ਪੁਰਤਗਾਲ 'ਚ 11 ਮਹੀਨਿਆਂ ਤੋਂ ਲਾਪਤਾ ਪਿਓ, ਮਾਂ ਨਹੀਂ ਦੇ ਰਹੀ ਕੋਈ ਜਵਾਬ, ਬੱਚਿਆਂ ਨੇ ਰੋ-ਰੋ ਸੁਣਾਇਆ ਦੁਖੜਾ
Wednesday, Oct 26, 2022 - 06:14 PM (IST)
ਕਪੂਰਥਲਾ/ਪੁਰਤਗਾਲ (ਸੋਨੂੰ)— ਇਕ ਪਾਸੇ ਜਿੱਥੇ ਦੁਨੀਆ ਦੀਵਾਲੀ ਮੌਕੇ ਤਿਉਹਾਰਾਂ ਦੀਆਂ ਖ਼ੁਸ਼ੀਆਂ ਮਨਾ ਰਹੀ ਹੈ, ਉਥੇ ਹੀ ਦੂਜੇ ਪਾਸੇ ਦੀਵਾਲੀ ਦੇ ਦਿਨ ਕਪੂਰਥਲਾ ਦੇ ਪਿੰਡ ਘੁੱਗ ਬੇਟ ਇਕ ਪਰਿਵਾਰ ਗਮ ’ਚ ਡੁੱਬਾ ਹੋਇਆ ਹੈ ਕਿਉਂਕਿ ਪੁਰਤਗਾਲ ’ਚ ਲਾਪਤਾ ਹੋਏ ਜਰਨੈਲ ਸਿੰਘ ਦਾ ਪਰਿਵਾਰ 11 ਮਹੀਨਿਆਂ ਤੋਂ ਧੱਕੇ ਖਾਣ ਨੂੰ ਮਜਬੂਰ ਹੈ। ਉਨ੍ਹਾਂ ਨੂੰ ਨਾ ਤਾਂ ਪੁਰਤਗਾਲ ਪੁਲਸ ਕੁਝ ਸਾਫ਼-ਸਾਫ਼ ਦੱਸ ਰਹੀ ਹੈ ਅਤੇ ਨਾ ਹੀ ਜਰਨੈਲ ਦੇ ਨਾਲ ਰਹਿਣ ਵਾਲੀ ਉਸ ਦੀ ਪਤਨੀ। ਪੰਜਾਬ ਰਹਿੰਦੇ ਜਰਨੈਲ ਸਿੰਘ ਦਾ 13 ਸਾਲ ਦਾ ਬੇਟਾ ਅਤੇ 15 ਸਾਲ ਦੀ ਬੇਟੀ ਦਾ ਰੋ-ਰੋ ਕੇ ਬੁਰਾ ਹਾਲ ਹੈ।
ਜਰਨੈਲ ਦਾ ਪੁੱਤ ਸੁਖਵਿੰਦਰ 3 ਸਾਲ ਦਾ ਸੀ ਜਦੋਂ ਪਿਤਾ ਜਰਨੈਲ ਸਿੰਘ ਵਿਦੇਸ਼ ਚਲੇ ਗਏ। ਪਿਛਲੇ 10 ਸਾਲ ਤੋਂ ਨਾ ਕਦੇ ਉਨ੍ਹਾਂ ਨੂੰ ਮਿਲਿਆ ਨਾ ਹੀ ਪਿਤਾ ਨੇ ਸੀਨੇ ਨਾਲ ਲਗਾਇਆ, ਹੁਣ ਪਿਛਲੇ 11 ਮਹੀਨਿਆਂ ਤੋਂ ਪਿਤਾ ਦੀ ਆਵਾਜ਼ ਨੂੰ ਸੁਣਨ ਨੂੰ ਵੀ ਉਸ ਦੇ ਕੰਨ੍ਹ ਤਰਸ ਗਏ ਹਨ। ਉਥੇ ਹੀ 15 ਸਾਲ ਦੀ ਜਸਮੀਨ ਨੂੰ ਯਾਦ ਨਹੀਂ ਕਿ ਕਦੇ ਉਹ ਆਪਣੇ ਪਿਤਾ ਨੂੰ ਮਿਲੀ ਸੀ ਅਤੇ ਹੁਣ ਤਾਂ 11 ਮਹੀਨਿਆਂ ਤੋਂ ਉਸ ਦੇ ਪਿਤਾ ਮੋਬਾਇਲ ’ਤੇ ਵੀ ਨਹੀਂ ਦਿਸੇ। ਉਥੇ ਹੀ ਮਾਂ ਜਸਪ੍ਰੀਤ ਕੌਰ ਜੋ ਉਨ੍ਹਾਂ ਨੂੰ ਛੱਡ ਕੇ ਪੁਰਤਗਾਲ ਚਲੀ ਗਈ ਅਤੇ ਹੁਣ ਪਰਿਵਾਰ ਜਸਪ੍ਰੀਤ ਕੌਰ ’ਤੇ ਜਰਨੈਲ ਨੂੰ ਗਾਇਬ ਕਰਨ ਦੇ ਗੰਭੀਰ ਦੋਸ਼ ਲਗਾ ਰਿਹਾ ਹੈ।
ਇਹ ਵੀ ਪੜ੍ਹੋ: ਪਹਿਲਾਂ ਔਰਤ ਨਾਲ ਬਣਾਏ ਨਾਜਾਇਜ਼ ਸੰਬੰਧ, ਫਿਰ ਛੁਟਕਾਰਾ ਪਾਉਣ ਲਈ ਦਿੱਤਾ ਕਤਲ ਦੀ ਵਾਰਦਾਤ ਨੂੰ ਅੰਜਾਮ
