ਘੁੱਪ ਹਨੇਰੀ ਸਰਹਿੰਦ ’ਚ ਕਿਵੇਂ ਬਲਿਆ ਸਿਵੇ ਦਾ ਚਿਰਾਗ...?

12/27/2019 11:02:47 AM

ਸ੍ਰੀ ਫਤਿਹਗੜ੍ਹ ਸਹਿਬ/ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ) - ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਸ਼ਹਾਦਤ ਮਗਰੋਂ ਸਰਹਿੰਦ ’ਚ ਘੁੱਪ ਹਨੇਰੇ ਦਾ ਆਲਮ ਛਾ ਗਿਆ। ਮਨੁੱਖਤਾ ਨੂੰ ਮੁਹੱਬਤ ਕਰਨ ਵਾਲਿਆਂ ਦੇ ਘਰਾਂ ਦੇ ਚੁੱਲ੍ਹੇ ਸੀਤ ਹੋ ਗਏ। ਕਤਲਗਾਹ ਬਣੀ ਸੂਬੇ ਦੀ ਕਚਹਿਰੀ ’ਚੋਂ ਸਾਹਿਬਜ਼ਾਦਿਆਂ ਦੀਆਂ ਮ੍ਰਿਤਕ ਦੇਹਾਂ ਚੁੱਕ ਕੇ ਮੁਗਲ ਸਿਪਾਹੀਆਂ ਨੇ ਜਾ ਕੇ ਪਿਛਵਾੜੇ ਉਜਾੜੇਨੁਮਾ ਥਾਂ ਸੁੱਟ ਦਿੱਤੀਆਂ ਤਾਂ ਕਿ ਇੱਥੋਂ ਜੰਗਲੀ ਅਤੇ ਆਵਾਰਾ ਜੀਵ ਉਨ੍ਹਾਂ ਨੂੰ ਖੁਦ ਨੋਚ-ਨੋਚ ਕੇ ਖਾ ਜਾਣਗੇ। ਉਸ ਵੇਲੇ ਜਦੋਂ ਵਜ਼ੀਦ ਖਾਨ ਦੇ ਜ਼ੁਲਮ ਦੀ ਇੰਤਹਾ ਕਹਿਰ ਦਾ ਖੌਫ ਬਣ ਕੇ ਸਰਹਿੰਦ ਦੀ ਜਨਤਾ ਦੇ ਦਿਲਾਂ ਤੱਕ ਛਾਈ ਹੋਈ ਸੀ। ਆਵਾਮ ਦਾ ਵੱਡਾ ਹਿੱਸਾ ਇਸ ਲਾਮਿਸਾਲ ਘਟਨਾ ਦੀ ਪੀੜ ਨਾ ਸਹਾਰਣ ਦੇ ਬਾਵਜੂਦ ਡਰਦਾ ਹਉਕਾ ਵੀ ਨਹੀਂ ਸੀ ਭਰ ਸਕਦਾ। ਉਸ ਵੇਲੇ ਸਰਹਿੰਦ ਦੇ ਇਕ ਪੂੰਜੀਪਤੀ ਅਤੇ ਵਪਾਰੀ ਦੀਵਾਨ ਟੋਡਰ ਮੱਲ ਨੇ ਇਕ ਸੰਕਲਪ ਭਰਪੂਰ ਤਜਵੀਜ਼ ਕੀਤੀ ਕਿ ਉਹ ਹਰ ਵਸੀਲੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀਆਂ ਮ੍ਰਿਤਕ ਦੇਹਾਂ ਦਾ ਸਸਕਾਰ ਕਰੇਗਾ। ਉਸਨੇ ਸ਼ਹਿਰ ਦੇ ਕੁਝ ਗੁਰੂ ਹਿਤੈਸ਼ੀ ਅਤੇ ਮਾਨਵਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਨਾਲ ਰਾਬਤਾ ਕੀਤਾ ਅਤੇ ਫਿਰ ਵਜ਼ੀਦ ਖਾਨ ਦੇ ਆਹਲਾ ਸਿਪਾਸਲਾਹ ਚੌਧਰੀ ਅੱਤੇ ਖਾਨ ਨਾਲ ਗੱਲ ਕੀਤੀ। ਖਾਨ ਪਹਿਲਾਂ ਤਾਂ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਜ਼ਮੀਨ ਦੇਣ ਲਈ ਰਜ਼ਾਮੰਦ ਹੋ ਗਿਆ ਅਤੇ ਪਿੱਛੋਂ ਜਦੋਂ ਇਸ ਦੀ ਖਬਰ ਸੂਬਾ-ਏ-ਸਰਹਿੰਦ ਨੂੰ ਹੋਈ ਤਾਂ ਉਸਨੇ ਆਪਣੀ ਸ਼ਰਤ ਲਾਗੂ ਕਰਦਿਆਂ ਦੀਵਾਨ ਟੋਡਰ ਮੱਲ ਨੂੰ ਕਿਹਾ ਕਿ ਇਸ ਬਦਲੇ ਉਸਨੂੰ ਓਨੀ ਥਾਂ ’ਤੇ ਖੜੀਆਂ ਮੋਹਰਾਂ ਅਦਾ ਕਰਕੇ ਮੁੱਲ ਤਾਰਨਾ ਹੋਵੇਗਾ, ਜੋ ਥਾਂ ਤਿੰਨ ਸਰੀਰਾਂ ਦੇ ਸਸਕਾਰ ਲਈ ਲੋੜ੍ਹੀਦੀ ਹੈ।

