ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਜਲਦ ਫੜਨਗੇ ਭਾਜਪਾ ਦਾ ਪੱਲਾ!
Thursday, Jan 17, 2019 - 05:26 PM (IST)
ਬੱਸੀ ਪਠਾਣਾਂ (ਰਾਜਕਮਲ)—ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ 'ਆਪ' ਦੇ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਵਲੋਂ ਜਿਥੇ ਫਰਵਰੀ ਦੇ ਪਹਿਲੇ ਹਫ਼ਤੇ ਭਾਜਪਾ ਦਾ ਹੱਥ ਫੜਨ ਦੇ ਸੰਕੇਤ ਮਿਲ ਰਹੇ ਹਨ, ਉਥੇ ਮੈਂਬਰ ਪਾਰਲੀਮੈਂਟ ਤੋਂ ਵੀ ਅਸਤੀਫਾ ਦਿੱਤੇ ਜਾਣ ਸਬੰਧੀ ਕਿਹਾ ਜਾ ਰਿਹਾ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਰਾਹੀਂ ਐੱਮ. ਪੀ. ਖਾਲਸਾ ਦੀ ਭਾਜਪਾ ਹਾਈਕਮਾਨ ਨਾਲ ਗੁਪਤ ਮੀਟਿੰਗ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬਣਾਏ ਜਾਣ ਦੀ ਗੱਲਬਾਤ ਵੀ ਕਹੀ ਜਾ ਰਹੀ ਹੈ। ਬੇਸ਼ੱਕ ਇਹ ਸੀਟ ਭਾਜਪਾ ਦੇ ਕੋਟੇ ਵਿਚ ਨਹੀਂ ਆਉਂਦੀ ਪਰ ਜੇ ਅਦਲਾ-ਬਦਲੀ ਦੇ ਚੱਕਰ ਵਿਚ ਫਤਿਹਗੜ੍ਹ ਸਾਹਿਬ ਲੋਕ ਸਭਾ ਸੀਟ ਭਾਜਪਾ ਦੇ ਹਿੱਸੇ ਆਉਂਦੀ ਹੈ ਤਾਂ ਹਰਿੰਦਰ ਸਿੰਘ ਖਾਲਸਾ ਦਾ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ- ਭਾਜਪਾ ਦੇ ਉਮੀਦਵਾਰ ਵਜੋਂ ਚੋਣ ਲੜਨਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ।
ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਅਤੇ ਜੂਨੀਅਰ ਲੀਡਰਸ਼ਿਪ ਨੂੰ ਐੱਮ. ਪੀ. ਖਾਲਸਾ ਨੇ ਭਰੋਸੇ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ ਅਤੇ ਗੁਪਤ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਕਿ ਉਮੀਦਵਾਰ ਐਲਾਨ ਹੋਣ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਵੀ ਵਿਰੋਧ ਦਾ ਸਾਹਮਣਾ ਨਾ ਕਰਨਾ ਪਵੇ। 1984 ਵਿਚ ਸਿੱਖ ਵਿਰੋਧੀ ਦੰਗਿਆਂ ਦੌਰਾਨ 'ਤਖ਼ਤ ਤੋਂ ਤਖ਼ਤੇ 'ਤੇ ਆਉਂਦਿਆਂ' ਦਿੱਤਾ ਗਿਆ ਭਾਰਤੀ ਰਾਜਦੂਤ ਦੇ ਅਹੁਦੇ ਤੋਂ ਅਸਤੀਫਾ ਵੀ ਸਿੱਖ ਵੋਟਰਾਂ ਨੂੰ ਲੁਭਾਉਣ ਵਿਚ ਸਹਾਇਕ ਸਿੱਧ ਹੁੰਦਾ ਦਿਖਾਈ ਦੇ ਰਿਹਾ ਹੈ। ਜਦੋਂ ਇਸ ਪੂਰੇ ਮਾਮਲੇ ਸਬੰਧੀ ਹਰਿੰਦਰ ਸਿੰਘ ਖਾਲਸਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਚੋਂ ਇਕ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸਭ ਕੁੱਝ ਜਨਤਾ ਦੇ ਸਾਹਮਣੇ ਆ ਜਾਵੇਗਾ। ਸਮੇਂ ਤੋਂ ਪਹਿਲਾਂ ਕੁੱਝ ਬੋਲਣਾ ਸਹੀ ਨਹੀਂ ਪਰ ਉਹ ਇੰਨਾ ਜ਼ਰੂਰ ਚਾਹੁੰਦੇ ਹਨ ਕਿ ਉਹ ਸ਼ਹੀਦਾਂ ਦੀ ਧਰਤੀ 'ਤੇ ਇਸ ਹਲਕੇ ਦੀ ਸੇਵਾ ਮੁੜ ਤੋਂ ਕਰਨ।