ਕਰੋੜਾਂ ਦਾ ਬੀਮਾ ਲੈਣ ਲਈ ਕੀਤਾ ਦਿਲ ਦਹਿਲਾ ਦੇਣ ਵਾਲਾ ਕਾਰਾ, ਫਿਲਮੀ ਸਟਾਈਲ 'ਚ ਖੇਡਿਆ ਖ਼ੌਫ਼ਨਾਕ ਖੇਡ

Wednesday, Jun 28, 2023 - 04:44 PM (IST)

ਕਰੋੜਾਂ ਦਾ ਬੀਮਾ ਲੈਣ ਲਈ ਕੀਤਾ ਦਿਲ ਦਹਿਲਾ ਦੇਣ ਵਾਲਾ ਕਾਰਾ, ਫਿਲਮੀ ਸਟਾਈਲ 'ਚ ਖੇਡਿਆ ਖ਼ੌਫ਼ਨਾਕ ਖੇਡ

ਫਤਿਹਗੜ੍ਹ ਸਾਹਿਬ (ਵਿਪਨ) : ਫਤਿਹਗੜ੍ਹ ਸਾਹਿਬ 'ਚ ਕਰੋੜਾਂ ਰੁਪਿਆਂ ਦਾ ਬੀਮਾ ਲੈਣ ਲਈ ਖ਼ੌਫਨਾਕ ਖੇਡ ਖੇਡਦਿਆਂ ਇਕ ਵਿਅਕਤੀ ਨੂੰ ਦਿਲ ਦਹਿਲਾ ਦੇਣ ਵਾਲੀ ਮੌਤ ਦਿੱਤੀ ਗਈ। ਇਹ ਸਭ ਕੁੱਝ ਇੰਨੇ ਫਿਲਮੀ ਸਟਾਈਲ 'ਚ ਕੀਤਾ ਗਿਆ ਤਾਂ ਜੋ ਕਿਸੇ ਨੂੰ ਵੀ ਸ਼ੱਕ ਨਾ ਹੋਵੇ। ਫਿਲਹਾਲ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਸਾਨੀਪੁਰ ਦੀ ਰਹਿਣ ਵਾਲੀ ਜੀਵਨਜੋਤ ਕੌਰ ਦਾ ਪਤੀ ਸੁਖਜੀਤ ਸਿੰਘ 19 ਤਾਰੀਖ਼ ਨੂੰ ਘਰੋਂ ਸ਼ਰਾਬ ਪੀਣ ਲਈ ਗਿਆ ਸੀ ਪਰ ਵਾਪਸ ਨਹੀਂ ਪਰਤਿਆਂ ਤਾਂ ਉਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾ ਦਿੱਤੀ। ਮੁੱਢਲੀ ਜਾਂਚ ਦੌਰਾਨ ਪੁਲਸ ਨੂੰ ਸੁਖਜੀਤ ਸਿੰਘ ਦਾ ਮੋਟਰਸਾਈਕਲ ਅਤੇ ਚੱਪਲਾਂ ਪਟਿਆਲਾ ਰੋਡ 'ਤੇ ਨਹਿਰ ਕੋਲੋਂ ਮਿਲੀਆਂ ਤਾਂ ਸਭ ਇਸ ਨੂੰ ਖ਼ੁਦਕੁਸ਼ੀ ਦਾ ਮਾਮਲਾ ਸਮਝਣ ਲੱਗੇ ਪਰ ਪੁਲਸ ਨੂੰ ਸ਼ੱਕ ਉਸ ਵੇਲੇ ਹੋਇਆ, ਜਦੋਂ ਸੁਖਜੀਤ ਸਿੰਘ ਦਾ ਮੋਬਾਇਲ ਨਹਿਰ ਤੋਂ ਇਕ ਕਿਲੋਮੀਟਰ ਦੂਰੀ 'ਤੇ ਜ਼ਮੀਨ 'ਚ ਦੱਬਿਆ ਮਿਲਿਆ।

ਇਹ ਵੀ ਪੜ੍ਹੋ : ਮਾਲੀ ਸੰਕਟ 'ਚ ਘਿਰੀ ਪੰਜਾਬ ਸਰਕਾਰ ਨੂੰ ਹੁਣ ਕੇਂਦਰ ਤੋਂ ਆਸ, ਜਾਣੋ ਪੂਰਾ ਮਾਮਲਾ