PunjabKesari

ਗੁਰੂ ਘਰ ਦੇ ਅਨਿਨ ਸੇਵਕ ਦੀਵਾਨ ਟੋਡਰ ਮੱਲ ਨੇ ਖੜ੍ਹੀਆਂ ਮੋਹਰਾਂ ਵਿਛਾ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਸਸਕਾਰ ਹਿਤ ਜਿਸ ਕਦਰ ਇਸ ਜ਼ਮੀਨ ਦਾ ਮੁੱਲ ਤਾਰਿਆ ਉਸ ਤਹਿਤ ਸਾਹਿਬਜ਼ਾਦਿਆਂ ਦੇ ਸਸਕਾਰ ਹਿਤ ਦੋ-ਦੋ ਮੀਟਰ ਅਤੇ ਮਾਤਾ ਜੀ ਦੇ ਸਸਕਾਰ ਲਈ 2.15 ਮੀਟਰ ਜਗ੍ਹਾ ’ਚ ਖਡ਼੍ਹੀਆਂ ਮੋਹਰਾਂ ਰੱਖੀਆਂ ਗਈਆਂ। ਇਸ ਤਰ੍ਹਾਂ ਸੰਪੂਰਨ ਥਾਂ ’ਚ ਖਡ਼੍ਹੀਆਂ ਕੀਤੀਆਂ ਗਈਆਂ ਕੁੱਲ ਮੋਹਰਾਂ ਦੀ ਗਿਣਤੀ 78000 ਅਤੇ ਮੋਹਰਾਂ ਦਾ ਵਜ਼ਨ 78 ਕਿਲੋ ਰਿਕਾਰਡ ਕੀਤਾ ਗਿਆ। ਜ਼ਮੀਨ ਦੀ ਇਹ ਵਡਮੁੱਲੀ ਕੀਮਤ ਦੁਨੀਆ ਦੇ ਇਤਿਹਾਸ ’ਚ ਕਦੇ ਵੀ ਕਿਸੇ ਨੇ ਇਸ ਭਾਅ ਅਜੇ ਤੱਕ ਅਦਾ ਨਹੀਂ ਕੀਤੀ ਜਿਸ ਲਈ ਅੱਜ ਤੱਕ ਸਭ ਤੋਂ ਮਹਿੰਗੇ ਮੁੱਲ ਜ਼ਮੀਨ ਖਰੀਦਣ ਦਾ ਦੀਵਾਨ ਟੋਡਰ ਮੱਲ ਦਾ ਇਹ ਰਿਕਾਰਡ ਹੈ।

