ਬੰਗਾ ’ਚ ਵੱਡੀ ਵਾਰਦਾਤ, ਘਰੋਂ ਬੁਲਾ ਕੇ ਚਾਰ ਬੱਚਿਆਂ ਦੇ ਪਿਓ ਦਾ ਗੋਲ਼ੀ ਮਾਰ ਕੇ ਕਤਲ, ਸੜਕ ’ਤੇ ਸੁੱਟੀ ਲਾਸ਼
Wednesday, May 25, 2022 - 06:33 PM (IST)
ਬੰਗਾ (ਚਮਨ ਲਾਲ/ਰਾਕੇਸ਼) : ਇੱਥੋਂ ਦੇ ਨਜ਼ਦੀਕੀ ਪਿੰਡ ਸੱਲ ਕਲਾਂ ਵਿਖੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਚਾਰ ਬੱਚਿਆ ਦੇ ਪਿਉ ਨੂੰ ਗੋਲ਼ੀ ਮਾਰ ਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਤਲ ਹੋਏ ਅਮਰਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਦੀ ਪਤਨੀ ਕਿਰਨਜੋਤ ਕੋਰ ਨੇ ਪੁਲਸ ਨੂੰ ਦੱਸਿਆ ਕਿ ਸਵੇਰੇ ਪੌਣੇ ਕੁ ਗਿਆਰਾਂ ਵਜੇ ਉਸ ਦਾ ਪਤੀ ਅਤੇ ਚਾਰੇ ਬੱਚੇ ਅਤੇ ਉਹ ਖੁਦ ਆਪਣੇ ਘਰ ਵਿਚ ਮੋਜੂਦ ਸਨ। ਉਸ ਨੇ ਦੱਸਿਆ ਕਿ ਅਚਾਨਕ ਉਨ੍ਹਾਂ ਦੇ ਘਰ ਦਾ ਗੇਟ ਖੜਕਿਆ ਤਾਂ ਉਸ ਨੇ ਆਪਣੀ ਵੱਡੀ ਬੇਟੀ ਮਹਿਕਪ੍ਰੀਤ ਨੂੰ ਗੇਟ ਖੋਲ੍ਹਣ ਲਈ ਭੇਜਿਆ। ਉਸ ਨੇ ਦੱਸਿਆ ਕਿ ਜਿਵੇਂ ਹੀ ਉਸ ਦੀ ਬੇਟੀ ਮਹਿਕਪ੍ਰੀਤ ਨੇ ਗੇਟ ਖੋਲ੍ਹਿਆ ਤਾਂ ਇਕ ਨੌਜਵਾਨ ਗੇਟ ਦੇ ਘਰ ਦੇ ਬਾਹਰ ਖੜ੍ਹਾ ਸੀ ਅਤੇ ਦੂਜਾ ਕੁਝ ਦੂਰੀ ’ਤੇ ਮੋਟਰਸਾਈਕਲ ’ਤੇ ਸੀ। ਉਸ ਨੇ ਦੱਸਿਆ ਕਿ ਉਸ ਦੀ ਧੀ ਨੂੰ ਉਕਤ ਵਿਅਕਤੀ ਨੇ ਕਿਹਾ ਕਿ ਉਸ ਨੂੰ ਮੀਕੇ ਨਾਮੀ ਵਿਅਕਤੀ ਨੇ ਭੇਜਿਆ ਹੈ ਤੇ ਉਸਨੇ ਉਸਦੇ ਪਾਪਾ ਨੂੰ ਮਿਲਣਾ ਹੈ। ਉਸ ਨੇ ਦੱਸਿਆ ਉਸਦੀ ਬੇਟੀ ਉਸਦੀ ਗੱਲ ਸੁਣ ਕੇ ਅੰਦਰ ਆਈ ਅਤੇ ਆਪਣੇ ਪਾਪਾ ਨੂੰ ਇਸ ਦੀ ਜਾਣਕਾਰੀ ਦਿੱਤੀ ਤਾਂ ਅਮਰਜੀਤ ਜਲਦੀ ਨਾਲ ਬਾਹਰ ਗਿਆ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਨਾਲ ਹੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਚਲਾ ਗਿਆ। ਜਿਸ ਨੂੰ ਉਕਤ ਮੋਟਰਸਾਈਕਲ ਸਵਾਰ ਪਿੰਡ ਸੱਲ ਕਲ੍ਹਾਂ ਤੋ ਬਾਲੋ ਨੂੰ ਜਾਂਦੀ ਸੜਕ ’ਤੇ ਲੈ ਗਏ ਅਤੇ ਉਸ ਦੇ ਛਾਤੀ ਵਿਚ ਗੋਲੀ ਮਾਰ ਕੇ ਸੜਕ ’ਤੇ ਸੁੱਟ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ : ਤਿੰਨ ਪਿੰਡਾਂ ਦੇ ਮੁੰਡਿਆਂ ਨੇ ਲੜਾਈ ਦਾ ਪਾਇਆ ਸਮਾਂ, ਦੋਸਤ ਨਾਲ ਗਏ 16 ਸਾਲਾ ਲੜਕੇ ਦੀ ਝਗੜੇ ’ਚ ਹੋ ਗਈ ਮੌਤ
ਇਸ ਦੌਰਾਨ ਉੱਥੋਂ ਲੰਘ ਰਹੇ ਇਕ ਰਾਹਗੀਰ ਨੇ ਖੂਨ ਨਾਲ ਲਥਪਥ ਅਮਰਜੀਤ ਨੂੰ ਵੇਖਿਆ ਤਾਂ ਇਸ ਸਬੰਧੀ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਕਿਸਾਨ ਆਗੂ ਰਮਿੰਦਰ ਪਾਲ ਸਿੰਘ ਨੂੰ ਦੱਸਿਆ ਗਿਆ ਜਿਸ ਨੇ ਮ੍ਰਿਤਕ ਦੀ ਪਹਿਚਾਣ ਕਰਨ ਮਗਰੋਂ ਇਸਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਉਥੇ ਹੀ ਇਸ ਬਾਰੇ ਪਰਿਵਾਰਕ ਮੈਂਬਰਾ ਨੂੰ ਦੱਸਿਆ ਗਿਆ। ਉਸ ਦੇ ਪਤੀ ਅਮਰਜੀਤ ਸਿੰਘ ਨੂੰ ਕਿਸੇ ਨੇ ਗੋਲੀ ਮਾਰ ਕੇ ਮਾਰ ਦਿੱਤਾ ਹੈ। ਜਿਸ ਤੋਂ ਬਾਅਦ ਉਹ ਮੌਕੇ ’ਤੇ ਪੁੱਜ ਗਈ। ਵਾਰਦਾਤ ਦੀ ਸੂਚਨਾ ਮਿਲਦੇ ਹੀ ਬੰਗਾ ਸਦਰ ਪੁਲਸ ਦੇ ਐੱਸ. ਐੱਚ. ਓ. ਰਾਜੀਵ ਕੁਮਾਰ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜ ਗਏ ਅਤੇ ਵਾਰਦਾਤ ਦੀ ਸੂਚਨਾ ਆਪਣੇ ਉੱਚ ਅਧਿਕਾਰੀਆ ਨੂੰ ਦਿੱਤੀ। ਮੌਕੇ ਡੀ. ਐੱਸ. ਪੀ. ਬੰਗਾ ਗੁਰਪ੍ਰੀਤ ਸਿੰਘ, ਸਪੈਸ਼ਲ ਕਰਾਈਮ ਸੈੱਲ ਦੇ ਡੀ. ਐੱਸ. ਪੀ. ਲਖਵੀਰ ਸਿੰਘ, ਫੋਰੈਂਸਿਕ ਟੀਮਾਂ ਮੌਕੇ ’ਤੇ ਪੁੱਜ ਗਈਆਂ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ...ਜਦੋਂ ਟ੍ਰੈਫਿਕ ਪੁਲਸ ਨੇ ਕੱਟਿਆ ਭਾਜਪਾ ਆਗੂ ਦਾ ਚਾਲਾਨ, ਫਿਰ ਸੜਕ ’ਤੇ ਹੀ ਹੋ ਗਈ ਗਰਮਾ-ਗਰਮੀ (ਵੀਡੀਓ)
