ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਨਾਲ ਦੇਸ਼ ਅਨਾਜ ਪੂਰਤੀ ਦਾ ਟੀਚਾ ਹਾਸਲ ਨਹੀਂ ਕਰ ਸਕਦਾ
Sunday, Jul 02, 2017 - 11:36 AM (IST)

ਮੁਕੇਰੀਆਂ(ਸੁਦਰਸ਼ਨ)— ਖੇਤੀਬਾੜੀ ਦਾ ਧੰਦਾ ਕਿਸਾਨਾਂ ਲਈ ਕੋਈ ਲਾਭਕਾਰੀ ਨਹੀਂ ਰਿਹਾ। ਕਿਸਾਨਾਂ ਨੂੰ ਆਪਣੀ ਮਿਹਨਤ ਅਤੇ ਖੇਤੀ ਦੇ ਖਰਚ ਦੀ ਲਾਗਤ ਵੀ ਵਸੂਲ ਨਹੀਂ ਹੁੰਦੀ। ਬਹੁਤੇ ਕਿਸਾਨ ਅਜੇ ਵੀ ਸ਼ਾਹੂਕਾਰਾਂ ਤੋਂ ਉਧਾਰ ਲੈਂਦੇ ਹਨ ਅਤੇ ਕਰਜ਼ ਦੇ ਬੋਝ ਥੱਲੇ ਦੱਬ ਕੇ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਂਦੇ ਹਨ। ਉਪਰੋਕਤ ਸ਼ਬਦ ਬੁੱਢਾਬੜ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਆਯੋਜਿਤ ਇਕ ਸਭਾ 'ਚ ਕਾਮਰੇਡ ਬੇਅੰਤ ਲਾਲ ਨੇ ਕਹੇ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਕਿਸਾਨ ਵਿਰੋਧੀ ਨੀਤੀਆਂ ਅਪਣਾਈਆਂ, ਜਿਸ ਕਾਰਨ ਹਰ ਅੱਧੇ ਘੰਟੇ 'ਚ ਇਕ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ। ਖੇਤੀ ਦੀ ਰੀੜ੍ਹ ਦੀ ਹੱਡੀ ਕਿਸਾਨ ਹੁੰਦਾ ਹੈ। ਇਸ ਦ੍ਰਿਸ਼ਟੀਕੋਣ ਤੋਂ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨਾ ਅਫਸੋਸਜਨਕ ਹੈ ਅਤੇ ਪੂਰੀ ਵਿਵਸਥਾ 'ਤੇ ਇਕ ਕਲੰਕ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੁੰਦਾ ਰਹੇਗਾ, ਉਦੋਂ ਤੱਕ ਦੇਸ਼ ਅਨਾਜ ਪੂਰਤੀ ਦਾ ਟੀਚਾ ਹਾਸਲ ਨਹੀਂ ਕਰ ਸਕਦਾ।
ਸਭਾ ਨੂੰ ਕਾਮਰੇਡ ਦਵਿੰਦਰ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਦੀ ਆਮਦਨ ਨੂੰ ਵਧਾਉਣ ਲਈ ਸਰਕਾਰ ਵੱਲੋਂ ਕੋਈ ਸਿੱਧੇ ਰੂਪ 'ਚ ਮਦਦ ਨਹੀਂ ਕੀਤੀ ਜਾਂਦੀ, ਜਿਸ ਕਾਰਨ ਭਾਰਤ ਦਾ ਅੰਨਦਾਤਾ ਕਿਸਾਨ ਆਪਣਾ ਪਿਤਾਪੁਰਖੀ ਧੰਦਾ ਛੱਡ ਕੇ ਹੋਰ ਧੰਦਿਆਂ ਨੂੰ ਅਪਣਾਉਂਦਾ ਜਾ ਰਿਹਾ ਹੈ। ਖੇਤੀ ਤੋਂ ਹੋਣ ਵਾਲੇ ਇਸ ਪਲਾਇਨ ਦਾ ਦੇਸ਼ ਦੀ ਉਤਪਾਦਨ ਸਮਰੱਥਾ 'ਤੇ ਬਹੁਤ ਪ੍ਰਭਾਵ ਪੈ ਰਿਹਾ ਹੈ। ਸਭਾ 'ਚ ਹੋਰ ਕਿਸਾਨ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਖੇਤੀ ਦੇ ਧੰਦੇ ਨੂੰ ਸਭ ਤੋਂ ਜ਼ਿਆਦਾ ਢਾਅ ਉਪਜਾਊ ਜ਼ਮੀਨ 'ਤੇ ਬਣ ਰਹੇ ਵੱਡੇ-ਵੱਡੇ ਭਵਨਾਂ, ਹੋਟਲਾਂ, ਪੈਲੇਸਾਂ, ਫੈਕਟਰੀਆਂ ਆਦਿ ਨੇ ਲਾਈ ਹੈ। ਬੁਲਾਰਿਆਂ ਨੇ ਕਿਹਾ ਕਿ ਜੇਕਰ ਉਪਰੋਕਤ ਨਿਰਮਾਣ ਕਰਨੇ ਹੀ ਹਨ ਤਾਂ ਬੰਜਰ ਜ਼ਮੀਨਾਂ 'ਤੇ ਕੀਤੇ ਜਾਣ ਤਾਂ ਕਿ 2 ਤੋਂ 4 ਫਸਲਾਂ ਸਾਲਾਨਾ ਦੇਣ ਵਾਲੀਆਂ ਜ਼ਮੀਨਾਂ ਖੇਤੀ ਲਈ ਮਹਿਫੂਜ਼ ਰਹਿ ਸਕਣ। ਅਜਿਹੇ ਹਾਲਾਤ 'ਚ ਕਿਸਾਨਾਂ ਨੂੰ ਜਲਦ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ, ਜਿਸ ਕਾਰਨ ਮਾਲ ਵਿਭਾਗ ਅਤੇ ਇੰਸਪੈਕਟਰੀ ਰਾਜ ਪ੍ਰਣਾਲੀ ਦੀ ਤਾਨਾਸ਼ਾਹੀ ਕਿਸਾਨਾਂ ਨੂੰ ਦੁਖੀ ਨਾ ਕਰੇ ਅਤੇ ਕਿਸਾਨ ਖੁਦਕੁਸ਼ੀਆਂ ਨਾ ਕਰਨ। ਕਿਉਂਕਿ ਜਦੋਂ ਤੱਕ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੁੰਦਾ ਰਹੇਗਾ, ਉਦੋਂ ਤੱਕ ਦੇਸ਼ ਅਨਾਜ ਪੂਰਤੀ ਦਾ ਟੀਚਾ ਹਾਸਲ ਨਹੀਂ ਕਰ ਸਕਦਾ।