18 ਲੱਖ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨ ਨੇ ਕੀਤੀ ਖੁਦਕੁਸ਼ੀ

03/04/2020 5:11:54 PM

ਭਵਾਨੀਗੜ੍ਹ (ਵਿਕਾਸ) : ਇੱਥੋ ਦੇ ਨੇੜਲੇ ਪਿੰਡ ਬਲਵਾੜ ਕਲਾਂ ਦੇ ਇਕ ਕਰਜਈ ਕਿਸਾਨ ਦੀ ਲਾਸ਼ ਪਟਿਆਲਾ ਨੇੜੇ ਨਹਿਰ 'ਚੋਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਿਸਾਨ 'ਤੇ 18 ਲੱਖ ਦੇ ਕਰੀਬ ਦਾ ਕਰਜ਼ਾ ਸੀ ਅਤੇ ਕਿਸਾਨ ਪਿਛਲੇ ਦਿਨਾਂ ਤੋਂ ਆਪਣੇ ਘਰੋਂ ਗਾਇਬ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਬਲਵਾੜ ਦੇ ਪ੍ਰਧਾਨ ਨਾਜਰ ਸਿੰਘ ਬਲਵਾੜ ਨੇ ਦੱਸਿਆ ਕਿ 3 ਏਕੜ ਜ਼ਮੀਨ ਦੇ ਮਾਲਕ ਭੋਲਾ ਸਿੰਘ (41) ਪੁੱਤਰ ਤੇਜਾ ਸਿੰਘ ਵਾਸੀ ਬਲਵਾੜ ਕਲਾਂ 2 ਬੇਟੀਆਂ ਅਤੇ ਇੱਕ ਬੇਟੇ ਦਾ ਪਿਤਾ ਸੀ। ਉਸਨੇ ਦੋ ਸਾਲ ਪਹਿਲਾਂ ਆਪਣੀ ਵੱਡੀ ਬੇਟੀ ਨੂੰ ਆਈਲੈੱਟਸ ਕਰਵਾਈ ਸੀ ਅਤੇ ਵਿਆਹ 'ਤੇ ਖਰਚਾ ਕਰਕੇ ਉਸ ਨੂੰ ਵਿਦੇਸ਼ ਭੇਜਿਆ ਸੀ। ਪਰਿਵਾਰ ਅਨੁਸਾਰ ਭੋਲਾ ਸਿੰਘ ਦੇ ਸਿਰ ਵੱਖ-ਵੱਖ ਸਰਕਾਰੀ ਬੈਂਕਾਂ ਸਮੇਤ ਪ੍ਰਾਇਵੇਟ ਤੌਰ 'ਤੇ 18 ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਕਰਕੇ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨੀ 'ਚ ਚੱਲ ਰਿਹਾ ਸੀ। ਕੁਝ ਦਿਨ ਪਹਿਲਾਂ ਉਹ ਘਰੋਂ ਬਿਨ੍ਹਾਂ ਦੱਸੇ ਕਿਧਰੇ ਚਲਾ ਗਿਆ, ਜਿਸਦੀ ਬੁੱਧਵਾਰ ਸਵੇਰੇ ਲਾਸ਼ ਨਹਿਰ 'ਚੋਂ ਮਿਲੀ। ਕਿਸਾਨ ਯੂਨੀਅਨ ਨੇ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਈ ਹੋਰ ਕਿਸਾਨਾਂ ਵਲੋਂ ਵੀ ਕਰਜ਼ੇ ਕਾਰਨ ਖੁਦਕੁਸ਼ੀ ਕੀਤੀ ਗਈ ਹੈ। ਇਸ ਤੋਂ ਇਲਾਵਾ 29 ਫਰਵਰੀ ਨੂੰ ਮਾਨਸਾ 'ਚ 42 ਸਾਲਾ ਇੰਦਰਜੀਤ ਸਿੰਘ ਦੇ ਸਿਰ 'ਤੇ 5 ਲੱਖ ਦਾ ਕਰਜ਼ਾ ਸੀ, ਜਿਸ ਕਾਰਨ ਉਸ ਨੇ ਜ਼ਹਿਰੀਲੀ ਚੀਜ਼ ਪੀ ਕੀ ਆਤਮ-ਹੱਤਿਆ ਕਰ ਲਈ ਸੀ। ਇਸ ਤੋਂ ਇਲਾਵਾ ਜਨਵਰੀ 'ਚ ਪਿੰਡ ਮੋੜ ਖੁਰਦ ਦੇ ਇਕ ਕਿਸਾਨ ਇਕਬਾਲ ਸਿੰਘ ਨੇ ਜ਼ਹਿਰੀਲੀ ਵਸਤੂ ਨਿਗਲਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਮ੍ਰਿਤਕ ਦੇ ਸਿਰ 'ਤੇ ਕਰੀਬ 5 ਲੱਖ ਦਾ ਕਰਜ਼ਾ ਸੀ ਅਤੇ ਕਿਸਾਨ ਦੀ ਤਿੰਨ ਏਕੜ ਜ਼ਮੀਨ ਵੀ ਵਿਕ ਚੁੱਕੀ ਸੀ।
 

ਇਹ ਵੀ ਪੜ੍ਹੋ : ਕੀ 'Non Veg' ਖਾਣ ਨਾਲ ਹੋ ਸਕਦੈ ਕੋਰੋਨਾਵਾਇਰਸ?     


Anuradha

Content Editor

Related News