ਗੁੱਜਰ ਪਰਿਵਾਰ ਦੀ ਲੜਕੀ ਹੋਈ ਲਾਪਤਾ, 2 ਹਫਤੇ ਬੀਤ ਜਾਣ ਤੋਂ ਬਾਅਦ ਵੀ ਪੁਲਸ ਦੇ ਹੱਥ ਖਾਲੀ
Monday, Dec 09, 2019 - 11:53 AM (IST)

ਫਤਿਆਬਾਦ (ਕੰਵਲ) : ਥਾਣਾ ਗੋਇੰਦਵਾਲ ਸਾਹਿਬ ਦੇ ਅਧੀਨ ਆਉਂਦੇ ਖਡੂਰ ਸਾਹਿਬ ਵਿਖੇ ਪਿਛਲੇ ਦਿਨੀਂ ਇਕ ਗੁੱਜਰ ਪਰਿਵਾਰ ਦੀ ਨਾਬਾਲਗ ਲੜਕੀ ਪਿਛਲੇ ਲਗਭਗ 2 ਹਫਤੇ ਤੋਂ ਲਾਪਤਾ ਹੈ, ਪਰ ਪੁਲਸ ਦੇ ਹੱਥ ਅਜੇ ਤੱਕ ਖਾਲੀ ਹਨ। ਪੁਲਸ ਨੂੰ ਦਿੱਤੇ ਬਿਆਨ 'ਚ ਮੁਰੀਦ ਮੁਹੰਮਦ ਪੁੱਤਰ ਸੁਦੀਨ ਵਾਸੀ ਨੇੜੇ ਰੇਲਵੇ ਸਟੇਸ਼ਨ, ਖਡੂਰ ਸਾਹਿਬ ਨੇ ਦੱਸਿਆ ਕਿ ਉਸਦੀ ਇਕ ਨਾਬਾਲਗ ਲੜਕੀ ਜਿਸ ਦੀ ਉਮਰ ਕਰੀਬ 14 ਸਾਲ ਹੈ, ਜਿਸ ਨੂੰ ਪਿਛਲੀ 23/11/2019 ਨੂੰ ਘਰ ਤੋਂ ਕੋਈ ਅਣਪਛਾਤਾ ਵਿਅਕਤੀ ਵਰਗਲਾ ਕੇ ਲੈ ਗਿਆ ਸੀ। ਮੁਰੀਦ ਮੁਹੰਮਦ ਨੇ ਦੱਸਿਆ ਕਿ ਮੇਰੀ ਲੜਕੀ ਘਰੋਂ ਕੋਈ ਵੀ ਕੀਮਤੀ ਸਾਮਾਨ ਜਾਂ ਨਕਦੀ ਨਹੀਂ ਲੈ ਕੇ ਗਈ। ਉਨ੍ਹਾਂ ਵਲੋਂ ਕਾਫੀ ਭਾਲ ਕੀਤੀ ਗਈ ਪਰ ਉਨ੍ਹਾਂ ਦੀ ਲੜਕੀ ਦਾ ਕੋਈ ਪਤਾ ਨਹੀਂ ਲੱਗ ਸਕਿਆ, ਜਿਸ ਤੋਂ ਬਾਅਦ ਉਨ੍ਹਾਂ ਵਲੋਂ 28/11/2019 ਨੂੰ ਚੌਕੀ ਖਡੂਰ ਸਾਹਿਬ ਵਿਖੇ ਇਤਲਾਹ ਦਿੱਤੀ ਗਈ ਅਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਲਗਭਗ 2 ਹਫਤੇ ਬੀਤ ਜਾਣ ਤੋਂ ਬਾਅਦ ਵੀ ਪੁਲਸ ਵਲੋਂ ਉਨ੍ਹਾਂ ਦੀ ਲੜਕੀ ਦਾ ਕੋਈ ਪਤਾ ਨਹੀਂ ਲੱਗ ਸਕਿਆ।
ਇਸ ਸਬੰਧੀ ਜਦੋਂ ਚੌਕੀ ਖਡੂਰ ਸਾਹਿਬ ਦੇ ਇੰਚਾਰਜ ਬਲਬੀਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਪੁਲਸ ਵਲੋਂ ਕਾਲ ਡਿਟੇਲ ਖੰਗਾਲੀ ਜਾ ਰਹੀ ਹੈ ਅਤੇ ਇਸ ਪਰਿਵਾਰ ਦੀ ਨੂੰਹ ਘਟਨਾ ਵਾਲੇ ਦਿਨ ਤੋਂ ਹੀ ਆਸੇ-ਪਾਸੇ ਹੋਈ ਹੈ ਅਤੇ ਲੜਕੀ ਵਲੋਂ ਉਸਦੇ ਫੋਨ ਤੋਂ ਹੀ ਸੰਪਰਕ ਕੀਤਾ ਗਿਆ ਸੀ ਅਤੇ ਉਸ ਤੋਂ ਪੁੱਛਗਿੱਛ ਲਈ ਤਲਬ ਕੀਤਾ ਹੈ ਜਲਦੀ ਹੀ ਦੋਸ਼ੀ ਪੁਲਸ ਹਿਰਾਸਤ 'ਚ ਹੋਣਗੇ।