6 ਕਰੋੜ ਰੁਪਏ ਗਾਇਬ ਕਰਨ ਦੇ ਮਾਮਲੇ ''ਚ ਪੁਲਸ ਨੂੰ ਕੈਮਰਿਆਂ ''ਚੋਂ ਮਿਲੇ ਅਹਿਮ ਸੁਰਾਗ

04/19/2019 2:14:15 PM

ਖੰਨਾ (ਸੁਨੀਲ) : 29 ਮਾਰਚ ਦੀ ਸ਼ਾਮ ਨੂੰ ਜਲੰਧਰ ਦੇ ਪ੍ਰਤਾਪਪੁਰਾ 'ਚ ਪਾਦਰੀ ਏਂਥਨੀ ਦੀ ਕੋਠੀ 'ਚ ਰੇਡ ਕਰ ਕੇ ਕਰੋੜਾਂ ਰੁਪਏ ਦੀ ਹਵਾਲਾ ਰਾਸ਼ੀ ਫੜਨ ਦਾ ਦਾਅਵਾ ਕਰਨ ਵਾਲੀ ਖੰਨਾ ਪੁਲਸ, ਜੋ ਕਿ ਬਾਅਦ 'ਚ 6 ਕਰੋੜ ਰੁਪਏ ਦੇ ਗ਼ਬਨ ਦੇ ਦੋਸ਼ਾਂ 'ਚ ਫਸੀ ਹੈ, ਦੇ ਮਾਮਲੇ 'ਚ ਹੁਣ ਐੱਸ. ਆਈ. ਟੀ. ਜਾਂਚ ਕਰ ਰਹੀ ਹੈ। ਇਸ ਦੇ ਨਾਲ- ਨਾਲ ਦੋ ਜ਼ਿਲਿਆਂ ਦੀ ਪੁਲਸ ਦੀ ਮਦਦ ਲੈ ਕੇ ਜਾਂਚ ਨੂੰ ਜਲਦੀ ਪੂਰਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।

ਪਿਛਲੇ ਬੁੱਧਵਾਰ ਇਕ ਕਥਿਤ ਮੁਲਜ਼ਮ ਤੇ ਖੰਨਾ ਪੁਲਸ ਦਾ ਮੁਖ਼ਬਰ ਸੁਰਿੰਦਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਮਾਮਲੇ 'ਚ ਪੁਲਸ ਨੂੰ ਕਈ ਸੁਰਾਗ ਮਿਲੇ ਹਨ। ਭਰੋਸੇਯੋਗ ਸੂਤਰਾਂ ਦੇ ਮੁਤਾਬਕ ਜਲੰਧਰ 'ਚ ਗੱਡੀ ਦੇ ਅੰਦਰ ਏ. ਐੱਸ. ਆਈ. ਜੋਗਿੰਦਰ ਸਿੰਘ, ਏ. ਐੱਸ. ਆਈ. ਰਾਜਪ੍ਰੀਤ ਸਿੰਘ ਤੇ ਮੁਖ਼ਬਰ ਸੁਰਿੰਦਰ ਸਿੰਘ ਨੇ ਕੈਸ਼ ਰੱਖਿਆ ਸੀ। ਫਿਰ ਰੂਟ ਬਦਲ ਕੇ 6 ਕਰੋੜ ਰੁਪਏ ਗੱਡੀ ਸਮੇਤ ਖੰਨਾ ਲਿਆਂਦੇ ਗਏ ਸਨ। ਸੂਤਰਾਂ ਨੇ ਇਹ ਵੀ ਦੱਸਿਆ ਕਿ ਖੰਨਾ 'ਚ ਤਿੰਨੇ ਕਥਿਤ ਮੁਲਜ਼ਮ ਦੇਰ ਸ਼ਾਮ ਨੂੰ ਪੁੱਜੇ ਸਨ ਅਤੇ ਇੱਥੇ ਸੀ. ਆਈ. ਏ. ਸਟਾਫ ਦੇ ਬਾਹਰ ਕੈਸ਼ ਵਾਲੀ ਗੱਡੀ ਖੜ੍ਹੀ ਕਰ ਕੇ ਅੰਦਰ ਜਾ ਕੇ ਇਕ-ਦੋ ਅਫਸਰਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਫਿਰ ਉਹ ਕੋਈ ਬਹਾਨਾ ਬਣਾ ਕੇ ਉੱਥੋਂ ਨਿਕਲ ਗਏ ਸਨ। ਇਹੀ ਕਾਰਨ ਰਿਹਾ ਸੀ ਕਿ ਐੱਸ. ਐੱਸ. ਪੀ. ਖੰਨਾ ਧਰੁਵ ਦਹੀਆ ਦੁਆਰਾ 30 ਮਾਰਚ ਦੀ ਸਵੇਰੇ ਬੁਲਾਈ ਪ੍ਰੈੱਸ ਕਾਨਫਰੈਂਸ 'ਚ ਇਹ ਏ. ਐੱਸ. ਆਈ. ਸ਼ਾਮਲ ਨਹੀਂ ਹੋ ਸਕੇ ਸਨ। ਭਲਾ ਆਪ ਹੀ ਸੋਚੋ ਕਿ ਇੰਨੀ ਵੱਡੀ ਉਪਲਬਧੀ 'ਚ ਕਿਹੜਾ ਮੁਲਾਜ਼ਮ ਆਪਣੀ ਫੋਟੋ ਨਹੀਂ ਖਿਚਵਾਉਣਾ ਚਾਹੁੰਦਾ। ਉਹ ਕੈਸ਼ ਠਿਕਾਣੇ ਲਾਉਣ ਨਿਕਲ ਗਏ ਸਨ। ਇਸ ਖੁਲਾਸੇ ਤੋਂ ਬਾਅਦ ਸਥਾਨਕ ਪੁਲਸ ਨੇ ਕੈਮਰੇ ਖੰਗਾਲੇ ਅਤੇ ਦੱਸਿਆ ਜਾ ਰਿਹਾ ਹੈ ਕਿ ਪੁਲਸ ਦੇ ਹੱਥ ਕਈ ਸੁਰਾਗ ਵੀ ਲੱਗ ਗਏ ਹਨ।

PunjabKesari

ਪੁਲਸ ਅਧਿਕਾਰੀਆਂ ਨੇ ਧਾਰੀ ਚੁੱਪੀ
ਇਸ ਸਬੰਧੀ ਜ਼ਿਲੇ ਦੇ ਪੁਲਸ ਅਧਿਕਾਰੀਆਂ ਨੇ ਚੁੱਪੀ ਧਾਰੀ ਹੋਈ ਹੈ। ਜਦੋਂ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਕੇਸ ਦੀ ਜਾਂਚ ਸਿਟ ਕਰ ਰਹੀ ਹੈ। ਇਸ ਸਬੰਧੀ ਉਹ ਹੀ ਕੁਝ ਦੱਸ ਸਕਦੀ ਹੈ। 
 


Anuradha

Content Editor

Related News