ਕਿਸਾਨ ਅੰਦੋਲਨ 2020: ਜਾਣੋ ਕਿਸਾਨ ਮੋਰਚੇ ਦੀ ਅਗਵਾਈ ਕਰਨ ਵਾਲੇ ਆਗੂਆਂ ਬਾਰੇ

Thursday, Dec 31, 2020 - 06:19 PM (IST)

ਕਿਸਾਨ ਅੰਦੋਲਨ 2020: ਜਾਣੋ ਕਿਸਾਨ ਮੋਰਚੇ ਦੀ ਅਗਵਾਈ ਕਰਨ ਵਾਲੇ ਆਗੂਆਂ ਬਾਰੇ

ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਨੇ ਅੱਜ ਦੇਸ਼ ਦੇ ਲਗਭਗ ਹਰ ਛੋਟੇ ਵੱਡੇ ਸੂਬਿਆਂ ਦੇ ਕਿਸਾਨਾਂ ਨੂੰ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਇਕ ਪਲੇਟਫਾਰਮ ਮੁਹੱਈਆ ਕਰਵਾਇਆ ਹੈ। ਕਿਸਾਨਾਂ ਦੇ ਪ੍ਰਦਰਸ਼ਨ ਸਦਕਾ ਅੱਜ ਦੇਸ਼ ਦੇ ਹਰ ਨਾਗਰਿਕ ਵਿੱਚ ਕ੍ਰਾਂਤੀਕਾਰੀ ਜਾਗਰੂਕਤਾ ਪੈਦਾ ਹੋਈ ਹੈ । ਸੰਘਰਸ਼ ਦੀਆਂ ਬਹੁਤ ਸਾਰੀਆਂ ਖ਼ੂਬੀਆਂ ਵਿੱਚੋਂ ਇੱਕ ਖ਼ੂਬਸੂਰਤੀ ਇਹ ਹੈ ਕਿ ਇਹ ਸੰਘਰਸ਼ ਇੰਨਾ ਲੰਮਾ ਹੋ ਜਾਣ ਦੇ ਬਾਵਜੂਦ ਹਾਲੇ ਤੱਕ ਪੂਰੀ ਤਰ੍ਹਾਂ ਸ਼ਾਂਤੀਪੂਰਨ ਅਤੇ ਅਨੁਸ਼ਾਸਨ ਦੇ ਦਾਇਰੇ ਵਿੱਚ ਹੈ। ਯਕੀਨਨ ਇਸ ਸਭ ਦਾ ਸਿਹਰਾ ਉਕਤ ਸੰਘਰਸ਼ ਦੇ ਸਮੁੱਚੇ ਆਗੂਆਂ ਅਤੇ ਇਸ ਨਾਲ ਜੁੜੇ ਹਰ ਓਸ ਸ਼ਖ਼ਸ ਨੂੰ ਜਾਂਦਾ ਹੈ ਜਿਸ ਨੇ ਆਪਣੀ ਦੂਰ ਅੰਦੇਸ਼ੀ ਅਤੇ ਸੂਝ-ਬੂਝ ਦਾ ਸਬੂਤ ਦਿੰਦੇ ਹੋਏ ਸੰਘਰਸ਼ ਨੂੰ ਸਦੀ ਦਾ ਸਭ ਤੋਂ ਵੱਡਾ ਅੰਦੋਲਨ ਬਣਾਉਂਦੇ ਹੋਏ ਦੁਨੀਆ ਲਈ ਇਕ ਮਿਸਾਲ ਬਣਾ ਕੇ ਰੱਖ ਦਿੱਤਾ ਹੈ । 