ਸਾਹਿਬਜ਼ਾਦਿਆਂ ਦੇ ਸਸਕਾਰ ਲਈ ਜ਼ਮੀਨ ਖਰੀਦਣ ਉਪਰੰਤ ਜਦੋਂ ਸ਼ਹੀਦੀ ਬਿਬਾਨ ਤਿਆਰ ਕੀਤਾ ਤਾਂ ਉਸ ਵਕਤ ਦੀਵਾਨ ਟੋਡਰ ਮੱਲ ਦੇ ਨਾਲ ਉਸ ਦਾ ਪਰਿਵਾਰ ਅਤੇ ਭਾਈ ਮੋਤੀ ਰਾਮ ਮਹਿਰਾ ਜਿੱਥੇ ਸਮੇਤ ਪਰਿਵਾਰ ਮੌਜੂਦ ਸਨ ਉੱਥੇ ਉਨ੍ਹਾਂ ਤੋਂ ਇਲਾਵਾ ਭਾਈ ਰਾਮਾ, ਭਾਈ ਤਿਰਲੋਕਾ ਅਤੇ ਬਲੀਆਂ ਦਾ ਇਕ ਪਠਾਣ ਵੀ ਮੌਜੂਦ ਸਨ। ਮਾਤਾ ਗੁਜਰ ਕੌਰ ਜੀ ਦੀ ਮ੍ਰਿਤਕ ਦੇਹ ਅਤੇ ਉਨ੍ਹਾਂ ਦੇ ਦੋਵੇਂ ਪਾਸੇ ਸੀਸ ਕੱਟ ਕੇ ਜ਼ਰਦ ਕੀਤੀਆਂ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਰੱਖੀਆਂ ਗਈਆਂ। ਗਿਣਤੀ ਦੇ ਉਕਤ ਲੋਕਾਂ ਨੇ ਘੁੱਪ ਹਨੇਰੇ ’ਚ ਡੁੱਬੀ ਸਰਹਿੰਦ ਦੀ ਧਰਤੀ ’ਤੇ ਸ਼ਹੀਦਾਂ ਦੀਆਂ ਸ਼ਹਾਦਤਾਂ ਦੀ ਲੋਅ ਬਿਖੇਰਦਾ ਐਸਾ ਅੰਗੀਠਾ ਤਿਆਰ ਕੀਤਾ ਜੋ ਰਹਿੰਦੀ ਦੁਨੀਆ ਤੱਕ ਸ਼ਹਾਦਤਾਂ ਦੀ ਲੋਅ ਦਾ ਚਾਨਣ ਬਿਖੇਰਦਾ ਰਹੇਗਾ। ਉਹ ਸਮਾਂ ਸੀ ਜਦੋਂ ਗਿਣਤੀ ਦੀਆਂ ਅੱਖਾਂ ਸੇਜਲ ਰੂਪ ’ਚ ਸ਼ਹੀਦਾਂ ਨੂੰ ਅਗਨ ਸਪੁਰਦ ਕਰ ਰਹੀਆਂ ਸਨ। ਅੱਜ ਲੱਖਾਂ ਦੀ ਗਿਣਤੀ ’ਚ ਸੰਗਤ ਸੇਜਲ ਅੱਖਾਂ ਨਾਲ ਗੁ. ਜੋਤੀ ਸਰੂਪ ਸਾਹਿਬ ਵਿਖੇ ਨਤਮਸਤਕ ਹੋ ਕੇ ਅੱਜ ਦੇ ਦਿਨ ਇਨ੍ਹਾਂ ਸ਼ਹੀਦਾਂ ਨੂੰ ਅਕੀਦਤ ਦੇ ਫੁੱਲ ਅਰਪਿਤ ਕਰਦੀ ਹੈ। ਨੰਨ੍ਹੀਆਂ ਜਿੰਦਾਂ ’ਤੇ ਕਹਿਰ ਢਾਹੁਣ ਵਾਲੇ ਵਜ਼ੀਦੇ ਦਾ ਅੱਜ ਕੋਈ ਨਾਂ ਲੈਣਾ ਵੀ ਮੁਨਾਸਿਬ ਨਹੀਂ ਸਮਝਦਾ। ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਸਸਕਾਰ ਵਾਲੀ ਥਾਂ ’ਤੇ ਅੱਜ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ।

