ਘਰ 'ਚ ਪੋਸਤ ਦੀ ਖੇਤੀ ਕਰਨ ਦੇ ਮਾਮਲੇ 'ਚ ਪਿਉ ਗ੍ਰਿਫਤਾਰ, ਪੁੱਤ ਫਰਾਰ

03/24/2018 5:52:41 AM

ਭੁਲੱਥ, (ਰਜਿੰਦਰ)- ਘਰ ਵਿਚ ਪੋਸਤ ਦੀ ਖੇਤੀ ਕਰਨ ਦੇ ਮਾਮਲੇ ਵਿਚ ਥਾਣਾ ਭੁਲੱਥ ਦੀ ਪੁਲਸ ਨੇ ਪਿਉ-ਪੁੱਤ ਖਿਲਾਫ ਕੇਸ ਦਰਜ ਕੀਤਾ ਹੈ। 
ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਭੁਲੱਥ ਬਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਮੁਖਬਰ ਖਾਸ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਰਣਜੋਧ ਸਿੰਘ ਤੇ ਉਸ ਦੇ ਪਿਤਾ ਚੰਗਾ ਸਿੰਘ ਨੰਬਰਦਾਰ ਵਾਸੀ  ਪਿੰਡ ਲਿੱਟਾਂ ਨੇ ਆਪਣੇ ਘਰ ਵਿਚ ਪੋਸਤ ਦੀ ਖੇਤੀ ਇਕ ਬਗੀਚੀ ਵਿਚ ਕੀਤੀ ਹੋਈ ਹੈ। ਜਿਸ ਉਪਰੰਤ ਪੁਲਸ ਪਾਰਟੀ ਵੱਲੋਂ ਚੰਗਾ ਸਿੰਘ ਦੇ ਘਰ ਵਿਚ ਬਗੀਚੀ ਵਿਚੋਂ ਪੋਸਤ ਦੇ ਬੂਟੇ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਬਗੀਚੀ ਵਿਚ ਕੁਲ 29 ਬੂਟੇ ਲੱਗੇ ਹੋਏ ਸਨ, ਜਿਨ੍ਹਾਂ ਨੂੰ ਪੁੱਟ ਕੇ ਪੁਲਸ ਵਲੋਂ ਕਬਜ਼ੇ ਵਿਚ ਲਿਆ ਗਿਆ ਤੇ ਇਨ੍ਹਾਂ ਬੂਟਿਆਂ ਦਾ ਭਾਰ 2 ਕਿਲੋ 900 ਗ੍ਰਾਮ ਹੈ। 
ਐੱਸ. ਐੱਚ. ਓ. ਭੁਲੱਥ ਨੇ ਦੱਸਿਆ ਕਿ ਘਰ ਵਿਚ ਪੋਸਤ ਦੀ ਖੇਤੀ ਕਰਨ ਦੇ ਮਾਮਲੇ ਵਿਚ ਰਣਜੋਧ ਸਿੰਘ ਤੇ ਉਸ ਦੇ ਪਿਉ ਚੰਗਾ ਸਿੰਘ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਇਸ ਮਾਮਲੇ ਵਿਚ ਚੰਗਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਰਣਜੋਧ ਸਿੰਘ ਹਾਲੇ ਫਰਾਰ ਹੈ, ਜਿਸ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। 


Related News