ਪਿਤਾ ਨੂੰ ਫੋਨ ’ਤੇ ਆਇਆ ਪੁੱਤ ਦੇ ਅਗਵਾ ਦਾ ਮੈਸੇਜ, ਪੁਲਸ ਨੇ ਸਾਹਮਣੇ ਲਿਆਂਦਾ ਸੱਚ ਤਾਂ ਉੱਡੇ ਹੋਸ਼

09/07/2022 6:29:36 PM

ਕੋਟਕਪੂਰਾ (ਨਰਿੰਦਰ) : ਬੀਤੇ ਦਿਨ ਸਥਾਨਕ ਸ਼ਹਿਰ ’ਚੋਂ ਇਕ ਨਾਬਾਲਗ ਬੱਚੇ ਦੇ ਅਗਵਾ ਹੋਣ ਦੀ ਖਬਰ ਕਾਰਨ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ ਪਰ ਕੋਟਕਪੂਰਾ ਪੁਲਸ ਨੇ ਇੰਸ. ਸੰਜੀਵ ਕੁਮਾਰ ਦੀ ਅਗਵਾਈ ਹੇਠ ਅਤੀ-ਆਧੁਨਿਕ ਤਰੀਕੇ ਨਾਲ ਕਾਰਵਾਈ ਕਰਦੇ ਹੋਏ ਇਕ ਘੰਟੇ ਵਿਚ ਹੀ ਅਗਵਾ ਦੀ ਇਸ ਗੁੱਥੀ ਨੂੰ ਸੁਲਝਾਉਂਦੇ ਹੋਏ ਬੱਚੇ ਨੂੰ ਬਰਾਮਦ ਕਰ ਲਿਆ। ਜਾਣਕਾਰੀ ਅਨੁਸਾਰ ਇਕ 16 ਸਾਲਾ ਨਾਬਾਲਗ ਬੱਚਾ ਰਾਮਾ ਮੰਡੀ ਤੋਂ ਆਪਣੀ ਦਾਦੀ ਨਾਲ ਕੋਟਕਪੂਰਾ ਆਪਣੇ ਘਰ ਵਾਪਸ ਆ ਰਿਹਾ ਸੀ ਕਿ ਇਸ ਦੌਰਾਨ ਦੁਪਹਿਰ 3.30 ਵਜੇ ਦੇ ਕਰੀਬ ਉਹ ਇਕ ਸਕੂਲ ਵਿਚ ਚੱਲ ਰਿਹਾ ਮੈਚ ਵੇਖਣ ਲਈ ਰੁਕ ਗਿਆ ਅਤੇ ਦਾਦੀ ਨੂੰ ਘਰ ਭੇਜ ਦਿੱਤਾ। ਦੇਰ ਸ਼ਾਮ ਤੱਕ ਉਹ ਘਰ ਨਾ ਪੁੱਜਿਆ ਪਰ ਘਰ ਦੇ ਇਕ ਮੈਂਬਰ ਦੇ ਮੋਬਾਇਲ ’ਤੇ ਉਸ ਬੱਚੇ ਦੇ ਮੋਬਾਇਲ ਤੋਂ ਇਕ ਵੱਟਸਐਪ ਮੈਸਿਜ ਆਇਆ ਕਿ ਤੁਹਾਡੇ ਬੱਚੇ ਨੂੰ ਅਗਵਾ ਕਰ ਲਿਆ ਗਿਆ ਹੈ ਅਤੇ 40 ਹਜ਼ਾਰ ਰੁਪਏ ਦੀ ਫਿਰੌਤੀ ਦੀ ਮੰਗ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਪੈਸਾ ਨਾ ਦਿੱਤਾ ਗਿਆ ਜਾਂ ਪੁਲਸ ਨੂੰ ਇਤਲਾਹ ਦਿੱਤੀ ਗਈ ਤਾਂ ਤੁਹਾਨੂੰ ਮੁੰਡੇ ਦੀ ਲਾਸ਼ ਹੀ ਮਿਲੇਗੀ।

ਇਹ ਵੀ ਪੜ੍ਹੋ : ਪਹਿਲਾਂ ਧੀ ਨੂੰ ਦਿੱਤਾ ਧੱਕਾ, ਫਿਰ ਚਾਰ ਸਾਲ ਦੇ ਪੁੱਤ ਨੂੰ ਕਲਾਵੇ ’ਚ ਲੈ ਕੇ ਮਾਂ ਨੇ ਨਹਿਰ ’ਚ ਮਾਰ ਦਿੱਤੀ ਛਾਲ