ਜਰਨੈਲ ਸਿੰਘ ਦੇ ਪਿਤਾ ਸੁਲਖਣ ਸਿੰਘ ਦਾ ਦੋਸ਼ ਹੈ ਕਿ ਜਸਪ੍ਰੀਤ ਕੌਰ ਦੇ ਕਿਸੇ ਹੋਰ ਨਾਲ ਗਲਤ ਸੰਬੰਧ ਹਨ, ਜਿਸ ਦੀ ਵੀਡੀਓ ਵੀ ਜਰਨੈਲ ਸਿੰਘ ਨੇ ਬਣਾਈ ਸੀ। ਜਰਨੈਲ 12 ਜਨਵਰੀ 2022 ਨੂੰ ਜਰਮਨ ਤੋਂ ਪੁਰਤਗਾਲ ਆਇਆ ਪਰ ਉਸ ਤੋਂ ਬਾਅਦ ਲਾਪਤਾ ਹੈ। ਉਸ ਦਾ ਪਾਸੋਪਰਟ ਅਤੇ ਸਾਰੇ ਕੱਪੜੇ ਪੁਰਤਗਾਲ ਵਿਖੇ ਘਰ ’ਚ ਹੀ ਹਨ ਪਰ ਉਸ ਦਾ ਕੋਈ ਪਤਾ ਨਹੀਂ। ਜਰਨੈਲ ਦੇ ਪਿਤਾ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦੀ ਨੂੰਹ ਨੇ ਜਰਨੈਲ ਨੂੰ ਗਾਇਬ ਕਰਵਾਇਆ ਹੈ ਕਿਉਂਕਿ ਜਰਨੈਲ ਸਿੰਘ ਉਸ ਦੇ ਸੰਪਰਕ ’ਚ ਸੀ ਅਤੇ ਆਖਰੀ ਵਾਰੀ ਜਦੋਂ ਪੁਰਤਗਾਲ ਆਇਆ ਤਾਂ ਉਸ ਨੇ ਕਿਹਾ ਕਿ ਘਰ ਪਹੁੰਚ ਗਿਆ ਹਾਂ, ਇਸ ਦੇ ਨਾਲ ਹੀ ਉਸ ਦੇ ਰੌਲਾ ਪਾਉਣ ਦੀ ਆਵਾਜ਼ ਆਈ ਅਤੇ ਇਹ ਵੀ ਕਹਿੰਦਾ ਸੁਣਾਈ ਦਿੱਤਾ ਕਿ ਇਹ ਲੋਕ ਮੈਨੂੰ ਮਾਰ ਦੇਣਗੇ।
ਦੋਵੇਂ ਬੱਚੇ ਅਤੇ ਬਜ਼ੁਰਗ ਪਿਤਾ ਸਰਕਾਰ ਨੂੰ ਰੋ-ਰੋ ਗੁਹਾਰ ਲਗਾ ਰਹੇ ਹਨ ਕਿ ਉਨ੍ਹਾਂ ਦੇ ਪੁੱਤਰ ਅਤੇ ਪਿਤਾ ਨੂੰ ਲੱਭਣ ’ਚ ਉਨ੍ਹਾਂ ਦੀ ਮਦਦ ਕੀਤੀ ਜਾਵੇ। ਉਥੇ ਹੀ ਜਸਪ੍ਰੀਤ ਦੇ ਪੰਜਾਬ ਆਉਣ ’ਤੇ ਉਨ੍ਹਾਂ ਨੇ ਪੁਲਸ ਨੂੰ ਇਸ ਦੀ ਸ਼ਿਕਾਇਤ ਕੀਤੀ ਪਰ ਪੰਜਾਬ ਪੁਲਸ ਵੀ ਉਨ੍ਹਾਂ ਦੀ ਇਕ ਨਹੀਂ ਸੁਣ ਰਹੀ। ਉਥੇ ਹੀ ਪੰਜਾਬ ਆਈ ਜਸਪ੍ਰੀਤ ਇਹ ਵੀ ਦਾਅਵਾ ਕਰ ਰਹੀ ਹੈ ਕਿ ਜਰਨੈਲ ਨੇ ਜਰਮਨ ’ਚ ਵਿਆਹ ਕਰਵਾ ਲਿਆ ਹੈ ਜਦਕਿ ਕੋਈ ਸਬੂਤ ਪੇਸ਼ ਨਹੀਂ ਕਰ ਸਕੀ। ਪਰਿਵਾਰ ਵੱਲੋਂ ਕੇਂਦਰ ਸਰਕਾਰ ਅਤੇ ਮਾਨ ਸਰਕਾਰ ਨੂੰ ਗੁਹਾਰ ਲਗਾਈ ਗਈ ਹੈ ਕਿ ਜਰਨੈਲ ਨੂੰ ਲੱਭਣ ’ਚ ਉਨ੍ਹਾਂ ਦੀ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ: ਭੋਗਪੁਰ ਦੇ ਨੌਜਵਾਨ ਦਾ ਇਟਲੀ 'ਚ ਕਤਲ, ਪੰਜਾਬੀਆਂ ਨੇ ਕੀਤਾ ਪਿੱਠ 'ਤੇ ਵਾਰ, ਜਨਵਰੀ 'ਚ ਹੋਣਾ ਸੀ ਵਿਆਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