ਦੋ ਬੱਚੇ ਦੇਖਣ ਤੋਂ ਅਸਮਰੱਥ
ਇੱਥੇ ਵਰਨਣਯੋਗ ਹੈ ਕਿ ਅਮਰਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਦੇ ਚਾਰ ਬੱਚੇ ਹਨ ਜਿਨ੍ਹਾਂ ਵਿੱਚੋ ਤਿੰਨ ਲੜਕੀਆਂ ਅਤੇ ਇਕ ਲੜਕਾ ਹੈ ਅਤੇ ਇਨ੍ਹਾਂ ਵਿਚ ਇਕ ਬੇਟੀ ਤੇ ਬੇਟਾ ਅੱਖਾਂ ਤੋਂ ਦੇਖ ਵੀ ਨਹੀਂ ਸਕਦੇ ਜਦਕਿ ਅਮਰਜੀਤ ਸਿੰਘ ਮਜ਼ਦੂਰੀ ਕਰਕੇ ਇਨ੍ਹਾਂ ਦਾ ਪੇਟ ਪਾਲਦਾ ਸੀ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ’ਚੋਂ ਬਰਖਾਸਤ ਹੋਣ ਤੋਂ ਬਾਅਦ ਵਿਜੇ ਸਿੰਗਲਾ ਨੂੰ ਕੀਤਾ ਗਿਆ ਗ੍ਰਿਫ਼ਤਾਰ
ਕੀ ਕਹਿਣਾ ਹੈ ਡੀ. ਐੱਸ. ਪੀ. ਬੰਗਾ ਗੁਰਪ੍ਰੀਤ ਸਿੰਘ
ਇਸ ਸੰਬੰਧੀ ਜਦੋਂ ਮੌਕੇ ’ਤੇ ਪੁੱਜੇ ਡੀ. ਐੱਸ. ਪੀ. ਬੰਗਾ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਟੀਮਾਂ ਵੱਖ-ਵੱਖ ਤਰ੍ਹਾਂ ਨਾਲ ਜਾਂਚ ਕਰ ਰਹੀਆ ਹਨ ਅਤੇ ਜਲਦ ਹੀ ਕਾਤਲਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਕਾਨੂੰਨ ਮੁਤਾਬਿਕ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਵਾਰਦਾਤ ਸਬੰਧੀ ਜਦੋ ਪੁਲਸ ਵੱਲੋਂ ਪਿੰਡ ਦੇ ਵਿਚਕਾਰ ਬਣੇ ਸਾਝ ਕੇਂਦਰ ਅਤੇ ਹੋਰ ਨਿੱਜੀ ਇਮਾਰਤਾ ਵਿਚ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਉਕਤ ਮੋਟਰਸਾਈਕਲ ਸਵਾਰ ਕੈਮਰਿਆਂ ਵਿਚ ਕੈਦ ਹੋਏ ਨਜ਼ਰ ਆਏ।
ਇਹ ਵੀ ਪੜ੍ਹੋ : 20 ਸਾਲ ਤੋਂ ਕੁੜੀ ਨਾਲ ਆਸ਼ਰਮ ’ਚ ਹੋ ਰਿਹੈ ਸੀ ਜਬਰ-ਜ਼ਿਨਾਹ ਅਤੇ ਗੈਰ-ਕੁਦਰਤੀ ਸੰਭੋਗ, ਕਥਿਤ ਸਾਧ ’ਤੇ ਲੱਗੇ ਦੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?