ਸਾਹਿਬਜ਼ਾਦਿਆਂ ਦੀਆਂ ਅਸਥੀਆਂ ਸੰਭਾਲਣ ਦਾ ਫਰਜ਼
ਕੁਝ ਲੋਕਾਂ ਦਾ ਤਰਕ ਹੈ ਕਿ ਦੀਵਾਨ ਟੋਡਰ ਮੱਲ ਦਾ ਜੱਦੀ ਪਿੰਡ ਕਾਕਡ਼ਾ ਭਵਾਨੀਗਡ਼੍ਹ ਲਾਗੇ ਹੈ, ਜਿੱਥੇ ਉਸਦੀ ਜ਼ਮੀਨ ਸੀ ਅਤੇ ਉਹ ਵਪਾਰਕ ਮਜਬੂਰੀਆਂ ਵਸ ਸਰਹਿੰਦ ਆ ਵਸਿਆ ਸੀ। ਜਦੋਂ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤਾਂ ਦੀਵਾਨ ਟੋਡਰ ਮੱਲ ਉਨ੍ਹਾਂ ਦੀਆਂ ਅਸਥੀਆਂ ਨੂੰ ਆਪਣੇ ਪਿੰਡ ਲੈ ਗਿਆ ਅਤੇ ਪਿੰਡ ਕਾਕਡ਼ਾ ਦੇ ਨਾਲ ਲੱਗਦੇ ਪਿੰਡ ਆਲੋਅਰਖ ’ਚ ਸਥਿਤ ਆਪਣੇ ਖੇਤਾਂ ’ਚ ਦਫਨ ਕਰ ਦਿੱਤੀਆਂ। ਇਸ ਅਸਥਾਨ ’ਤੇ ਅੱਜ ਗੁ. ਮੰਜੀ ਸਾਹਿਬ ਸੁਸ਼ੋਭਿਤ ਦੱਸਿਆ ਜਾਂਦਾ ਹੈ ਕਿ 1991 ’ਚ ਇਸ ਅਸਥਾਨ ਦਾ ਜਦੋਂ ਪੁਨਰ ਨਿਰਮਾਣ ਕੀਤਾ ਗਿਆ ਤਾਂ ਅਸਥੀਆਂ ਵਾਲੀ ਮਟਕੀ ਪ੍ਰਾਪਤ ਹੋਈ ਸੀ, ਜਿਸਨੂੰ ਮੁਡ਼ ਉਕਤ ਅਸਥਾਨ ’ਤੇ ਹੀ ਦਫਨਾ ਦਿੱਤਾ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਕਾਫੀ ਅਰਸਾ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਆਏ ਸਨ ਅਤੇ ਦੀਵਾਨ ਟੋਡਰ ਮੱਲ ਨੇ ਉਨ੍ਹਾਂ ਦੀ ਭਰਪੂਰ ਖਿਦਮਤ ਕੀਤੀ ਸੀ ਅਤੇ ਵਿਦਾਇਗੀ ਮੌਕੇ ਦੀਵਾਨ ਟੋਡਰ ਮੱਲ ਨੇ ਗੁਰੂ ਜੀ ਨੂੰ ਕੀਤੀ ਸੇਵਾ ’ਚ ਹੋਈਆਂ ਭੁੱਲਾਂ ਦੀ ਜਦੋਂ ਮੁਆਫੀ ਮੰਗਣ ਦੀ ਅਰਜੋਈ ਕੀਤੀ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੀਵਾਨ ਟੋਡਰ ਮੱਲ ਨੂੰ ਇਹ ਬਚਨ ਉਚਾਰਦਿਆਂ ਕਿਹਾ ਸੀ ਕਿ ਤੂੰ ਆਪਣਾ ਵਪਾਰ ਚਲਾ ਅਤੇ ਇਸ ਨੂੰ ਵਧਾ, ਅਜੇ ਤੈਥੋਂ ਅਸੀਂ ਹੋਰ ਵੀ ਵੱਡੀ ਸੇਵਾ ਲੈਣੀ ਹੈ। ਸ਼ਾਇਦ ਇਹੋ ਬਚਨ ਸਨ, ਜਿਨ੍ਹਾਂ ਨੇ ਦੀਵਾਨ ਟੋਡਰ ਮੱਲ ਨੂੰ ਸਸਕਾਰ ਮੌਕੇ ਭਾਰੀ ਕੀਮਤ ਚੁਕਾਉਣ ਮੌਕੇ ਥਿਡ਼ਕਣ ਨਹੀਂ ਦਿੱਤਾ। ਸਾਹਿਬਜ਼ਾਦਿਆਂ ਪ੍ਰਤੀ ਨਿਭਾਏ ਵਫਾਦਾਰੀ ਦੇ ਇਸ ਕਰਜ਼ ਉਪਰੰਤ ਮੁਗਲ ਹਕੂਮਤ ਦੀਵਾਨ ਟੋਡਰ ਮੱਲ ਦੀ ਦੁਸ਼ਮਣ ਬਣ ਗਈ ਅਤੇ ਲੰਬਾ ਅਰਸਾ ਉਨ੍ਹਾਂ ਨੂੰ ਆਪਣੀਆਂ ਸਾਜ਼ਿਸ਼ੀ ਨੀਤੀਆਂ ਦਾ ਸ਼ਿਕਾਰ ਬਣਾਉਂਦੀ ਰਹੀ। ਪਿੰਡ ਆਲੋਅਰਖ ’ਚ ਸਥਿਤ ਅਸਥਾਨ ਨੂੰ ਗੁ. ਜੋਤੀ ਸਰੂਪ ਸਾਹਿਬ ਤੋਂ ਸਜਾਇਆ ਜਾਣ ਵਾਲਾ ਨਗਰ ਕੀਰਤਨ ਇਸ ਦਾ ਪ੍ਰਤੀਕ ਮੰਨਿਆ ਗਿਆ ਹੈ। ਹਾਲਾਂਕਿ ਸ੍ਰੀ ਫਤਿਹਗਡ਼੍ਹ ਸਾਹਿਬ ਦੇ ਕੁਝ ਬਿਰਧ ਲੋਕ ਗੁ. ਜੋਤੀ ਸਰੂਪ ਸਾਹਿਬ ਦੀ ਸੇਵਾ ਮੌਕੇ ਕੁਝ ਅਸਥੀਆਂ ਪ੍ਰਾਪਤ ਹੋਣ ਦਾ ਵੀ ਦਾਅਵਾ ਕਰ ਰਹੇ ਹਨ।

