ਪਿਉ-ਪੁੱਤਰ ’ਤੇ ਹਮਲੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਬਾਜ਼ਾਰ ਪੂਰਨ ਤੌਰ ’ਤੇ ਬੰਦ
Saturday, Dec 04, 2021 - 01:03 PM (IST)

ਮਲੋਟ (ਜੁਨੇਜਾ) : ਸ਼ੁੱਕਰਵਾਰ ਨੂੰ ਭੁਲੇਰੀਆ ਦੇ ਸਾਬਕਾ ਸਰਪੰਚ ਵੱਲੋਂ ਸਾਥੀਆਂ ਸਮੇਤ ਮਲੋਟ ਵਿਖੇ ਇਕ ਟਾਇਰਾਂ ਦੀ ਦੁਕਾਨ ਅੰਦਰ ਦਾਖਲ ਹੋਕੇ ਹਮਲਾ ਕਰਨ ਅਤੇ ਪਿਉ ਪੁੱਤਰ ਨੂੰ ਜ਼ਖ਼ਮੀ ਕਰਨ ਦੇ ਮਾਮਲੇ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਭਾਰੀ ਰੋਸ ਹੈ। ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈਕੇ ਅੱਜ ਮਲੋਟ ਵਿਚ ਸਾਰੇ ਬਾਜ਼ਾਰ ਪੂਰਨ ਤੌਰ ’ਤੇ ਬੰਦ ਰਹੇ ਅਤੇ ਬਾਜ਼ਾਰਾਂ ਵਿਚ ਇਕ ਰੋਸ ਮਾਰਚ ਕੱਢਿਆ ਗਿਆ। ਉਧਰ ਪੁਲਸ ਨੇ ਇਸ ਮਾਮਲੇ ਲਈ ਜ਼ਿੰਮੇਵਾਰ ਸਾਬਕਾ ਸਰਪੰਚ ਅਤੇ ਉਸਦੇ 3 ਸਾਥੀਆਂ ਅਤੇ 6 ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਇਰਾਦਾ ਕਤਲ ਸਮੇਤ ਵੱਖ-ਵੱਖ ਧਰਾਵਾਂ ਤਹਿਤ ਮੁਕਦਮਾਂ ਦਰਜ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਪੈਸੇ ਮੰਗਣ ਨੂੰ ਲੈ ਕੇ ਬਣੇ ਵਿਵਾਦ ਤੋਂ ਬਾਅਦ ਭਲੇਰੀਆ ਦੇ ਸਾਬਕਾ ਸਰਪੰਚ ਚਰਨਜੀਤ ਸਿੰਘ ਚੀਨਾ ਨੇ ਆਪਣੇ ਸਾਥੀਆਂ ਨੂੰ ਲੈ ਕੇ ਬਾਘਲਾ ਟਾਇਰ ਦੇ ਮਾਲਕ ਪਵਨ ਬਾਘਲਾ ਅਤੇ ਉਸਦੇ ਪੁੱਤਰ ਅਭਿਸ਼ੇਕ ਬਾਘਲਾ ਉਪਰ ਜਾਨਲੇਵਾ ਹਮਲਾ ਕਰ ਦਿੱਤਾ ਸੀ। ਇਸ ਮਾਮਲੇ ’ਤੇ ਸਿਟੀ ਮਲੋਟ ਪੁਲਸ ਨੇ ਜ਼ਖ਼ਮੀਆਂ ਦੇ ਬਿਆਨਾਂ ਤੇ ਸੀ.ਸੀ.ਟੀ.ਵੀ.ਫੁਟੇਜ ਦੇ ਆਧਾਰ ’ਤੇ ਚਰਨਜੀਤ ਸਿੰਘ ਚੀਨਾ , ਮਨਕੀਰਤ ਸਿੰਘ ਮਨੀ, ਪਾਲਾ ਸਿੰਘ ਵਾਸੀਅਨ ਭਲੇਰੀਆ ਅਤੇ ਅਜੀਤਪਾਲ ਸਿੰਘ ਕੰਗ ਵਾਸੀ ਵਿਰਕਖੇੜਾ ਅਤੇ 6 ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਅ/ਧ 307, 452,323,506,148,149 ਤਹਿਤ ਮੁਕਦਮਾਂ ਦਰਜ ਕਰ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਬਾਜ਼ਾਰ ਰਹੇ ਬੰਦ
ਉਧਰ ਵਪਾਰ ਮੰਡਲ ਦੇ ਸੱਦੇ ’ਤੇ ਅੱਜ ਮਲੋਟ ਦੇ ਸਾਰੇ ਬਾਜ਼ਾਰ ਬੰਦ ਰਹੇ। ਇਸ ਮੌਕੇ ਦੁਕਾਨਦਾਰਾਂ ਨੇ ਵੱਖ-ਵੱਖ ਬਾਜ਼ਾਰਾਂ ਵਿਚ ਇਕ ਰੋਸ ਮਾਰਚ ਕੱਢਿਆ ਅਤੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਪ੍ਰਦੀਪ ਧੀਗੜਾ, ਕੁਲਵੀਰ ਸਿੰਘ ਸਰਾਂ ਵਿੱਕੀ ਪ੍ਰਧਾਨ ਪੈਸਟੀਸਾਈਡ ਐਸੋਸੀਏਸ਼ਨ, ਐੱਮ. ਸੀ. ਬਲਦੇਵ ਕੁਮਾਰ ਗਗਨੇਜਾ (ਲਾਲੀ ਜੈਨ), ਖਰੈਤੀ ਲਾਲ ਬਾਘਲਾ, ਡਾ. ਜਗਦੀਸ਼ ਸ਼ਰਮਾ, ਨਰਸਿੰਘ ਦਾਸ ਚਲਾਨਾ, ਜੁਗਰਾਜ ਖੇੜਾ, ਅਸ਼ਵਨੀ ਖੇੜਾ, ਸੁਖਪਾਲ ਸਿੰਘ ਪ੍ਰਧਾਨ ਸਵਰਨਕਾਰ ਸੰਘ, ਸੀਤਾ ਰਾਮ ਖਟਕ ਪ੍ਰਧਾਨ ਭਾਜਪਾ, ਓਮ ਪ੍ਰਕਾਸ਼ ਖਿੱਚੀ, ਸਾਬਕਾ ਐੱਮ. ਸੀ. ਕੇਵਲ ਅਰੋੜਾ ਸਮੇਤ ਆਗੂ ਹਾਜ਼ਰ ਸਨ।