ਕੋਰੋਨਾ ਕਹਿਰ ਦੌਰਾਨ ਨਵਾਂਸ਼ਹਿਰ ਦੇ ਪਠਵਾਲਾ ਤੋਂ ਚੰਗੀ ਖਬਰ, ਮ੍ਰਿਤਕ ਬਲਦੇਵ ਸਿੰਘ ਨੇ ਬੇਟੇ ਨੇ ਫਤਿਹ ਕੀਤੀ ਜੰਗ
Tuesday, Apr 07, 2020 - 03:45 PM (IST)
ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ) : ਕਰੀਬ 2 ਹਫਤੇ ਪਹਿਲਾਂ ਕੋਰੋਨਾ ਮਰੀਜ਼ਾਂ ਦੀ ਤੇਜ਼ੀ ਨਾਲ ਵੱਧਦੀ ਗਿਣਤੀ ਨੂੰ ਲੈ ਕੇ ਅਚਾਨਕ ਦੇਸ਼ ਅਤੇ ਪੰਜਾਬ ਦਾ ਐਪੀਸੈਂਟਰ ਬਣੇ ਨਵਾਂਸ਼ਹਿਰ ਤੋਂ ਚੰਗੀ ਖਬਰ ਆਈ ਹੈ। ਇੱਥੇ ਕੋਰੋਨਾ ਵਾਇਰਸ ਕਾਰਨ ਮੌਤ ਦੇ ਮੂੰਹ 'ਚ ਗਏ ਬਲਦੇਵ ਸਿੰਘ ਦੇ ਬੇਟੇ ਨੇ ਇਸ ਵਾਇਰਸ ਖਿਲਾਫ ਜੰਗ ਨੂੰ ਫਤਿਹ ਕਰ ਲਿਆ ਹੈ। ਸ਼ਹੀਦ ਭਗਤ ਸਿੰਘ ਜ਼ਿਲੇ ਦੇ ਕੋਰੋਨਾ ਵਾਇਰਸ ਤੋਂ ਮੁਕਤ ਹੋਏ ਪਠਵਾਲਾ ਦੇ ਨੌਜਵਾਨ ਫਤਿਹ ਸਿੰਘ (35) ਨੇ ਪਹਿਲੀ ਵਾਰ ਪੰਜਾਬ ਦੇ ਲੋਕਾਂ ਦੇ ਰੂ-ਬ-ਰੂ ਹੁੰਦੇ ਹੋਏ ਅਪੀਲ ਕੀਤੀ ਹੈ ਕਿ ਕੋਵਿਡ਼-19 ਦਾ ਮੁਕਾਬਲਾ ਘਰਾਂ 'ਚ ਰਹਿ ਕੇ, ਸਿਹਤ ਵਿਭਾਗ ਵਲੋਂ ਦੱਸਿਆ ਪੂਰਾ ਪਰਹੇਜ਼ ਕਰਕੇ ਅਤੇ ਆਪਣੀ ਅੰਦਰੂਨੀ ਇੱਛਾ ਸ਼ਕਤੀ ਨੂੰ ਮਜ਼ਬੂਤ ਕਰਕੇ ਕੀਤਾ ਜਾਵੇ।
ਇਹ ਵੀ ਪੜ੍ਹੋ : ਕੋਰੋਨਾ ਆਫਤ ਦੀ ਘੜੀ 'ਚ ਕੈਪਟਨ ਨੇ ਪੰਜਾਬ ਵਾਸੀਆਂ ਨੂੰ ਸੁਣਾਈ ਰਾਹਤ ਭਰੀ ਖਬਰ
ਉਸ ਨੇ ਕਿਹਾ ਕਿ ਉਹ ਜਦੋਂ ਤੋਂ ਸਿਵਲ ਹਸਪਤਾਲ ਨਵਾਂਸ਼ਹਿਰ ਆਪਣੇ ਪਰਿਵਾਰ ਸਮੇਤ ਇਲਾਜ ਲਈ ਆਏ ਹਨ, ਉਦੋਂ ਤੋਂ ਹੀ ਮੈਡੀਕਲ ਟੀਮ ਵਲੋਂ ਸਾਂਭ-ਸੰਭਾਲ ਅਤੇ ਦਿੱਤੀ ਲੋੜੀਂਦੀ ਦਵਾਈ ਅਤੇ ਪੌਸ਼ਟਿਕ ਭੋਜਨ ਲੈ ਰਹੇ ਹਨ ਅਤੇ ਡਾਕਟਰਾਂ ਦੀ ਸਾਂਭ-ਸੰਭਾਲ ਦਾ ਹੀ ਨਤੀਜਾ ਹੈ ਕਿ ਉਹ ਦੂਜੀ ਵਾਰ ਕੀਤੇ ਟੈਸਟ 'ਚ ਨੈਗੇਟਿਵ ਆਉਣ ਤੋਂ ਬਾਅਦ ਬੀਮਾਰੀ ਤੋਂ ਮੁਕਤ ਐਲਾਨਿਆ ਗਿਆ ਹੈ। ਫਤਿਹ ਸਿੰਘ ਨੇ ਸਿਵਲ ਹਸਪਤਾਲ, ਨਵਾਂਸ਼ਹਿਰ 'ਚੋਂ ਮਿਲੇ ਇਲਾਜ 'ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਲਾਜ ਦੇ ਨਾਲ ਅੰਦਰੂਨੀ ਇੱਛਾ ਸ਼ਕਤੀ ਦਾ ਮਜ਼ਬੂਤ ਹੋਣਾ ਵੀ ਇਸ ਬੀਮਾਰੀ ਦਾ ਟਾਕਰਾ ਕਰਨ 'ਚ ਮਦਦ ਕਰਦਾ ਹੈ।
ਬਲਵੰਤ ਸਿੰਘ ਦੇ ਪੋਤੇ-ਪੋਤੀਆਂ ਸਮੇਤ 8 ਦੇ ਸੈਂਪਲ ਨੈਗੇਟਿਵ
ਪਠਲਾਵਾ ਦੇ ਜਰਮਨ ਤੋਂ ਵਾਇਆ ਇਟਲੀ ਦੀ ਟ੍ਰੈਵਲ ਹਿਸਟਰੀ ਵਾਲੇ ਬਾਬਾ ਬਲਦੇਵ ਸਿੰਘ ਦੇ ਦਿਹਾਂਤ ਤੋਂ ਬਾਅਦ ਕੋਵਿਡ-19 ਦੇ ਮਰੀਜ਼ਾਂ 'ਚ ਇਕਦਮ ਵਾਧੇ ਨਾਲ ਪੰਜਾਬ 'ਚ ਚਰਚਾ 'ਚ ਆਏ ਨਵਾਂਸ਼ਹਿਰ ਲਈ ਐਤਵਾਰ ਚੰਗੀ ਖਬਰ ਲੈ ਕੇ ਆਇਆ। ਜ਼ਿਲੇ 'ਚ ਆਈਸੋਲੇਸ਼ਨ 'ਚ ਰੱਖੇ 18 ਮਰੀਜ਼ਾਂ 'ਚੋਂ 8 ਸੈਂਪਲ ਨੈਗੇਟਿਵ ਪਾਏ ਗਏ ਹਨ।
ਸੂਬੇ 'ਚ ਕੋਰੋਨਾ ਪੀੜਤਾਂ ਦਾ ਅੰਕੜਾ ਵਧਿਆ
ਸੂਬੇ 'ਚ ਹੁਣ ਤੱਕ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 92 ਤੱਕ ਪੁੱਜ ਗਈ ਹੈ। ਤਾਜ਼ਾ ਅੰਕੜਿਆਂ ਮੁਤਾਬਕ ਕੁੱਲ ਮਿਲਾ ਕੇ ਮੋਹਾਲੀ 'ਚ ਕੋਰੋਨਾ ਦੇ 26 ਪਾਜ਼ੇਟਿਵ ਕੇਸ, ਨਵਾਂਸ਼ਹਿਰ 'ਚ 19, ਹੁਸ਼ਿਆਰਪੁਰ 'ਚ 7, ਜਲੰਧਰ 'ਚ 6, ਲੁਧਿਆਣਾ 'ਚ 6, ਅੰਮ੍ਰਿਤਸਰ 'ਚ 10, ਪਟਿਆਲਾ 'ਚ 1, ਰੋਪੜ 'ਚ 3 ਕੇਸ, ਮਾਨਸਾ 'ਚ 5 ਕੇਸ, ਪਠਾਨਕੋਟ 'ਚ 2, ਫਰੀਦਕੋਟ 'ਚ 1, ਬਰਨਾਲਾ 'ਚ 1, ਕਪੂਰਥਲਾ 'ਚ 1, ਫਤਿਹਗੜ੍ਹ ਸਾਹਿਬ 'ਚ 2 ਅਤੇ ਮੋਗਾ 'ਚ ਕੋਰੋਨਾ ਵਾਇਰਸ ਦਾ ਇਕ ਕੇਸ ਸਾਹਮਣੇ ਆ ਚੁੱਕਾ ਹੈ।
ਇਹ ਵੀ ਪੜ੍ਹੋ : ਕੋਰੋਨਾ : ਅੱਧੀ ਰਾਤੀਂ ਪਿੰਡ ਵਾਲਿਆਂ ਨੂੰ ਪਈਆਂ ਭਾਜੜਾਂ, ਜਾਗ ਕੇ ਕੱਟਣੀ ਪਈ ਰਾਤ