ਆਓ ਅੱਜ ਉਕਤ ਸੰਘਰਸ਼ ਵਿੱਚ ਮੋਹਰੀ ਭੂਮਿਕਾਵਾਂ ਨਿਭਾਉਣ ਵਾਲੇ ਕੁਝ ਚਰਚਿਤ ਚਿਹਰਿਆਂ ਵਾਲੇ ਆਗੂਆਂ ਦੀ ਗੱਲ ਕਰਦੇ ਹੋਏ ਉਨ੍ਹਾਂ ਬਾਰੇ ਜਾਣਕਾਰੀ ਸਾਂਝੀ ਕਰਨ ਯਤਨ ਕਰਦੇ ਹਾਂ, ਜਿਨ੍ਹਾਂ ਨੇ ਇਸ ਪੂਰੇ ਸੰਘਰਸ਼ ਨੂੰ ਇਕ ਮਿਸਾਲੀ ਸੰਘਰਸ਼ ਬਣਾਉਣ ਅਤੇ ਇਸ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਹੈ। ਜਿਨ੍ਹਾਂ ਆਗੂਆਂ ਦੀਆਂ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਤੀਆਂ ਦਲੀਲਾਂ ਸਾਹਮਣੇ ਕੇਂਦਰ ਸਰਕਾਰ ਦੇ ਵੱਡੇ ਤੋਂ ਵੱਡੇ ਮੰਤਰੀਆਂ ਦੇ ਮੂੰਹ ਟੱਡੇ ਰਹਿ ਗਏ ਹਨ ਅਤੇ ਜਿਨ੍ਹਾਂ ਦੀਆਂ ਤਕਰੀਰਾਂ ਨੂੰ ਅੱਜ ਹਰ ਆਮ ਖ਼ਾਸ ਬੰਦਾ ਸੁਣਦਾ ਹੈ ਤੇ ਉਨ੍ਹਾਂ ਤੋਂ ਸੇਧ ਪ੍ਰਾਪਤ ਕਰਦਾ ਜਾਪਦਾ ਹੈ। ਇਸ ਦੇ ਨਾਲ ਨਾਲ ਉਕਤ ਕਾਨੂੰਨਾਂ ਦੀਆਂ ਬਾਰੀਕਬੀਨੀਆਂ ਵਿੱਚ ਛੁਪੇ ਕਿਸਾਨੀ ਅਤੇ ਇਨਸਾਨੀ ਦਰਦ ਤੋਂ ਵਾਕਿਫ਼ ਹੁੰਦਾ ਹੈ । ਉਕਤ ਸੰਘਰਸ਼ ਵਿੱਚ ਪੂਰੇ ਭਾਰਤ ਦੀਆਂ ਤਕਰੀਬਨ ਪੰਜ ਸੌ ਕਿਸਾਨ  ਜਥੇਬੰਦੀਆਂ ਸੰਘਰਸ਼ਸ਼ੀਲ ਹਨ। ਇਨ੍ਹਾਂ  ਚੋਂ ਕੁਝ ਕੁ ਜਥੇਬੰਦੀਆਂ ਦੇ ਆਗੂਆਂ ਬਾਰੇ ਜੋ ਥੋੜ੍ਹੀ ਬਹੁਤ ਜਾਣਕਾਰੀ ਹੈ, ਉਹ ਪਾਠਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ। 

