ਕਿਸਾਨਾਂ ਨੇ ਮਿੱਲ ਪ੍ਰਸ਼ਾਸਨ ਖਿਲਾਫ ਕੀਤੀ ਨਾਅਰੇਬਾਜ਼ੀ

02/18/2018 1:15:31 AM

ਗੁਰਦਾਸਪੁਰ,  (ਵਿਨੋਦ)-  ਗੰਨਾ ਉਤਪਾਦਕ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ 'ਚ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਝੰਡੇ ਹੇਠ ਸ਼ੂਗਰ ਮਿੱਲ ਦੇ ਪ੍ਰਬੰਧਕਾਂ ਖਿਲਾਫ ਸੰਘਰਸ਼ ਵਿੱਢਿਆ ਹੋਇਆ ਹੈ, ਜਿਸ ਤਹਿਤ ਬੀਤੇ ਦੋ ਦਿਨਾਂ ਤੋਂ ਮਿੱਲ ਦੇ ਮੁੱਖ ਗੇਟ ਅੱਗੇ ਪੱਕਾ ਧਰਨਾ ਲਾਇਆ ਹੋਇਆ ਹੈ ।ਕਿਸਾਨਾਂ ਨੇ ਅੱਜ ਮਿੱਲ ਦੇ ਮਾਲਕਾਂ, ਪ੍ਰਬੰਧਕਾਂ ਤੇ ਗੰਨਾ ਵਿਭਾਗ ਪੰਜਾਬ ਖਿਲਾਫ ਨਾਅਰੇਬਾਜ਼ੀ ਕੀਤੀ।
ਇਸ ਸਮੇਂ ਜਥੇਬੰਦੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਔਲਖ ਨੇ ਕਿਹਾ ਕਿ ਮਿੱਲ ਦੇ ਪ੍ਰਬੰਧਕ ਇਲਾਕੇ ਦੇ ਕਿਸਾਨਾਂ ਨੂੰ ਅਣਗੌਲਿਆਂ ਕਰ ਕੇ ਬਾਹਰਲੇ ਕਿਸਾਨਾਂ ਨੂੰ ਪਰਚੀਆਂ ਦਿੰਦੇ ਹਨ। ਦੋ ਮਹੀਨੇ ਬਾਅਦ ਵੀ ਕਿਸਾਨਾਂ ਨੂੰ ਵੇਚੇ ਗੰਨੇ ਦੀ ਅਦਾਇਗੀ ਨਹੀਂ ਕੀਤੀ ਗਈ । ਮਿੱਲ 'ਚ ਗੰਨਾ ਲਿਆਉਣ ਵਾਲੇ ਕਿਸਾਨਾਂ ਨੂੰ ਪਾਰਕਿੰਗ ਜਾਂ ਗੰਨਾ ਯਾਰਡ ਨਾ ਹੋਣ ਕਾਰਨ ਸੜਕਾਂ 'ਤੇ ਹੀ ਖੱਜਲ-ਖੁਆਰ ਹੋਣਾ ਪੈਂਦਾ ਹੈ। ਮਿੱਲ ਦੇ ਸੁਰੱਖਿਆ ਮੁਲਾਜ਼ਮ ਤੇ ਸਟਾਫ ਵੀ ਕਿਸਾਨਾਂ ਨਾਲ ਧੱਕਾ ਕਰਦਾ ਹੈ।
ਕਿਸਾਨਾਂ ਦੇ ਸੰਘਰਸ਼ ਕਾਰਨ ਬੀਤੇ ਕੱਲ ਦੀ ਸਵੇਰ ਤੋਂ ਇਕ ਵੀ ਗੰਨਿਆਂ ਵਾਲੀ ਟਰਾਲੀ ਮਿੱਲ 'ਚ ਦਾਖਲ ਨਹੀਂ ਹੋਈ, ਜਿਸ ਕਾਰਨ ਸੜਕਾਂ 'ਤੇ ਗੰਨੇ ਨਾਲ ਭਰੀਆਂ ਟਰਾਲੀਆਂ ਦੀਆਂ ਲਾਈਨਾਂ ਲੱਗ ਗਈਆਂ। 