ਸੁਖਜੀਤ ਦੀ ਪਤਨੀ ਨੇ ਪੁਲਸ ਨੂੰ ਦੱਸਿਆ ਕਿ ਕੁੱਝ ਦਿਨਾਂ ਤੋਂ ਰਾਮਦਾਸ ਨਗਰ ਸਾਨੀਪੁਰ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਉਸ ਦੇ ਪਤੀ ਦਾ ਦੋਸਤ ਬਣਿਆ ਸੀ ਅਤੇ ਉਸ ਨੂੰ ਸ਼ਰਾਬ ਪਿਲਾਉਂਦਾ ਸੀ। ਜਦੋਂ ਪੁਲਸ ਨੇ ਜਾਂਚ ਅੱਗੇ ਵਧਾਈ ਤਾਂ ਪਤਾ ਲੱਗਿਆ ਕਿ ਗੁਰਪ੍ਰੀਤ ਮਰ ਚੁੱਕਿਆ ਹੈ ਅਤੇ ਉਸ ਦੀ ਸੜਕ ਹਾਦਸੇ 'ਚ ਮੌਤ ਹੋਣ ਦਾ ਦਾਅਵਾ ਕਰਦੇ ਹੋਏ ਉਸ ਦੀ ਪਤਨੀ ਖੁਸ਼ਦੀਪ ਕੌਰ ਨੇ ਪੁਲਸ ਥਾਣੇ 'ਚ ਦੁਰਘਟਨਾ ਦਾ ਮਾਮਲਾ ਦਰਜ ਕਰਾਇਆ ਹੈ। ਇਸੇ ਦੌਰਾਨ ਪੁਲਸ ਨੂੰ ਬੁਰੀ ਤਰ੍ਹਾਂ ਕੁਚਲੀ ਹੋਈ ਲਾਸ਼ ਬਰਾਮਦ ਹੋਈ, ਜਿਸ ਦੀ ਪਛਾਣ ਖ਼ੁਸ਼ਦੀਪ ਕੌਰ ਨੇ ਆਪਣੇ ਪਤੀ ਗੁਰਪ੍ਰੀਤ ਸਿੰਘ ਵਜੋਂ ਕੀਤੀ। ਪੁਲਸ ਨੇ ਸੜਕ ਹਾਦਸੇ ਦਾ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ, ਜਿਸ ਦਾ ਸਸਕਾਰ ਕਰ ਦਿੱਤਾ ਗਿਆ। ਕਹਾਣੀ 'ਚ ਮੋੜ ਉਸ ਵੇਲੇ ਆਇਆ, ਜਦੋਂ ਗੁਰਪ੍ਰੀਤ ਸਿੰਘ ਜ਼ਿੰਦਾ ਮਿਲਿਆ।

ਇਹ ਵੀ ਪੜ੍ਹੋ : ਪੰਜਾਬ ਦੇ ਰਾਜਪਾਲ ਨੇ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕੀਤੀ ਬੰਦ, ਜਹਾਜ਼ ਰਾਹੀਂ ਪੁੱਜੇ ਸ਼੍ਰੀਨਗਰ

ਪੁਲਸ ਨੇ ਜਾਂਚ ਨੂੰ ਅੱਗੇ ਵਧਾਇਆ ਤਾਂ ਪਤਾ ਲੱਗਿਆ ਕਿ ਗੁਰਪ੍ਰੀਤ ਹਲਦੀ ਰਾਮ ਐਂਡ ਕੰਪਨੀ ਦਾ ਥੋਕ ਵਿਕਰੇਤਾ ਹੈ ਅਤੇ ਉਸ ਨੂੰ ਕਾਰੋਬਾਰ 'ਚ ਘਾਟਾ ਪੈਣ ਕਾਰਨ ਉਸ ਦਾ ਦਿਮਾਗ ਪੁੱਠਾ ਚੱਲਣ ਲੱਗ ਪਿਆ। ਉਸ ਦੇ ਆਪਣੇ ਦੋਸਤ ਰਾਜੇਸ਼ ਸ਼ਰਮਾ ਤੋਂ 4 ਕਰੋੜ ਰੁਪਏ ਦਾ ਦੁਰਘਟਨਾ ਬੀਮਾ ਕਰਵਾਇਆ। ਰਾਜੇਸ਼ ਨੇ ਉਸ ਨੂੰ ਦੱਸਿਆ ਕਿ ਮੌਤ ਦੇ ਸਰਟੀਫਿਕੇਟ ਅਤੇ ਪੋਸਟ ਮਾਰਟਮ ਦੀ ਰਿਪੋਰਟ ਦੇ ਆਧਾਰ 'ਤੇ ਸਾਰੀ ਰਕਮ ਵਾਰਸਾਂ ਨੂੰ ਮਿਲੇਗੀ। ਇਸ ਤੋਂ ਬਾਅਦ ਹੀ ਗੁਰਪ੍ਰੀਤ ਅਤੇ ਰਾਜੇਸ਼ ਨੇ ਮਿਲ ਕੇ ਸੁਖਜੀਤ ਦੇ ਕਤਲ ਦੀ ਯੋਜਨਾ ਬਣਾਈ। ਉਹ ਸੁਖਜੀਤ ਸਿੰਘ ਨੂੰ ਪਹਿਲਾਂ ਰਾਜਪੁਰਾ ਲੈ ਗਏ। ਉੱਥੇ ਉਸ ਨੂੰ ਸ਼ਰਾਬ 'ਚ ਨਸ਼ਾ ਮਿਲਾ ਕੇ ਪਿਲਾਇਆ। ਜਦੋਂ ਸੁਖਜੀਤ ਨੂੰ ਕੋਈ ਹੋਸ਼ ਨਾ ਰਹੀ ਤਾਂ ਉਸ ਦੇ ਸਿਰ ਅਤੇ ਚਿਹਰੇ 'ਤੇ 2 ਵਾਰ ਮੁਲਜ਼ਮਾਂ ਨੇ ਟਰੱਕ ਚੜ੍ਹਾ ਦਿੱਤਾ ਤਾਂ ਜੋ ਉਸ ਦੀ ਪਛਾਣ ਨਾ ਹੋ ਸਕੇ। ਇਹ ਕਤਲ ਦੀ ਯੋਜਨਾ 10 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਫਿਲਹਾਲ ਪੁਲਸ ਨੇ ਗੁਰਪ੍ਰੀਤ ਸਿੰਘ, ਉਸ ਦੀ ਪਤਨੀ ਖ਼ੁਸ਼ਦੀਪ ਕੌਰ, ਸੁਖਵਿੰਦਰ ਸਿੰਘ ਸੰਘਾ, ਜਸਪਾਲ ਸਿੰਘ, ਦਿਨੇਸ਼ ਕੁਮਾਰ ਅਤੇ ਰਾਜੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਵਾਰਦਾਤ 'ਚ ਵਰਤਿਆ ਗਿਆ ਟਰੱਕ, ਕਾਰਾਂ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News