ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁਕ ਅਬਦੁੱਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
Tuesday, Feb 25, 2025 - 09:26 PM (IST)

ਅੰਮ੍ਰਿਤਸਰ (ਸਰਬਜੀਤ) : ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੰਮੂ ਕਸ਼ਮੀਰ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ ਫਾਰੂਕ ਅਬਦੁੱਲਾ ਨਤਮਸਤਕ ਹੋਣ ਲਈ ਪਹੁੰਚੇ। ਇਸ ਦੌਰਾਨ ਜਿੱਥੇ ਉਨ ਨੇ ਇੱਕ ਆਮ ਸ਼ਰਧਾਲੂ ਵਾਂਗ ਗੁਰੂ ਘਰ ਦੇ ਦਰਸ਼ਨ ਕੀਤੇ ਉੱਥੇ ਹੀ ਕੜਾਹ ਪ੍ਰਸ਼ਾਦ ਦੀ ਦੇਗ ਵੀ ਕਰਵਾਈ। ਇਸ ਉਪਰੰਤ ਉਨਾਂ ਨੇ ਰਸ ਭਿੰਨੀ ਬਾਣੀ ਦਾ ਕੀਰਤਨ ਸੁਣਦੇ ਹੋਏ ਵਾਹਿਗੁਰੂ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਹਨਾਂ ਨੇ ਕਿਹਾ ਕਿ ਜੇਕਰ ਦੇਸ਼ ਇਕੱਠਾ ਹੋਵੇਗਾ ਤਾਂ ਹੀ ਅਸੀਂ ਕਿਸੇ ਮੁਸੀਬਤ ਦਾ ਸਾਹਮਣਾ ਕਰ ਸਕਾਂਗੇ। ਉਹਨਾਂ ਕਿਹਾ ਕਿ ਅਮਰੀਕਾ ਫਸਟ ਹੀ ਕਿਉਂ ਕਿਹਾ ਜਾਂਦਾ ਹੈ ਸਾਨੂੰ ਭਾਰਤ ਫਸਟ ਕਹਿਣ ਦੀ ਆਦਤ ਪਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਭਾਰਤ ਦੇਸ਼ ਸਾਰੇ ਧਰਮਾਂ ਅਤੇ ਜਾਤੀਆਂ ਦਾ ਸਾਂਝਾ ਦੇਸ਼ ਹੈ, ਭਾਰਤ ਉਸ ਦਾ ਵੀ ਹੈ ਜਿਸ ਦਾ ਕੋਈ ਧਰਮ ਨਹੀਂ ਹੈ ਅਤੇ ਇਸ ਭਾਵਨਾ ਨੂੰ ਅੱਜ ਸਰਕਾਰਾਂ ਨੂੰ ਸਮਝਣਾ ਪਵੇਗਾ। ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਤੇ ਫਾਰੂਕ ਅਬਦੁੱਲਾ ਨੇ ਕਿਹਾ ਕਿ ਜਿਹੜਾ ਪ੍ਰਦੇਸ਼ ਦੇਸ਼ ਦਾ ਮੁਕਟ ਸੀ ਉਸ ਉੱਤੇ ਕੇਂਦਰ ਵੱਲੋਂ ਕਾਲਖ ਲਗਾ ਦਿੱਤੀ ਗਈ ਹੈ, ਸਟੇਟ ਦੀ ਹੱਕਾਂ ਦਾ ਜਿਹੜਾ ਵਾਦਾ ਪਾਰਲੀਮੈਂਟ ਵਿੱਚ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਵੱਲੋਂ ਕੀਤਾ ਗਿਆ ਹੈ। ਉਹਨਾਂ ਨੂੰ ਉਮੀਦ ਹੈ ਕਿ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਆਪਣੇ ਇਸ ਵਾਅਦੇ 'ਤੇ ਖਰੇ ਉਤਰਨਗੇ। ਉਹਨਾਂ ਕਿਹਾ ਕਿ ਜਿਹੜੇ ਪਰਦੇਸਾਂ ਦੇ ਹੱਕ ਨਹੀਂ ਦਿੱਤੇ ਜਾ ਰਹੇ ਹਨ ਜਦੋਂ ਉਹ ਇਕੱਠੇ ਹੋਣਗੇ ਤਾਂ ਇਸ ਦਾ ਅਸਰ ਜ਼ਰੂਰ ਦਿਖਾਈ ਦੇਵੇਗਾ। ਉਹਨਾਂ ਨੇ ਇਸ ਦੀ ਉਦਾਹਰਣ ਬੀਤੇ ਕਿਸਾਨੀ ਅੰਦੋਲਨ ਨਾਲ ਦਿੱਤੀ। ਜਿਸ ਵਿੱਚ ਕੇਂਦਰ ਤਿੰਨੇ ਕਾਨੂੰਨ ਵਾਪਸ ਲੈਣ ਤੋਂ ਸਾਫ ਤੌਰ 'ਤੇ ਮੁਨਕਰ ਨਜ਼ਰ ਆ ਰਿਹਾ ਸੀ ਪਰ ਜਨਤਾ ਦੀ ਤਾਕਤ ਨੇ ਇਹ ਕਾਨੂੰਨ ਕੇਂਦਰ ਨੂੰ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ।
