ਸੰਗਰੂਰ ’ਚ ਡਟੀਆਂ ਕਿਸਾਨ ਜਥੇਬੰਦੀਆਂ, ਅੰਦੋਲਨਕਾਰੀਆਂ ਦੀ ਰਿਹਾਈ ਲਈ ਕੀਤਾ ‘ਚੱਕਾ ਜਾਮ’
Saturday, Feb 06, 2021 - 03:33 PM (IST)
![ਸੰਗਰੂਰ ’ਚ ਡਟੀਆਂ ਕਿਸਾਨ ਜਥੇਬੰਦੀਆਂ, ਅੰਦੋਲਨਕਾਰੀਆਂ ਦੀ ਰਿਹਾਈ ਲਈ ਕੀਤਾ ‘ਚੱਕਾ ਜਾਮ’](https://static.jagbani.com/multimedia/2021_2image_13_31_287865149protest.jpg)
ਸੰਗਰੂਰ (ਦਲਜੀਤ ਸਿੰਘ ਬੇਦੀ): ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਤੇਜ਼ ਕਰਨ ਲਈ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਲਗਭਗ 60 ਹਜ਼ਾਰ ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਵੱਲੋਂ ਸੰਗਰੂਰ ਜ਼ਿਲ੍ਹੇ ਵਿੱਚ ਚਾਰ ਥਾਵਾਂ ਤੇ ਸੜਕਾਂ ਜਾਮ ਕੀਤੀਆਂ ਗਈਆਂ।ਕਾਲਾਝਾੜ ਟੋਲ ਪਲਾਜ਼ਾ,ਲੱਡਾ ਟੋਲ ਪਲਾਜ਼ਾ, ਸੁਨਾਮ ਆਈ.ਟੀ.ਆਈ ਚੌਂਕ ਅਤੇ ਮੂਣਕ (ਟੋਹਾਣਾ ਕੈਂਚੀਆਂ) ਸੜਕਾਂ ਤੇ ਸਟੇਜ ਸ਼ੁਰੂ ਕਰਨ ਤੋਂ ਪਹਿਲਾਂ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ 2 ਮਿੰਟ ਦਾ ਮੌਨ ਧਾਰਿਆਂ ਗਿਆ।
ਇਹ ਵੀ ਪੜ੍ਹੋ: ਕਾਂਗਰਸ ਦੀ ਕਠਪੁੱਤਲੀ ਬਣੇ ਪੁਲਸ ਅਫ਼ਸਰਾਂ ਦਾ ਨਾਂ ਅਕਾਲੀ ਦਲ ਦੀ ਲਾਲ ਡਾਇਰੀ ’ਚ ਹੋਵੇਗਾ ਦਰਜ: ਸੁਖਬੀਰ
ਇਨ੍ਹਾਂ ਸੜਕਾਂ ਤੇ ਭਾਰੀ ਇੱਕਠ ਬਾਰੇ ਦੱਸਦਿਆਂ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਬੀਕੇਯੂ ਉਗਰਾਹਾਂ ਦੇ ਸੀਨੀਅਰ ਆਗੂ ਜਗਤਾਰ ਸਿੰਘ ਕਾਲਾਝਾੜ, ਦਰਬਾਰਾ ਸਿੰਘ ਛਾਜਲਾ, ਅਜੈਬ ਸਿੰਘ ਲੱਖੇਵਾਲ, ਬਲਵੀਰ ਸਿੰਘ ਕੌਹਰੀਆਂ, ਧਰਮਿੰਦਰ ਸਿੰਘ ਪਸ਼ੌਰ, ਹਰਬੰਸ ਲੱਡਾ, ਹਰਜੀਤ ਮਹਿਲਾ ਨੇ ਕਿਹਾ ਕਿ ਦਿੱਲੀ ਦੀਆਂ ਹੱਦਾਂ ਤੇ ਕਿਸਾਨ ਅੰਦੋਲਨ ਪੂਰਨ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਹੈ। ਹਕੂਮਤ ਸੰਘਰਸ਼ ਨੂੰ ਫੇਲ੍ਹ ਕਰਨ ਲਈ ਜ਼ਬਰ ਦੇ ਹਰ ਹੱਥਕੰਡੇ ਵਰਤ ਰਹੀ ਹੈ ਪਰ ਜ਼ਾਬਤੇ ਅਤੇ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਜਿੱਤਿਆ ਜਾਵੇਗਾ। ਕਿਸਾਨ ਸਰਕਾਰ ਦੇ ਜ਼ਬਰ ਦਾ ਟਾਕਰਾ ਸਬਰ ਨਾਲ ਕਰ ਰਹੇ ਹਨ। ਉਨ੍ਹਾਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ 'ਚੱਕਾ ਜਾਮ' ਸਫਲ ਰਿਹਾ ਹੈ।
ਇਹ ਵੀ ਪੜ੍ਹੋ: ਕਿਸਾਨ ਦਿੱਲੀ ਬੈਠੇ ਹੱਕਾਂ ਲਈ, ਤੁਸੀ ਚੌਧਰਾਂ ਭਾਲਦੇ ਹੋ’ ਦੇ ਬੈਨਰ ਹੇਠ ਨੌਜਵਾਨ ਵਲੋਂ ਚੋਣਾਂ ਦਾ ਬਾਈਕਾਟ
ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਖੇਤੀ ਤੇ ਖ਼ੁਰਾਕ ਖੇਤਰ ਵਿਚ ਵਾੜਨਾ ਚਾਹੁੰਦੀ ਹੈ। ਪੰਜਾਬ ਸਮੇਤ ਹਰਿਆਣਾ,ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਮਹਾਰਾਸ਼ਟਰ ਦੇ ਕਿਸਾਨਾਂ ਵੱਲੋਂ ਵੱਡੀ ਪੱਧਰ 'ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਅੱਜ ਦੇ ਚੱਕਾ ਜਾਮ ਪ੍ਰੋਗਰਾਮ ਵੇਲੇ ਕਿਸਾਨ ਮੋਰਚਿਆਂ ਤੇ ਜ਼ਬਰ ਕਰਨਾ ਬੰਦ ਕਰਨ, ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਕਰਨ, ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕਰਨ, ਦੇਸ਼ ਦੇ ਲੋਕਾਂ ਵਿੱਚ ਧਰਮ ਅਾਧਾਰਿਤ ਪਾਟਕ ਪਾਉਣੇ ਬੰਦ ਕੀਤੇ ਜਾਣ, ਸਰਵਜਨਿਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਵੇ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਆਦਿ ਮੰਗਾਂ ਉਭਾਰੀਆਂ ਗੲੀਆਂ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ’ਚ ਕਿਸਾਨ ਵਿਰੋਧੀਆਂ ’ਤੇ ਮੁੜ ਵਿੰਨਿ੍ਹਆ ਨਿਸ਼ਾਨਾ