ਬਲਬੀਰ ਸਿੰਘ ਰਾਜੇਵਾਲ
ਇਨ੍ਹਾਂ ਵਿਚੋਂ ਇਕ ਆਗੂ ਬਲਬੀਰ ਸਿੰਘ ਰਾਜੇਵਾਲ ਹਨ । 77 ਸਾਲਾ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਦੇ ਬਾਨੀ ਆਗੂਆਂ ਵਿੱਚੋਂ ਇੱਕ ਹਨ। ਬਲਬੀਰ ਸਿੰਘ ਦਾ ਪਿਛੋਕੜ ਖੰਨਾ ਦੇ ਪਿੰਡ ਰਾਜੇਵਾਲ ਦਾ ਹੈ ਅਤੇ ਉਹ ਸਥਾਨਕ ਏ.ਐੱਸ. ਕਾਲਜ ਤੋਂ ਐਫ਼. ਏ ਪਾਸ ਹਨ। ਇਥੇ ਇਹ ਜਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਦੇ ਸੰਵਿਧਾਨ ਨੂੰ ਤਿਆਰ ਕਰਨ ਦਾ ਸਿਹਰਾ ਰਾਜੇਵਾਲ ਦੇ ਸਿਰ ਹੀ ਬੱਝਦਾ ਹੈ । ਬਲਬੀਰ ਸਿੰਘ ਰਾਜੇਵਾਲ ਸਥਾਨਕ ਮਾਲਵਾ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੁਖੀ ਵੀ ਹਨ, ਜੋ ਸਮਰਾਲੇ ਖੇਤਰ ਦਾ ਇਸ ਸਮੇਂ ਮੋਹਰੀ ਵਿੱਦਿਅਕ ਅਦਾਰਾ ਹੈ। ਉਨ੍ਹਾਂ ਦੇ ਪ੍ਰਭਾਵ ਦਾ ਮੁੱਖ ਖੇਤਰ ਲੁਧਿਆਣਾ ਦੇ ਆਸਪਾਸ ਦਾ ਕੇਂਦਰੀ ਪੰਜਾਬ ਹੈ।ਰਾਜੇਵਾਲ ਹੁਰਾਂ ਦੇ ਸੰਦਰਭ ਵਿੱਚ ਕਿਸਾਨ ਆਗੂ ਗੁਰਮਿੰਦਰ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ , ''ਰਾਜੇਵਾਲ ਪੰਜਾਬ ਦੇ ਤੇਜ਼ ਤਰਾਰ ਕਿਸਾਨ ਆਗੂ ਸਮਝੇ ਜਾਂਦੇ ਹਨ। ਉਹ ਕਿਸਾਨੀ ਮੁੱਦਿਆਂ ਉੱਤੇ ਅੱਗੇ ਹੋ ਕੇ ਕਿਸਾਨੀ ਪੱਖ ਪੇਸ਼ ਕਰਨ ਕਰਕੇ ਕਿਸਾਨੀ ਅੰਦੋਲਨ ਦਾ ਚਿਹਰਾ ਬਣ ਗਏ ਹਨ।'' ਗਰੇਵਾਲ ਹੁਰਾਂ ਦਾ ਇਹ ਵੀ ਕਹਿਣਾ ਹੈ ਕਿ ਰਾਜੇਵਾਲ ਨੇ ਕਦੇ ਵੀ ਸਿਆਸੀ ਚੋਣ ਨਹੀਂ ਲੜੀ ਅਤੇ ਨਾ ਹੀ ਕੋਈ ਸਿਆਸੀ ਅਹੁਦਾ ਸਵੀਕਾਰ ਕੀਤਾ, ਇਸੇ ਲਈ ਉਹ ਇਲਾਕੇ ਵਿਚ ਪ੍ਰਭਾਵਸ਼ਾਲੀ ਤੇ ਸਤਿਕਾਰਤ ਸਖ਼ਸ਼ੀਅਤ ਹੈ।ਇਥੇ ਜਿਕਰਯੋਗ ਹੈ ਕਿ ਇਸ ਸਮੇਂ ਉਹ ਲਗਭਗ 30 ਕਿਸਾਨ ਜਥੇਬੰਦੀਆਂ ਦੀ ਅਗਵਾਈ ਵਾਲੇ ਫਰੰਟ ਵਿੱਚ ਸ਼ਾਮਲ ਹਨ ਅਤੇ ਮੌਜੂਦਾ ਇਸ ਕਿਸਾਨੀ ਸੰਘਰਸ਼ ਦੇ ਡਿਮਾਂਡ ਚਾਰਟਰ ਆਦਿ ਨੂੰ ਤਿਆਰ ਕਰਨ ਵਿੱਚ ਵੀ ਉਨ੍ਹਾਂ ਦੀ ਮਹਤੱਵਪੂਰਨ ਭੂਮਿਕਾ ਰਹੀ ਹੈ।

ਇਹ ਵੀ ਪੜ੍ਹੋਕੀ ਤੁਸੀਂ ਅਜੇ ਵੀ ਨਹੀਂ ਜਾਣਦੇ ਕੀ ਨੇ ਖੇਤੀਬਾੜੀ ਕਾਨੂੰਨ ਤੇ ਕਿਉਂ ਹੋ ਰਿਹੈ ਵਿਰੋਧ ਤਾਂ ਪੜ੍ਹੋ ਇਹ ਖ਼ਾਸ ਰਿਪੋਰਟ