PunjabKesari

ਬਾਬਾ ਮੋਤੀ ਰਾਮ ਮਹਿਰਾ ਦੀ ਲਾਮਿਸਾਲ ਕੁਰਬਾਨੀ
ਬਾਬਾ ਮੋਤੀ ਰਾਮ ਮਹਿਰਾ ਵਜ਼ੀਦ ਖਾਨ ਦੀ ਹਿਰਾਸਤ ’ਚ ਕੈਦੀਆਂ ਨੂੰ ਲੰਗਰ ਛਕਾਉਣ ਦਾ ਪ੍ਰਬੰਧ ਕਰਦੇ ਸਨ। ਉਨ੍ਹਾਂ ਦਾ ਆਰਥਕ ਪੱਖੋਂ ਪਰਿਵਾਰ ਜ਼ਿਆਦਾ ਅਮੀਰ ਨਹੀਂ ਸੀ ਪਰ ਕਿਰਤ-ਬਿਰਤ ਦੇ ਸਿਧਾਂਤ ਦੇ ਨਾਲ ਗੁਰੂ ਜੀ ਦਾ ਦਿਲੋਂ ਮੁਰੀਦ ਸੀ।ਜਿਸ ਰਾਤ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ’ਚ ਕੈਦ ਕੀਤਾ ਤਾਂ ਬਾਬਾ ਮੋਤੀ ਰਾਮ ਮਹਿਰਾ ਦੇ ਜ਼ਿਹਨ ’ਚ ਇਹ ਤਾਂਘ ਉਤਪਨ ਹੋਈ ਕਿ ਉਹ ਠੰਡੇ ਬੁਰਜ ’ਚ ਜਾ ਕੇ ਉਨ੍ਹਾਂ ਨੂੰ ਭੋਜਨ ਛਕਾਵੇ। ਪਰ ਡਿਊਟੀਆਂ ਦੀਆਂ ਪਾਬੰਦੀਆਂ ਨੇ ਉਨ੍ਹਾਂ ਦੀ ਇਹ ਸਧਰ ਪੂਰੀ ਨਾ ਹੋਣ ਦਿੱਤੀ। ਡਰ ਸੀ ਕਿ ਕੈਦੀਆਂ ਨੂੰ ਛਕਾਏ ਜਾਣ ਵਾਲੇ ਭੋਜਨ ’ਚੋਂ ਜੇਕਰ ਉਹ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਲਈ ਪ੍ਰਸ਼ਾਦੇ ਲੈ ਕੇ ਗਿਆ ਤਾਂ ਨਾਲ ਦੇ ਸਾਥੀ ਇਸਦਾ ਭੇਤ ਸਰਕਾਰ ਕੋਲ ਖੋਲ੍ਹ ਦੇਣਗੇ। ਰਾਤ ਵੇਲੇ ਜਦੋਂ ਬਾਬਾ ਮੋਤੀ ਰਾਮ ਘਰ ਆਏ ਤਾਂ ਉਨ੍ਹਾਂ ਆਪਣੀ ਇਸ ਮਜਬੂਰੀ ਬੱਝੀ ਖਾਹਿਸ਼ ਦਾ ਜ਼ਿਕਰ ਆਪਣੇ ਪਰਿਵਾਰਕ ਮੈਂਬਰਾਂ ਕੋਲ ਕੀਤਾ। ਇਹ ਸੁਣ ਕੇ ਸਮੁੱਚੇ ਪਰਿਵਾਰ ਨੇ ਉਨ੍ਹਾਂ ਨੂੰ ਕਿਸੇ ਵੀ ਕੀਮਤ ਇਸ ਸੇਵਾ ਤੋਂ ਪਿੱਛੇ ਨਾ ਮੁਡ਼ਨ ਦੀ ਗੱਲ ਕੀਤੀ। ਪਰਿਵਾਰਕ ਮੈਂਬਰਾਂ ਦੇ ਕਹਿਣ ’ਤੇ ਜਦੋਂ ਉਹ ਰਾਤ ਦੇ ਹਨੇਰੇ ’ਚ ਦੁੱਧ ਲੈ ਕੇ ਠੰਡੇ ਬੁਰਜ ਵੱਲ ਗਏ ਤਾਂ ਥਾਂ-ਥਾਂ ’ਤੇ ਸੂਬੇ ਦੇ ਸਿਪਾਹੀ ਪਹਿਰਾ ਦੇ ਰਹੇ ਸਨ।

ਬਾਬਾ ਮੋਤੀ ਰਾਮ ਹਜ਼ਾਰਾਂ ਕੋਸ਼ਿਸ਼ਾਂ ਦੇ ਬਾਵਜੂਦ ਠੰਡੇ ਬੁਰਜ ਦੇ ਮੁੱਖ ਦਰਵਾਜ਼ੇ ਰਾਹੀਂ ਅੰਦਰ ਜਾਣ ’ਚ ਅਸਫਲ ਰਹੇ। ਇਤਿਹਾਸਕ ਪੱਖ ਅਨੁਸਾਰ ਉਨ੍ਹਾਂ ਦਾ ਘਰ ਸੂਬੇ ਦੇ ਦਰਬਾਰ ਦੇ ਆਸਪਾਸ ਹੀ ਸੀ। ਠੰਡੇ ਬੁਰਜ ਦੇ ਐਨ ਲਾਗੇ ਇਕ ਪਿੱਪਲ ਦਾ ਦਰੱਖਤ ਸੀ, ਜੋ ਕਾਫੀ ਲੰਬਾ ਅਰਸਾ ਬਾਅਦ ਤੱਕ ਮੌਜੂਦ ਰਿਹਾ। ਭਾਈ ਮੋਤੀ ਰਾਮ ਮਹਿਰਾ ਦੀ ਆਸਥਾ ਜਦੋਂ ਮਜਬੂਰੀ ’ਤੇ ਭਾਰੀ ਪੈ ਗਈ ਤਾਂ ਉਹ ਉਕਤ ਪਿੱਪਲ ’ਤੇ ਚਡ਼੍ਹ ਕੇ ਅਤੇ ਪਹਿਰੇਦਾਰਾਂ ਦੀਆਂ ਅੱਖਾਂ ’ਚ ਘੱਟਾ ਪਾ ਕੇ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ’ਚ ਜਾ ਕੇ ਦੁੱਧ ਪਿਲਾਉਣ ’ਚ ਸਫਲ ਹੋਏ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੋਤੀ ਰਾਮ ਮਹਿਰਾ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਪ੍ਰਸ਼ਾਦਾ ਵੀ ਛਕਾਇਆ। ਦੋ ਦਿਨਾਂ ਦੀ ਇਸੇ ਖਿਦਮਤ ਤੋਂ ਪ੍ਰਸੰਨ ਹੋ ਕੇ ਮਾਤਾ ਜੀ ਨੇ ਮੁਖਾਰਬਿੰਦ ’ਚੋਂ ਇਹ ਸ਼ਬਦ ਉਚਾਰੇ ਸਨ।

ਧੰਨ ਮੋਤੀ ਜਿਨ ਪੁੰਨ ਕਮਾਇਆ, ਗੁਰ ਲਾਲਾਂ ਤਾਈਂ ਦੁੱਧ ਪਿਲਾਇਆ॥
ਜਿਸ ਵੇਲੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਬਿਬਾਨ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਬਾਬਾ ਮੋਤੀ ਰਾਮ ਮਹਿਰਾ ਦੀਵਾਨ ਟੋਡਰ ਮੱਲ ਦੇ ਬਰਾਬਰ ਇਸ ਦੀਆਂ ਰਸਮਾਂ ਨਿਭਾਅ ਰਹੇ ਸਨ। ਜਦੋਂ ਸਾਹਿਬਜ਼ਾਦਿਆਂ ਦੇ ਸਸਕਾਰ ਦੀਆਂ ਰਸਮਾਂ ਨਿਭਾਈਆਂ ਜਾਣ ਲੱਗੀਆਂ ਤਾਂ ਬਾਬਾ ਮੋਤੀ ਰਾਮ ਮਹਿਰਾ ਨੇ ਚੰਦਨ ਦੀ ਲੱਕਡ਼ ਦਾ ਖੁਦ ਪ੍ਰਬੰਧ ਕੀਤਾ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਸਸਕਾਰ ਮੌਕੇ ਸ਼ਾਮਲ ਹੋਇਆ।

