿਵੇਂ ਤੁਰੰਤ ਨਿਪਟਿਆ ਜਾਵੇ, ਇਸ ’ਤੇ ਚਿੰਤਨ ਕਰਨਾ ਜ਼ਰੂਰੀ ਹੈ।

ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਅੱਜ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਬਿਨਾਂ ਦੇਰੀ ਮਾਹਿਰਾਂ ਦੀ ਟੀਮ ਅਤੇ ਆਧੁਨਿਕ ਮਸ਼ੀਨਰੀ ਭੇਜੀ ਜਾਵੇ, ਕਿਉਂਕਿ 94 ਘੰਟਿਆਂ ਤੱਕ ਵੀ ਫਤਿਹਵੀਰ ਤੱਕ ਪਹੁੰਚਣ ਦੇ ਯਤਨ ਅਸਫਲ ਰਹਿਣ ਕਾਰਨ ਆਮ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਰਿਹਾ ਹੈ ਅਤੇ ਬੇਚੈਨੀ ਵਧਦੀ ਜਾ ਰਹੀ ਹੈ। ਭਗਵੰਤ ਮਾਨ ਨੇ ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਭਵਿੱਖ ’ਚ ਅਜਿਹੀ ਚੁਣੌਤੀ ਨਾਲ ਤੁਰੰਤ ਨਿਪਟੇ ਜਾਣ ਲਈ ਨਾ ਸਿਰਫ ਪੰਜਾਬ ਬਲਕਿ ਹਰੇਕ ਸੂਬੇ ’ਚ ਅਤਿ ਆਧੁਨਿਕ ਮਸ਼ੀਨਰੀ ਐੱਨ.ਡੀ.ਆਰ.ਐੱਫ.ਜਾਂ ਮਾਹਿਰਾਂ ਦੇ ਹੋਰ ਸੈਂਟਰਾਂ ਨੂੰ ਉਪਲਬਧ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਉਹ ਆਗਾਮੀ ਬਜਟ ਸੈਸ਼ਨ ਦੌਰਾਨ ਇਸ ਤਰ੍ਹਾਂ ਦੇ ਅਤਿ-ਆਧੁਨਿਕ ਮਸ਼ੀਨਰੀ ਅਤੇ ਯੰਤਰਾਂ ਲਈ ਵਿਸ਼ੇਸ਼ ਬਜਟ ਦੀ ਤਜਵੀਜ਼ ਪੇਸ਼ ਕਰਨਗੇ।


author

satpal klair

Content Editor

Related News