ਕਿਸਾਨ ਤੇ ਖੇਤ ਮਜ਼ਦੂਰ ਯੂਨੀਅਨਾਂ ਵੱਲੋਂ ਪੰਜਾਬ ਭਰ ''ਚ ਮੋਟਰਸਾਈਕਲ ਮਾਰਚ ਜਾਰੀ

05/14/2019 3:25:34 PM

ਚੰਡੀਗੜ੍ਹ (ਭੁੱਲਰ) : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਮੌਜੂਦਾ ਚੋਣ ਪ੍ਰਣਾਲੀ 'ਤੇ ਸਵਾਲ ਉਠਾਉਂਦਿਆਂ ਸੂਬਾ ਪੱਧਰੀ ਜਾਗਰੂਕਤਾ ਮੁਹਿੰਮ ਛੇੜੀ ਹੋਈ ਹੈ ਜਿਸ ਅਧੀਨ ਰਾਜ ਭਰ 'ਚ ਮੋਟਰਸਾਈਕਲ ਮਾਰਚ ਕੀਤੇ ਜਾ ਰਹੇ ਹਨ। ਲੋਕਸਭਾ ਚੋਣ ਮੁਹਿੰਮ ਕਾਰਨ ਇਨ੍ਹਾਂ ਯੂਨੀਅਨਾਂ ਵੱਲੋਂ 15 ਮਈ ਬਠਿੰਡਾ ਵਿਖੇ ਵੱਡੀ ਰਾਜ ਪੱਧਰੀ ਕਾਨਫਰੰਸ ਵੀ ਕੀਤੀ ਜਾ ਰਹੀ ਹੈ। ਮੋਟਰਸਾਈਕਲ ਮਾਰਚ ਰਾਹੀਂ ਇਸ ਕਾਨਫਰੰਸ ਲਈ ਲਾਮਬੰਦੀ ਕੀਤੀ ਜਾ ਰਹੀ ਹੈ।

ਦੋਵਾਂ ਯੂਨੀਅਨਾਂ ਦੇ ਜਨਰਲ ਸਕੱਤਰਾਂ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਲਛਮਣ ਸਿੰਘ ਸੇਵੇਵਾਲਾ ਨੇ ਜਾਰੀ ਬਿਆਨ ਰਾਹੀਂ ਦੱਸਿਆ ਕਿ ਇਸ ਮੁਹਿੰਮ ਅਧੀਨ 12 ਜ਼ਿਲਿਆਂ ਦੇ 155 ਪਿੰਡਾਂ 'ਚ ਮਾਰਚ ਅਤੇ ਰੈਲੀਆਂ ਕੀਤੀਆਂ ਗਈਆਂ। ਮੋਟਰਸਾਈਕਲ ਮਾਰਚ ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ ਅਤੇ ਪਟਿਆਲਾ 'ਚ ਇਲਾਕੇ ਕਵਰ ਕੀਤੇ ਜਾ ਚੁੱਕੇ ਹਨ। ਦੋਵਾਂ ਯੂਨੀਅਨ ਆਗੂਆਂ ਨੇ ਕਿਹਾ ਕਿ ਵੋਟ ਪਾਰਟੀਆਂ ਚੋਣਾਂ ਜਿੱਤਣ ਲਈ ਲੋਕਾਂ ਨਾਲ ਅਨੇਕਾਂ ਕਿਸਮ ਦੇ ਲੁਭਾਉਣੇ ਵਾਅਦੇ ਕਰਦੀਆਂ ਹਨ ਪਰ ਪਿਛਲੇ 70 ਸਾਲਾਂ ਦੌਰਾਨ ਕੀਤੇ ਇਹ ਵਾਅਦੇ ਕਦੇ ਪੂਰੇ ਨਹੀਂ ਹੋਏ ਤੇ ਨਾ ਹੀ ਅਗਾਂਹ ਨੂੰ ਪੂਰੇ ਹੋਣੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਗੱਦੀ ਹਥਿਆਉਣ ਲਈ ਇਹ ਪਾਰਟੀਆਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਸਮੇਤ ਲੋਕਾਂ 'ਚ ਜਾਤਾਂ-ਧਰਮਾਂ ਦੇ ਨਾਂ 'ਤੇ ਵੰਡੀਆਂ ਪਾਉਣ, ਲੋਕਾਂ ਦੇ ਅਸਲ ਮੁੱਦੇ ਰੋਲਣ ਅਤੇ ਦੋਸਤ ਤੇ ਦੁਸ਼ਮਣ ਦੀ ਪਛਾਣ ਮੇਟਣ ਦਾ ਕੁਕਰਮ ਕਰਦੀਆਂ ਹਨ। ਉਨ੍ਹਾਂ ਆਖਿਆ ਕਿ ਕਰਜ਼ੇ, ਖੁਦਕੁਸ਼ੀਆਂ, ਬੇਰੋਜ਼ਗਾਰੀ ਵਰਗੀਆਂ ਸਮੱਸਿਆਵਾਂ ਦੇ ਹੱਲ ਲਈ ਖੇਤੀ ਤੇ ਸਨਅਤ ਦੇ ਜੁੜਵੇਂ ਵਿਕਾਸ ਲਈ ਢੁਕਵੀ ਨੀਤੀ ਅਪਨਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਚੋਣ ਪ੍ਰਣਾਲੀ 'ਤੇ ਟੇਕ ਰੱਖਣ ਲਈ ਲੋਕਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਦਾ ਰਾਹ ਹੀ ਅਪਣਾਉਣਾ ਪਵੇਗਾ।
 


Anuradha

Content Editor

Related News