ਅਮਰੀਕਾ ਦੀ ਧਰਤੀ 'ਤੇ ਪੰਜਾਬੀ ਪਿਓ-ਪੁੱਤ ਦੀ ਮੌਤ, ਵਾਪਰੇਗਾ ਅਜਿਹਾ ਭਾਣਾ ਕਿਸੇ ਸੋਚਿਆ ਨਾ ਸੀ
Wednesday, May 17, 2023 - 03:56 PM (IST)
ਅਮਰੀਕਾ/ਭੁਲੱਥ (ਚੰਦਰ)- ਅਮਰੀਕਾ ਦੇ ਸ਼ਹਿਰ ਫਰਿਜ਼ਨੋ ਤੋਂ ਦੁੱਖ਼ਦਾਇਕ ਖ਼ਬਰ ਸਾਹਮਣੇ ਆਈ ਹੈ। ਡਾਕਟਰੀ ਦੀ ਪੜ੍ਹਾਈ ਪੂਰੀ ਕਰਕੇ ਡਿਗਰੀ ਲੈਣ ਮਗਰੋਂ ਪਰਿਵਾਰ ਨਾਲ ਡਿਗਰੀ ਮਿਲਣ ਦੀ ਖ਼ੁਸ਼ੀ 'ਚ ਪਾਰਟੀ ਕਰਨ ਜਾ ਰਹੇ ਨੌਜਵਾਨ ਡਾਕਟਰ ਅਤੇ ਉਸ ਦੇ ਪਿਤਾ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਇਸ ਹਾਦਸੇ ਵਿਚ ਮਾਂ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਨੌਜਵਾਨ ਡਾਕਟਰ ਦੇ ਪਿਤਾ ਪੇਸ਼ੇ ਵਜੋਂ ਵਕੀਲ ਸਨ।
ਮਰਨ ਵਾਲੇ ਪਿਓ-ਪੁੱਤ ਦੀ ਪਛਾਣ ਕਸਬਾ ਭੁਲੱਥ ਦੇ ਨਜ਼ਦੀਕੀ ਪਿੰਡ ਬੋਪਾਰਾਏ ਦੇ ਵਕੀਲ ਕੁਲਵਿੰਦਰ ਸਿੰਘ ਹੰਸਪਾਲ ਅਤੇ ਉਨ੍ਹਾਂ ਦੇ ਬੇਟੇ ਸੁਖਵਿੰਦਰ ਸਿੰਘ ਦੇ ਰੂਪ 'ਚ ਹੋਈ ਹੈ। ਉਥੇ ਹੀ ਕੁਲਵਿੰਦਰ ਸਿੰਘ ਦੀ ਪਤਨੀ ਬਲਬੀਰ ਕੌਰ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਕੁਲਵਿੰਦਰ ਸਿੰਘ ਹੰਸਪਾਲ ਦੇ ਭਰਾ ਹਰਜਿੰਦਰ ਸਿੰਘ ਵਾਸੀ ਪਿੰਡ ਬੋਪਾਰਾਏ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਕੁਲਵਿੰਦਰ ਸਿੰਘ ਹੰਸਪਾਲ ਪਿਛਲੇ ਕਰੀਬ 15 ਸਾਲ ਤੋਂ ਅਮਰੀਕਾ 'ਚ ਆਪਣੀ ਪਤਨੀ ਅਤੇ ਬੇਟੇ ਨਾਲ ਰਹਿ ਰਿਹਾ ਸੀ।
ਇਹ ਵੀ ਪੜ੍ਹੋ - ਡਾਕਟਰ ਦੀ ਲਾਪਰਵਾਹੀ, ਡਿਲਿਵਰੀ ਮਗਰੋਂ ਔਰਤ ਨੂੰ ਚੜ੍ਹਾ ਦਿੱਤਾ ਗ਼ਲਤ ਖ਼ੂਨ, ਪਲਾਂ 'ਚ ਉੱਜੜ ਗਿਆ ਪਰਿਵਾਰ
10 ਮਈ ਨੂੰ ਕੁਲਵਿੰਦਰ ਸਿੰਘ ਆਪਣੇ ਬੇਟੇ ਸੁਖਵਿੰਦਰ ਸਿੰਘ ਅਤੇ ਪਤਨੀ ਬਲਬੀਰ ਕੌਰ ਨਾਲ ਆਪਣੇ ਬੇਟੇ ਨੂੰ ਡਾਕਟਰ ਦੀ ਡਿਗਰੀ ਮਿਲਣ ਦੀ ਖ਼ੁਸ਼ੀ 'ਚ ਪਾਰਟੀ ਕਰਨ ਆਪਣੀ ਕਾਰ 'ਚ ਜਾ ਰਹੇ ਸਨ ਤਾਂ ਰਸਤੇ 'ਚ ਇਕ ਹੋਰ ਕਾਰ ਦਾ ਟਾਇਰ ਖੁੱਲ੍ਹ ਕੇ ਇਨ੍ਹਾਂ ਦੀ ਗੱਡੀ ਨਾਲ ਟਕਰਾਅ ਗਿਆ। ਇਸ ਦੌਰਾਨ ਕੁਲਵਿੰਦਰ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਪਲਟ ਗਈ। ਇਸ ਦੌਰਾਨ ਸੁਖਵਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਕੁਲਵਿੰਦਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਦੋ ਦਿਨ ਬਾਅਦ ਉਨ੍ਹਾਂ ਦੀ ਵੀ ਮੌਤ ਹੋ ਗਈ। ਉਥੇ ਹੀ ਦੂਜੇ ਪਾਸੇ ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ ਅਤੇ ਪਿੰਡ ਬੋਪਾਰਾਏ ਵਿਚ ਸੋਗ ਦੀ ਲਹਿਰ ਛਾ ਗਈ ਹੈ।
ਇਹ ਵੀ ਪੜ੍ਹੋ - ਜਲੰਧਰ 'ਚ NIA ਦੀ ਰੇਡ, ਗੈਂਗਸਟਰ ਪੁਨੀਤ ਸ਼ਰਮਾ ਦੇ ਘਰ ਕੀਤੀ ਛਾਪੇਮਾਰੀ
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani