ਦਸਮ ਪਾਤਿਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ

12/28/2019 11:16:07 AM

ਫਤਿਹਗੜ੍ਹ ਸਾਹਿਬ (ਬਿਊਰੋ) : ਸਾਕਾ ਸਰਹਿੰਦ ਦਾ ਇਤਿਹਾਸ ਰੌਂਗਟੇ ਖੜ੍ਹੇ ਕਰਨ ਵਾਲਾ ਹੈ, ਜਿਸ ਨੂੰ ਪੜ੍ਹ-ਸੁਣ ਕੇ ਕਠੋਰ ਤੋਂ ਕਠੋਰ ਹਿਰਦਾ ਵੀ ਕੰਬ ਜਾਂਦਾ ਹੈ। ਇਹ ਇਤਿਹਾਸ ਵਕਤ ਦੀ ਜ਼ਾਲਮ ਹਕੂਮਤ ਦੇ ਜਬਰ-ਜ਼ੁਲਮ ਨੂੰ ਪ੍ਰਗਟ ਕਰਦਾ ਹੈ ਕਿਉਂਕਿ ਸਮੇਂ ਦੀ ਹਕੂਮਤ ਨੇ ਇਸ ਸਾਕੇ ਦੌਰਾਨ ਜ਼ੁਲਮ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਸਨ। ਇਤਿਹਾਸ ਅਨੁਸਾਰ ਮੁਗਲ ਹਕੂਮਤ ਦੀਆਂ ਸ਼ਾਹੀ ਫੌਜਾਂ ਅਤੇ ਪਹਾੜੀ ਰਾਜਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਦਲਾਂ ਨੂੰ ਪੂਰੀ ਤਰ੍ਹਾਂ ਘੇਰ ਰੱਖਿਆ ਸੀ, ਰਸਦ-ਪਾਣੀ ਪੁੱਜਣ ਦੇ ਸਮੂਹ ਰਸਤੇ ਬੰਦ ਕਰ ਦਿੱਤੇ ਗਏ ਸਨ ਪਰ ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜੁਝਾਰੂ ਸਿੰਘ ਫਿਰ ਵੀ ਦੁਸ਼ਮਣ ਨੂੰ ਪੂਰੀ ਟੱਕਰ ਦਿੰਦੇ ਰਹੇ। ਅਖੀਰ ਮੁਗਲ ਹਾਕਮਾਂ ਤੇ ਪਹਾੜੀ ਰਾਜਿਆਂ ਵਲੋਂ ਇਹ ਵਿਸ਼ਵਾਸ ਦਿਵਾਏ ਜਾਣ 'ਤੇ ਕਿ ਜੇਕਰ ਗੁਰੂ ਸਾਹਿਬ ਜੀ ਕਿਲਾ ਛੱਡ ਦੇਣ ਤਾਂ ਉਨ੍ਹਾਂ 'ਤੇ ਹਮਲਾ ਨਹੀਂ ਕੀਤਾ ਜਾਵੇਗਾ। ਇਸ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨਾਲ ਸਲਾਹ-ਮਸ਼ਵਰਾ ਕਰ ਕੇ ਪਹਾੜੀ ਰਾਜਿਆਂ ਦੇ ਕੌਲ-ਕਰਾਰ 'ਤੇ ਯਕੀਨ ਕਰਕੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਦਾ ਫੈਸਲਾ ਲਿਆ ਪਰ ਇਸ ਮਗਰੋਂ ਗੁਰੂ ਸਾਹਿਬ ਦਾ ਕਾਫਲਾ ਅਜੇ ਕੀਰਤਪੁਰ ਵੀ ਨਹੀਂ ਸੀ ਪੁੱਜਾ ਕਿ ਦੁਸ਼ਮਣ ਫੌਜਾਂ ਤਮਾਮ ਕਸਮਾਂ ਨੂੰ ਤੋੜ ਕੇ ਲੜਾਈ ਲਈ ਆ ਗਈਆਂ। ਸਿਰਸਾ ਨਦੀ ਨੂੰ ਪਾਰ ਕਰਨ ਲੱਗਿਆਂ ਵਡਮੁੱਲਾ ਸਾਹਿਤ, ਕੀਮਤੀ ਸਾਮਾਨ ਅਤੇ ਜਾਨ ਤੋਂ ਪਿਆਰੇ ਸਿੰਘ ਸੂਰਮੇ ਸਿਰਸਾ ਦੀ ਭੇਟ ਹੋ ਗਏ। ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਵੀ ਗੁਰੂ ਸਾਹਿਬ ਜੀ ਤੋਂ ਵਿਛੜ ਗਏ। ਇਤਿਹਾਸ ਅਨੁਸਾਰ ਉਨ੍ਹਾਂ ਨੂੰ ਗੰਗੂ ਆਪਣੇ ਪਿੰਡ ਖੇੜੀ (ਸਹੇੜੀ) ਲੈ ਗਿਆ। ਮਾਤਾ ਜੀ ਕੋਲ ਸੋਨੇ ਦੀਆਂ ਮੋਹਰਾਂ ਵੇਖ ਕੇ ਸਰਕਾਰੀ ਇਨਾਮ ਦੇ ਲਾਲਚ ਨੇ ਗੰਗੂ ਦਾ ਮਨ ਡੁਲਾ ਦਿੱਤਾ। ਗੰਗੂ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀ ਸੂਹ ਮੋਰਿੰਡੇ ਥਾਣੇ ਦੇ ਦਿੱਤੀ, ਜਿਸ 'ਤੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਸਮੇਤ ਬੰਦੀ ਬਣਾ ਕੇ ਪਹਿਲਾਂ ਮੋਰਿੰਡੇ ਦੀ ਕੋਤਵਾਲੀ ਪਹੁੰਚਾਇਆ ਗਿਆ ਤੇ ਫਿਰ ਸਰਹਿੰਦ ਲਿਜਾਇਆ ਗਿਆ। ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਹੁਕਮ ਨਾਲ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਠੰਡੇ ਬੁਰਜ 'ਚ ਕੈਦ ਕਰ ਦਿੱਤਾ ਗਿਆ।ਕਹਿਰ ਦੀ ਠੰਡ 'ਚ ਭੁੱਖੇ ਭਾਣੇ ਸਾਰੀ ਰਾਤ ਦਾਦੀ ਮਾਂ ਦੀ ਗੋਦ 'ਚ ਬੈਠੇ ਸਾਹਿਬਜ਼ਾਦੇ ਪਿਤਾ ਦੀ ਸੂਰਮਗਤੀ, ਦਾਦੇ-ਪੜਦਾਦੇ ਦੀਆਂ ਕੁਰਬਾਨੀ ਦੀਆਂ ਬਾਤਾਂ ਸੁਣਦੇ, ਸਿੱਖੀ ਅਸੂਲਾਂ 'ਤੇ ਦ੍ਰਿੜ੍ਹ ਰਹਿਣ ਦੀ ਸਿੱਖਿਆ ਲੈਂਦੇ ਰਹੇ।
ਅਗਲੇ ਦਿਨ ਸਾਹਿਬਜ਼ਾਦਿਆਂ ਨੂੰ ਕਚਹਿਰੀ 'ਚ ਪੇਸ਼ ਕਰਨ ਦਾ ਹੁਕਮ ਹੋਇਆ। ਸਾਹਿਬਜ਼ਾਦਿਆਂ ਨੂੰ ਕਚਹਿਰੀ 'ਚ ਵਜ਼ੀਰ ਖਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਇਸਲਾਮ ਧਰਮ ਧਾਰਨ ਲਈ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ। ਲਗਾਤਾਰ ਦੋ ਦਿਨ ਲਾਲਚ, ਡਰਾਵੇ, ਧਮਕੀਆਂ ਚੱਲਦੀਆਂ ਰਹੀਆਂ ਪਰ ਸਾਹਿਬਜ਼ਾਦਿਆਂ ਨੇ ਅਡੋਲ ਰਹਿੰਦਿਆਂ ਜੋਸ਼ੀਲੇ ਜਵਾਬ ਦਿੱਤੇ। ਮੁੱਲਾਂ ਤੇ ਕਾਜ਼ੀਆਂ ਨੂੰ ਸਾਹਿਬਜ਼ਾਦਿਆਂ ਦੀ ਸਜ਼ਾ ਨਿਸ਼ਚਿਤ ਕਰਨ ਲਈ ਕਿਹਾ ਗਿਆ। ਮਾਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੂੰ ਸੱਦਿਆ ਗਿਆ ਕਿ ਉਹ ਆਪਣੇ ਭਰਾ ਦੀ ਮੌਤ ਦਾ ਬਦਲਾ ਇਨ੍ਹਾਂ ਬੱਚਿਆਂ ਨੂੰ ਮਾਰ ਕੇ ਲੈ ਲਵੇ। ਪਰ ਸ਼ੇਰ ਮੁਹੰਮਦ ਖਾਂ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਰਾਹੀਂ ਬਦਲਾ ਲੈਣਾ ਪਾਪ ਹੈ, ਖੁਦਾ ਦਾ ਕਹਿਰ ਹੈ। ਇਸ ਲਈ ਰੱਬ ਸਾਨੂੰ ਇਸ ਕਹਿਰ ਤੋਂ ਬਚਾ ਲਵੇ। ਸ਼ੇਰ ਮੁਹੰਮਦ ਖਾਂ ਨੇ ਯੋਗੀ ਅੱਲ੍ਹਾ ਯਾਰ ਖਾਂ ਦੀ ਜ਼ੁਬਾਨੀ ਇੰਝ ਆਖਿਆ-
ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ।
ਮਹਿਫੂਜ਼ ਰੱਖੇ ਹਮ ਕੋ ਖੁਦਾ ਐਸੇ ਪਾਪ ਸੇ।

ਅਖੀਰ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕਰਨ ਦਾ ਹੁਕਮ ਸੁਣਾ ਦਿੱਤਾ ਗਿਆ। ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੇ ਚਿਹਰਿਆਂ 'ਤੇ ਸਜ਼ਾ ਦਾ ਭੋਰਾ ਵੀ ਗਮ ਨਹੀਂ ਸੀ ਅਤੇ ਉਹ ਜੈਕਾਰੇ ਲਾਉਂਦੇ ਹੋਏ ਸ਼ਹੀਦ ਹੋ ਗਏ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਮਾਤਾ ਗੁਜਰੀ ਜੀ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਠੰਡੇ ਬੁਰਜ 'ਚ ਗੁਰਪੁਰੀ ਸਿਧਾਰ ਗਏ। ਗੁਰੂ ਘਰ ਦੇ ਅਨਿੰਨੇ ਪ੍ਰੇਮੀ ਦੀਵਾਨ ਟੋਡਰ ਮੱਲ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸਸਕਾਰ ਸੋਨੇ ਦੀਆਂ ਮੋਹਰਾਂ ਦੇ ਕੇ ਖਰੀਦੀ ਜ਼ਮੀਨ 'ਤੇ ਕੀਤਾ, ਇਹ ਜ਼ਮੀਨ ਸੰਸਾਰ 'ਤੇ ਸਭ ਤੋਂ ਮਹਿੰਗੀ ਜ਼ਮੀਨ ਵਜੋਂ ਜਾਣੀ ਜਾਂਦੀ ਹੈ। ਇਸੇ ਸਥਾਨ 'ਤੇ ਅੱਜ ਕੱਲ ਗੁਰਦੁਆਰਾ ਜੋਤੀ ਸਰੂਪ ਸੁਭਾਇਮਾਨ ਹੈ।

ਗਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਛੋਟੀਆਂ ਜਿੰਦਾਂ ਦਾ ਵੱਡਾ ਸਾਕਾ ਹੈ। ਉਨ੍ਹਾਂ ਨੇ ਉਮਰ ਦੇ ਬੰਧਨ ਤੋੜ ਕੇ ਜਿਸ ਦ੍ਰਿੜ੍ਹਤਾ ਦਾ ਪ੍ਰਗਟਾਵਾ ਕੀਤਾ ਸੀ, ਉਹ ਲਾਸਾਨੀ ਹੈ। ਉਨ੍ਹਾਂ ਦੀ ਦ੍ਰਿੜ੍ਹਤਾ ਅਤੇ ਸਾਹਸ ਨੇ ਜੋ ਸੁਨਹਿਰੀ ਇਤਿਹਾਸ ਸਿਰਜਿਆ, ਉਹ ਅੱਜ ਵੀ ਕੌਮ ਦਾ ਮਾਰਗਦਰਸ਼ਨ ਕਰ ਰਿਹਾ ਹੈ। ਸਿੱਖ ਕੌਮ ਨੂੰ ਮੇਰੀ ਅਪੀਲ ਹੈ ਕਿ ਸਾਨੂੰ ਇਸ ਅਦੁੱਤੀ ਸਾਕੇ ਤੋਂ ਵਰਤਮਾਨ ਵੰਗਾਰਾਂ ਨਾਲ ਸਿੱਝਣ ਵਾਸਤੇ ਪ੍ਰੇਰਨਾ ਹਾਸਲ ਕਰਨੀ ਚਾਹੀਦੀ ਹੈ। ਸੋ ਆਓ! ਮਹਾਨ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਉਨ੍ਹਾਂ ਵਲੋਂ ਵਿਖਾਏ ਸੱਚ ਅਤੇ ਧਰਮ ਦੇ ਮਾਰਗ 'ਤੇ ਚੱਲਣ ਅਤੇ ਬਾਣੀ ਤੇ ਬਾਣੇ ਨਾਲ ਜੁੜਨ ਦਾ ਪ੍ਰਣ ਕਰੀਏ।


Shyna

Content Editor

Related News