PunjabKesari

ਪੰਜ ਪਿਆਰਿਆਂ ’ਚੋਂ ਇਕ ਭਾਈ ਹਿੰਮਤ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਭਾਈ ਮੋਤੀ ਰਾਮ ਮਹਿਰਾ ਦੀਆਂ ਨਿਸ਼ਕਾਮ ਸੇਵਾਵਾਂ ਨੂੰ ਵਿਰੋਧੀਆਂ ਨੇ ਹਕੂਮਤ ਕੋਲ ਇਸਲਾਮ ਤੇ ਸਰਕਾਰ ਵਿਰੋਧੀ ਕਾਰਵਾਈ ਦੱਸਕੇ ਸ਼ਿਕਾਇਤ ਕੀਤੀ। ਸੂਬਾ-ਏ-ਸਰਹਿੰਦ ਨੇ ਬਾਬਾ ਮੋਤੀ ਰਾਮ ਮਹਿਰਾ ਨੂੰ ਦਰਬਾਰ ’ਚ ਬੁਲਾ ਕੇ ਇਸਦਾ ਪ੍ਰਤੀਕਰਮ ਪੁੱਛਿਆ ਤਾਂ ਉਨ੍ਹਾਂ ਸਪੱਸ਼ਟ ਆਪਣੇ ਸੇਵਾ ਕਰਨ ਦੀ ਗੱਲ ਕਬੂਲ ਲਈ। ਉਨ੍ਹਾਂ ਨੂੰ ਇਸ ਗੁਨਾਹ ਬਦਲੇ ਸੂਬਾ-ਏ-ਸਰਹਿੰਦ ਨੇ ਕੋਹਲੂ ’ਚ ਪੀਡ਼ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ ਜਿਸ ਤਹਿਤ ਉਨ੍ਹਾਂ ਨਾਲ ਉਨ੍ਹਾਂ ਦੀ ਮਾਤਾ, ਪਤਨੀ ਅਤੇ ਇਕ ਨਿੱਕੇ ਪੁੱਤਰ ਨੂੰ ਵੀ ਜਿਊਂਦੇ ਜੀਅ ਕੋਹਲੂ ’ਚ ਪੀਡ਼ ਦਿੱਤਾ ਗਿਆ। ਦੀਵਾਨ ਟੋਡਰ ਮੱਲ ਦੀ ਤਰਜ਼ ’ਤੇ ਬਾਬਾ ਮੋਤੀ ਰਾਮ ਮਹਿਰਾ ਦੀ ਹਕੂਮਤ ਵਲੋਂ ਜ਼ੁਲਮ ਦੇ ਘੁੱਪ ਹਨੇਰੇ ’ਚ ਡੁੱਬੀ ਸਰਹਿੰਦ ਨੂੰ ਰੌਸ਼ਨੀ ਪ੍ਰਦਾਨ ਕਰਨ ਦੀ ਅਹਿਮ ਕੁਰਬਾਨੀ ਹੈ। ਸਾਕਾ ਸਰਹਿੰਦ ’ਚ ਇਨ੍ਹਾਂ ਸ਼ਹੀਦਾਂ ਤੋਂ ਇਲਾਵਾ ਜਿਨ੍ਹਾਂ ਸ਼ਹੀਦਾਂ ਨੇ ਮਾਸੂਮ ਸਾਹਿਬਜ਼ਾਦਿਆਂ ਦੀ ਕੁਰਬਾਨੀ ’ਚ ‘ਹਾਅ ਦਾ ਨਾਅਰਾ’ ਮਾਰਿਆ ਉਨ੍ਹਾਂ ਦੇ ਕਿਰਦਾਰਾਂ ਦੀ ਭੂਮਿਕਾ ਅਗਲੇ ਕਾਲਮਾਂ ’ਚ ਬਿਆਨ ਕੀਤੀ ਜਾਵੇਗੀ।


rajwinder kaur

Content Editor

Related News