ਕਸ਼ਮੀਰ ਮਸਲੇ ਦੇ ਹੱਲ ਉੱਤੇ ਗੱਲ ਕਰਦਿਆ ਉਨ੍ਹਾਂ ਕਿਹਾ ਕਿ ਅੱਜ ਉਹ ਸਮਾਂ ਆ ਗਿਆ ਹੈ ਕਿ ਅਜਿਹੇ ਸਾਰੇ ਮਸਲਿਆਂ ਦਾ ਹੱਲ ਕਰਨ ਲਈ ਯੂਰੋਪੀਅਨ ਯੂਨੀਅਨ ਵਾਂਗੂ ਸਾਰਕ ਦੇਸ਼ਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਫਿਰ ਹੀ ਇਹਨਾਂ ਸਾਰੇ ਮਸਲਿਆਂ ਦਾ ਹੱਲ ਹੋ ਸਕਦਾ ਹੈ, ਦੁਨੀਆਂ ਭਰ ਵਿੱਚ ਫੈਲੀ ਸ਼ਾਂਤੀ ਅਤੇ ਹਥਿਆਰਾਂ ਬਾਰੇ ਗੱਲ ਕਰਦੇ ਉਹਨਾਂ ਕਿਹਾ ਕਿ ਜੇਕਰ ਵਿਸ਼ਵ ਵਿੱਚ ਅਸ਼ਾਂਤੀ ਨਹੀਂ ਹੋਵੇਗੀ ਤਾਂ ਉਹਨਾਂ ਕੰਪਨੀਆਂ ਨੂੰ ਕਿਵੇਂ ਫਾਇਦਾ ਹੋਵੇਗਾ ਜਿਹੜੇ ਵੱਡੀ ਗਿਣਤੀ ਵਿੱਚ ਹਥਿਆਰ ਪਾਣੀ ਦੇ ਜਹਾਜ਼ ਅਤੇ ਗੋਲੀ ਸਿੱਕਾ ਬਣਾਉਂਦੇ ਹਨ। ਉਹਨਾਂ ਵੱਲੋਂ ਆਪਣਾ ਸਾਮਾਨ ਵੇਚਣ ਵਾਸਤੇ ਵਿਸ਼ਵ ਭਰ ਦੇ ਵਿੱਚ ਅਸ਼ਾਂਤੀ ਦਾ ਮਾਹੌਲ ਪਹਿਲਾ ਕੀਤਾ ਗਿਆ ਹੈ।
ਅਮਰੀਕਾ ਵੱਲੋਂ ਭਾਰਤੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ ਵਿੱਚ ਗੱਲ ਕਰਦੇ ਹੋਏ ਫਾਰੂਕ ਅਬਦੁੱਲਾ ਨੇ ਕਿਹਾ ਕਿ ਭਾਰਤੀਆਂ ਨੂੰ 16 ਘੰਟੇ ਦੀ ਫਲਾਈਟ ਵਿੱਚ ਹੱਥ ਬੰਨ ਕੇ ਲੈ ਕੇ ਆਉਣ ਵਾਲੇ ਦੇਸ਼ ਤੋਂ ਅਸੀਂ ਕੀ ਉਮੀਦ ਰੱਖ ਸਕਦੇ ਹਾਂ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਟੂ ਪੁਆਇੰਟ ਵਨ ਮਿਲੀਅਨ ਡਾਲਰ ਫੰਡ ਰੋਕਣ ਦੇ ਬਾਰੇ ਉਹਨਾਂ ਕਿਹਾ ਕਿ ਇਸ ਦਾ ਖੁਲਾਸਾ ਹੋਣਾ ਚਾਹੀਦਾ ਹੈ ਕਿ ਉਹ ਫੰਡ ਕਿਸ ਨੂੰ ਭੇਜਿਆ ਗਿਆ ਤੇ ਉਹ ਕਿਸ ਕੰਮ ਲਈ ਵਰਤਿਆ ਗਿਆ। ਉਹਨਾਂ ਕਿਹਾ ਕਿ ਵੱਖ-ਵੱਖ ਪਾਰਟੀਆਂ ਇੱਕ ਦੂਜੇ ਉੱਪਰ ਇਸ ਨੂੰ ਲੈ ਕੇ ਇਲਜ਼ਾਮ ਲਗਾ ਰਹੀਆਂ ਹਨ। ਪਰ ਉਹਨਾਂ ਦੀ ਨਜ਼ਰ ਵਿੱਚ ਇਸ ਦਾ ਕੋਈ ਵੀ ਸਿੱਟਾ ਨਿਕਲਣ ਵਾਲਾ ਨਹੀਂ ਹੈ। ਹਰਿਮੰਦਰ ਸਾਹਿਬ ਪਹੁੰਚਣ ਤੇ ਫਾਰੂਕ ਅਬਦੁੱਲਾ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਸਵਰਗਾਂ ਦੇ ਇਸ ਘਰ ਵਿਖੇ ਨਤਮਸਤਕ ਹੋਣ ਲਈ ਆਉਂਦੇ ਰਹੇ ਹਨ ਕਿਉਂਕਿ ਇੱਥੇ ਅਪਾਰ ਆਤਮਕ ਸ਼ਾਂਤੀ ਦਾ ਅਨੁਭਵ ਹੁੰਦਾ ਹੈ ਅਤੇ ਉਹ ਅੱਜ ਪਰਮਾਤਮਾ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲਈ ਇੱਥੇ ਪਹੁੰਚੇ ਸਨ। ਇਸ ਦੌਰਾਨ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵੱਲੋਂ ਸੂਚਨਾ ਕੇਂਦਰ ਵਿਖੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8