ਹਾਲਾਤ ਵਿਗੜਦੇ ਦੇਖ ਪੁਲਸ ਵੱਲੋਂ ਮਿੱਲ ਕੰਪਲੈਕਸ ਤੇ ਬਾਹਰ ਡੀ.ਐੱਸ.ਪੀ ਵਰਿੰਦਰਪ੍ਰੀਤ ਸਿੰਘ ਦੀ ਅਗਵਾਈ 'ਚ ਫੋਰਸ ਤਾਇਨਾਤ ਕਰ ਦਿੱਤੀ । ਮਿੱਲ ਪ੍ਰਸ਼ਾਸਨ ਵੱਲੋਂ ਅੱਜ ਹੰਗਾਮੀ ਹਾਲਤਾਂ 'ਚ ਐੱਸ. ਡੀ. ਐੱਮ. ਬਟਾਲਾ ਰੋਹਿਤ ਚੌਧਰੀ, ਨਾਇਬ ਤਹਿਸੀਲਦਾਰ ਕਾਦੀਆਂ ਅਮਰਜੀਤ ਸਿੰਘ, ਡੀ. ਐੱਸ. ਪੀ. ਵਰਿੰਦਰਪ੍ਰੀਤ ਸਿੰਘ, ਮਿੱਲ ਦੇ ਪ੍ਰਬੰਧਕ ਅਨਮੋਲਰਤਨ ਸਿੰਘ, ਜੀ. ਐੱਮ. ਓਮਵੀਰ ਅਤੇ ਹੋਰ ਸੀਨੀਅਰ ਮਿੱਲ ਅਧਿਕਾਰੀਆਂ ਵੱਲੋਂ ਸੰਘਰਸ਼ ਕਮੇਟੀ ਦੇ ਮੁਖੀ ਬਲਵਿੰਦਰ ਸਿੰਘ ਰਾਜੂ,ਹਰਵਿੰਦਰ ਸਿੰਘ,ਬਾਬਾ ਕੰਵਲਜੀਤ ਸਿੰਘ, ਸੰਨੀ ਤੁਗਲਵਾਲ, ਨੰਬਰਦਾਰ ਦਲੀਪ ਸਿੰਘ,ਹਰਦੀਪ ਤੁਗਲਵਾਲ,ਤੇਜਿੰਦਰ ਸਿੰਘ ਅਤੇ ਹੋਰ ਅਹੁਦੇਦਾਰਾਂ ਨਾਲ ਮਸਲੇ ਨੂੰ ਸੁਲਝਾਉਣ ਲਈ ਮੀਟਿੰਗ ਕੀਤੀ, ਜਿਸ ਦੌਰਾਨ ਪ੍ਰਬੰਧਕਾਂ ਨੇ 25 ਦਿਨਾਂ ਬਾਅਦ ਗੰਨੇ ਦੀ ਅਦਾਇਗੀ, ਹਲਕੇ ਦੇ ਕਿਸਾਨਾਂ ਨੂੰ 280 ਗੰਨਾ ਪਰਚੀਆਂ ਤੇ ਟਰਾਲੀਆਂ ਦੀ ਪਾਰਕਿੰਗ ਸੁਚੱਜੇ ਢੰਗ ਨਾਲ ਕਰਨ ਦਾ ਲਿਖਤੀ ਸਮਝੌਤਾ ਕੀਤਾ। 
ਇਸ ਦੌਰਾਨ ਕਿਸਾਨਾਂ ਦੇ ਵਫਦ ਨੇ ਕਿਹਾ ਕਿ ਅਜਿਹੇ ਸਮਝੌਤੇ ਪਹਿਲਾਂ ਵੀ ਪ੍ਰਬੰਧਕ ਕਰ ਕੇ ਤੋੜ ਚੁੱਕੇ ਹਨ। ਇਸ ਮੌਕੇ ਐੱਸ.ਡੀ. ਐੱਮ. ਬਟਾਲਾ ਨੇ ਕਿਸਾਨਾਂ ਨੂੰ ਵਿਸ਼ਵਾਸ ਦਿੱਤਾ ਕਿ ਹੁਣ ਅਜਿਹਾ ਨਹੀਂ ਹੋਵੇਗਾ। ਇਸ ਤੋਂ ਬਾਅਦ ਐੱਸ.ਡੀ. ਐੱਮ. ਨੇ ਖੁਦ ਮਿੱਲ ਦੇ ਪ੍ਰਬੰਧਕਾਂ ਨਾਲ ਕਿਸਾਨਾਂ ਦੇ ਧਰਨੇ 'ਚ ਪਹੁੰਚ ਕੇ ਉਕਤ ਮੰਗਾਂ ਮੰਨਣ ਦਾ ਐਲਾਨ ਪ੍ਰਬੰਧਕਾਂ ਕੋਲੋਂ ਕਰਵਾਇਆ।ਇਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਚੁੱਕ ਲਿਆ।


Related News