ਜੋਗਿੰਦਰ ਸਿੰਘ ਉਗਰਾਹਾਂ
ਇਸ ਦੇ ਇਲਾਵਾ ਪੰਜਾਬ ਦੇ ਕਿਸਾਨਾਂ ਦੇ ਇਕ ਹੋਰ ਬਹੁਤ ਹੀ ਜੁਝਾਰੂ ਆਗੂ ਜੋਗਿੰਦਰ ਸਿੰਘ ਉਗਰਾਹਾਂ ਹਨ।  ਜੋਗਿੰਦਰ ਸਿੰਘ ਭਾਰਤੀ ਕਿਸਾਨ ਲਹਿਰ ਦੇ ਪ੍ਰਮੁੱਖ ਚਿਹਰਿਆਂ ਵਿੱਚ ਇੱਕ ਹਨ ਉਗਰਾਹਾਂ ਦਾ ਸੰਬੰਧ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਸੁਨਾਮ ਨਾਲ ਹੈ। ਉਨ੍ਹਾਂ ਦਾ ਪਾਲਣ ਪੋਸ਼ਣ ਨਿਰੋਲ ਰੂਪ ਵਿਚ ਇਕ ਕਿਸਾਨੀ ਪਰਿਵਾਰ ਵਿੱਚ ਹੋਇਆ ਹੈ। ਜੋਗਿੰਦਰ ਸਿੰਘ ਭਾਰਤੀ ਫ਼ੌਜ ਵਿੱਚ ਸੇਵਾਮੁਕਤੀ ਉਪਰੰਤ ਕਿਸਾਨੀ  ਵੱਲ ਆ ਗਏ ਅਤੇ ਸਾਲ 2002 ਵਿੱਚ ਉਨ੍ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਗਠਨ ਕੀਤਾ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਉਹ ਕਿਸਾਨੀ ਮੁੱਦਿਆਂ ਉੱਤੇ  ਸੰਘਰਸ਼ ਕਰਦੇ ਆ ਰਹੇ ਹਨ।  ਉਗਰਾਹਾਂ ਹੁਰੀਂ ਕਮਾਲ ਦੇ ਬੁਲਾਰੇ ਹਨ ਅਤੇ ਉਨ੍ਹਾਂ ਦੀ ਇਸੇ ਕਲਾ ਅਤੇ ਲੋਕਾਂ ਨੂੰ ਲਾਮਬੰਦ ਕਰਨ ਦੀ ਸਮਰੱਥਾ ਕਾਰਨ ਉਗਰਾਹਾਂ ਜਥੇਬੰਦੀ ਲੋਕ ਅਧਾਰ ਪੱਖੋਂ ਪੰਜਾਬ ਦੀ ਮੁੱਖ ਕਿਸਾਨ ਜਥੇਬੰਦੀ ਹੈ। ਪੰਜਾਬ ਦਾ ਮਾਲਵਾ ਖੇਤਰ ਨੂੰ ਇਸ ਦਾ ਗੜ੍ਹ ਮੰਨਿਆ ਜਾਂਦਾ ਹੈ।  ਉਗਰਾਹਾਂ ਹੁਰਾਂ ਦੀ ਨਿਸ਼ਕਾਮ ਸੇਵਾ ਭਾਵਨਾ ਦੀ ਗਵਾਹੀ ਦਿੰਦਿਆਂ ਪੱਤਰਕਾਰ ਕੰਵਲਜੀਤ ਲਹਿਰਾਗਾਗਾ ਹੁਰਾਂ ਦਾ ਕਹਿਣਾ ਹੈ ਕਿ , "ਮੈਂ ਜੋਗਿੰਦਰ ਸਿੰਘ ਉਗਰਾਹਾਂ ਨੂੰ ਪਿਛਲੇ 20-25 ਸਾਲਾਂ ਤੋਂ ਕਿਸਾਨ ਹਿੱਤਾਂ ਲਈ ਜੂਝਦੇ ਦੇਖਦਾ ਆ ਰਿਹਾ ਹਾਂ, ਉਹ ਖੱਬੇਪੱਖੀ ਵਿਚਾਰਧਾਰਾ ਵਾਲੇ ਕਿਸਾਨ ਆਗੂ ਹਨ, ਉਨ੍ਹਾਂ ਨੂੰ ਕਦੇ ਵੀ ਕਿਸੇ ਨਿੱਜੀ ਮੁਫ਼ਾਦ ਲਈ ਲੜਦੇ ