ਰਿਕਸ਼ੇ ਵਾਲੇ ਬਜ਼ੁਰਗ ਦੀ ਤਕਦੀਰ ਨੇ ਰਾਤੋ-ਰਾਤ ਮਾਰੀ ਪਲਟੀ, ਬਣ ਗਿਆ ਕਰੋੜਪਤੀ

Tuesday, Apr 18, 2023 - 09:30 PM (IST)

 ਧਰਮਕੋਟ (ਸਤੀਸ਼) : ਉੱਪਰ ਵਾਲਾ ਜਦੋਂ ਕਿਸੇ ’ਤੇ ਮਿਹਰਬਾਨ ਹੁੰਦਾ ਹੈ ਤਾਂ ਆਪਣੀਆਂ ਮਿਹਰਾਂ ਦੇ ਖ਼ਜ਼ਾਨੇ ਖੋਲ੍ਹ ਦਿੰਦਾ ਹੈ। ਇਸੇ ਤਰ੍ਹਾਂ ਹੀ ਉੱਪਰ ਵਾਲੇ ਦੀ ਮਿਹਰ ਨਾਲ ਇਕ ਗ਼ਰੀਬ ਰਿਕਸ਼ੇ ਵਾਲੇ ਦੀ ਤਕਦੀਰ ਨੇ ਪਲਟੀ ਖਾਧੀ, ਜਦੋਂ ਉਸ ਨੂੰ ਢਾਈ ਕਰੋੜ ਰੁਪਏ ਦਾ ਵਿਸਾਖੀ ਬੰਪਰ ਨਿਕਲਿਆ । ਧਰਮਕੋਟ ਸ਼ਹਿਰ ਦੇ ਲਾਗਲੇ ਪਿੰਡ ਲੋਹਗੜ੍ਹ ਦਾ ਨਿਵਾਸੀ ਦੇਵ ਸਿੰਘ ਪੁੱਤਰ ਵਿਸਾਖਾ ਸਿੰਘ ਨਿਵਾਸੀ ਲੋਹਗੜ੍ਹ, ਜੋ ਰਿਕਸ਼ਾ ਚਲਾਉਂਦਾ ਹੈ। 85 ਸਾਲਾ ਇਹ ਬਜ਼ੁਰਗ ਪਿਛਲੇ 30 ਸਾਲਾਂ ਤੋਂ ਸੜਕਾਂ ’ਤੇ ਪਏ ਟੋਇਆਂ ਨੂੰ ਮਿੱਟੀ ਨਾਲ ਭਰ ਕੇ ਅਤੇ ਸੜਕਾਂ ਉੱਪਰ ਲੱਗੇ ਦਰੱਖ਼ਤਾਂ ਨੂੰ ਲਗਾਤਾਰ ਪਾਣੀ ਪਾ ਕੇ ਵਾਤਾਵਰਣ ਦੀ ਸ਼ੁੱਧਤਾ ਲਈ ਨਿਰਸਵਾਰਥ ਸੇਵਾ ਕਰ ਰਿਹਾ ਹੈ। ਪਰਉਪਕਾਰ ਦੇ ਇਸ ਕੰਮ ਬਦਲੇ ਉਸ ਨੂੰ ਕਈ ਵਾਰ ਸਿਆਸੀ ਵਿਅਕਤੀਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮਾਂ ਲਈ ਅਹਿਮ ਖ਼ਬਰ, ਮਈ ’ਚ ਮਿਲ ਸਕਦੇ ਨੇ ਸਥਾਈ ਨਿਯੁਕਤੀ ਦੇ ਆਰਡਰ