ਇਸ ਦੌਰਾਨ ਇਕ ਵੀਡੀਓ ਕਲਿੱਪ ਵੀ ਭੇਜਿਆ ਗਿਆ, ਜਿਸ ’ਚ ਬੱਚਾ ਫਰਸ਼ ’ਤੇ ਬੇਹੋਸ਼ ਪਿਆ ਵਿਖਾਈ ਦੇ ਰਿਹਾ ਸੀ। ਲੜਕੇ ਦੇ ਪਿਤਾ ਵੱਲੋਂ ਸੂਚਨਾ ਤੁਰੰਤ ਥਾਣਾ ਸਿਟੀ ਪੁਲਸ ਨੂੰ ਦਿੱਤੀ ਗਈ, ਜਿਸ ’ਤੇ ਏ. ਐੱਸ. ਆਈ. ਚਮਕੌਰ ਸਿੰਘ ਵੱਲੋਂ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸ਼ਮਸ਼ੇਰ ਸਿੰਘ ਸ਼ੇਰ ਗਿੱਲ ਡੀ. ਐੱਸ. ਪੀ. ਕੋਟਕਪੂਰਾ ਨੇ ਦੱਸਿਆ ਕਿ ਇੰਸ. ਸੰਜੀਵ ਕੁਮਾਰ ਐੱਸ. ਐੱਚ. ਓ. ਥਾਣਾ ਸਿਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਵੱਖ-ਵੱਖ ਟੀਮਾਂ ਬਣਾ ਕੇ ਭੇਜੀਆਂ ਗਈਆਂ ਅਤੇ ਮੁਬਾਇਲ ਦੀ ਲੋਕੇਸ਼ਨ ਅਤੇ ਹੋਰ ਵੱਖ-ਵੱਖ ਤਕਨੀਕੀ ਢੰਗਾਂ ਦੀ ਵਰਤੋਂ ਕਰਦੇ ਹੋਏ ਇਕ ਘੰਟੇ ’ਚ ਹੀ ਬੱਚੇ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਤੋਂ ਬਰਾਮਦ ਕਰ ਲਿਆ ਗਿਆ।

ਇਹ ਵੀ ਪੜ੍ਹੋ : 30 ਸਾਲ ਪਹਿਲਾਂ ਦੋ ਨੌਜਵਾਨਾਂ ਦਾ ਝੂਠਾ ਮੁਕਾਬਲਾ ’ਚ ਕਰਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਅਦਾਲਤ ਨੇ ਦਿੱਤੀ ਮਿਸਾਲੀ ਸਜ਼ਾ

ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿਚ ਜਦੋਂ ਅਗਵਾ ਬਾਰੇ ਜਾਣਕਾਰੀ ਮਿਲੀ ਤਾਂ ਪੁਲਸ ਨੇ ਇਸ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਅਤੇ ਕਿਸੇ ਕਿਸਮ ਦਾ ਖਤਰਾ ਉਠਾਏ ਬਿਨਾਂ ਕਾਰਵਾਈ ਸ਼ੁਰੂ ਕਰ ਦਿੱਤੀ। ਅਗਵਾ ਦੀ ਇਸ ਕਹਾਣੀ ਬਾਰੇ ਇੰਸ. ਸੰਜੀਵ ਕੁਮਾਰ ਦੀ ਮੌਜੂਦਗੀ ’ਚ ਡੀ. ਐੱਸ. ਪੀ. ਕੋਟਕਪੂਰਾ ਸ਼ਮਸ਼ੇਰ ਸਿੰਘ ਸ਼ੇਰ ਗਿੱਲ ਨੇ ਦੱਸਿਆ ਕਿ ਸਕੂਲ ’ਚ ਹੋਣ ਵਾਲੀ ਪੇਰੈਂਟਸ ਮੀਟਿੰਗ ਬਾਰੇ ਨਾ ਦੱਸਣ ’ਤੇ ਜਦੋਂ ਬੱਚੇ ਦੇ ਪਿਤਾ ਵੱਲੋਂ ਉਸ ਨੂੰ ਝਿੜਕਿਆ ਗਿਆ ਤਾਂ ਉਹ ਡਰਦਾ ਹੋਇਆ ਬੱਸ ’ਤੇ ਬੈਠ ਕੇ ਫਰੀਦਕੋਟ ਚਲਾ ਗਿਆ, ਜਿੱਥੇ ਉਸ ਦੇ ਦਿਮਾਗ ’ਚ ਮਾਪਿਆਂ ਦੀਆਂ ਝਿੜਕਾਂ ਜਾਂ ਕੁੱਟ-ਮਾਰ ਤੋਂ ਬਚਣ ਦੀ ਤਰਕੀਬ ਆਈ ਅਤੇ ਉਸ ਨੇ ਹੀ ਪਹਿਲਾਂ ਆਪਣਾ ਮੋਬਾਇਲ ਬੰਦ ਕਰ ਲਿਆ ਅਤੇ ਬਾਅਦ ’ਚ ਆਪਣੇ ਮੋਬਾਇਲ ਤੋਂ ਹੀ ਅਗਵਾ ਸਬੰਧੀ ਸਾਰੇ ਇਹ ਮੈਸਿਜ ਭੇਜੇ ਗਏ। ਉਨ੍ਹਾਂ ਦੱਸਿਆ ਕਿ ਰਾਤ ਸਮੇਂ ਹੀ ਬੱਚੇ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਸੀ ਅਤੇ ਮਾਪਿਆਂ ਨੇ ਜਿੱਥੇ ਪੁਲਸ ਨੂੰ ਪੂਰਾ ਸਹਿਯੋਗ ਦਿੱਤਾ, ਉੱਥੇ ਤੁਰੰਤ ਕਾਰਵਾਈ ਕਰਦੇ ਹੋਏ ਬੱਚੇ ਨੂੰ ਬਰਾਮਦ ਕਰਨ ਲਈ ਪੁਲਸ ਦਾ ਧੰਨਵਾਦ ਵੀ ਕੀਤਾ।

ਇਹ ਵੀ ਪੜ੍ਹੋ : ਫਿਰ ਦਾਗਦਾਰ ਹੋਈ ਖਾਕੀ, ਪੰਜਾਬ ਪੁਲਸ ਦੇ ਦੋ ਮੁਲਾਜ਼ਮਾਂ ’ਤੇ ਦੋਸਤਾਂ ਨਾਲ ਮਿਲ ਕੇ ਕੁੜੀ ਨਾਲ ਬਲਾਤਕਾਰ ਦਾ ਦੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News