ਉਸ ਵੱਲੋਂ ਕੀਤੇ ਜਾ ਰਹੇ ਪਰਉਪਕਾਰ ਦੇ ਕੰਮ ਨੂੰ ਅਕਾਲ ਪੁਰਖ ਨੇ ਭਾਗ ਲਾ ਦਿੱਤੇ ਹਨ। ਇਸ ਦੌਰਾਨ ਦੇਵ ਸਿੰਘ ਨੇ ਦੱਸਿਆ ਕਿ ਉਸ ਨੇ 500 ਰੁਪਏ ਦਾ ਵਿਸਾਖੀ ਬੰਪਰ ਖਰੀਦਿਆ ਸੀ। ਉਹ ਪਹਿਲਾਂ ਵੀ ਲਾਟਰੀ ਦੀ ਟਿਕਟ ਖਰੀਦਦਾ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਵੱਲੋਂ ਇਸ ਵਾਰ ਖਰੀਦੀ ਗਈ ਲਾਟਰੀ ਟਿਕਟ ਉਸ ਨੂੰ ਕਰੋੜਪਤੀ ਬਣਾ ਦੇਵੇਗੀ। ਜਿਸ ਏਜੰਟ ਤੋਂ ਉਸ ਨੇ ਇਹ ਬੰਪਰ ਖਰੀਦਿਆ ਸੀ, ਜਦੋਂ ਉਸ ਨੇ ਉਸ ਦੇ ਘਰ ਆ ਕੇ ਸੂਚਿਤ ਕੀਤਾ ਕਿ ਉਨ੍ਹਾਂ ਦੀ ਢਾਈ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਉਸ ਦਾ ਪੂਰਾ ਪਰਿਵਾਰ ਖ਼ੁਸ਼ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਅਧਿਆਪਕਾਂ ਲਈ ਅਹਿਮ ਖ਼ਬਰ ; ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸ਼ੁਰੂ ਕੀਤਾ ਵਿਸ਼ੇਸ਼ ਪ੍ਰੋਗਰਾਮ

ਦੇਵ ਸਿੰਘ ਨੇ ਦੱਸਿਆ ਕਿ ਉਸ ਦੇ 4 ਪੁੱਤ ਅਤੇ ਇਕ ਧੀ ਹੈ। ਸਾਰੇ ਬੱਚੇ ਵਿਆਹੇ ਹੋਏ ਹਨ ਅਤੇ ਉਹ ਆਪਣੇ ਘਰ ਦਾ ਗੁਜ਼ਾਰਾ ਰਿਕਸ਼ਾ ਚਲਾ ਕੇ ਕਰਦਾ ਹੈ ਪਰ ਉਸ ਅਕਾਲ ਪੁਰਖ ਨੇ ਉਸ ਉੱਪਰ ਮਿਹਰ ਕੀਤੀ ਹੈ ਅਤੇ ਉਸ ਨੂੰ ਇੰਨੀ ਵੱਡੀ ਖੁਸ਼ੀ ਦਿੱਤੀ ਕਿ ਉਸ ਦੀ ਕਰੋੜਾਂ ਰੁਪਏ ਦੀ ਲਾਟਰੀ ਨਿਕਲੀ। ਦੇਵ ਸਿੰਘ ਨੇ ਦੱਸਿਆ ਕਿ ਉਹ ਇਨ੍ਹਾਂ ਪੈਸਿਆਂ ਨਾਲ ਆਪਣੇ ਬੱਚਿਆਂ ਨੂੰ ਵਧੀਆ ਘਰ ਬਣਾ ਕੇ ਦੇਵੇਗਾ ਅਤੇ ਆਪਣੀ ਜ਼ਿੰਦਗੀ ਆਨੰਦ ਨਾਲ ਬਿਤਾਏਗਾ। ਉਹ ਧਰਮ-ਕਰਮ ਦੇ ਕੰਮਾਂ ਨੂੰ ਤਰਜੀਹ ਦੇਵੇਗਾ ਤੇ ਆਪਣੇ ਪਰਉਪਕਾਰੀ ਕਾਰਜ ਲਗਾਤਾਰ ਜਾਰੀ ਰੱਖੇਗਾ।

ਇਹ ਖ਼ਬਰ ਵੀ ਪੜ੍ਹੋ : ਭ੍ਰਿਸ਼ਟਾਚਾਰੀਆਂ ਵੱਲੋਂ ਬਣਾਈ ਜਾਇਦਾਦ ਵੇਚ ਕੇ ਸਰਕਾਰੀ ਖਜ਼ਾਨੇ ’ਚ ਜਮ੍ਹਾ ਕਰਾਵਾਂਗੇ ਪੈਸਾ : ਭਗਵੰਤ ਮਾਨ
 


Manoj

Content Editor

Related News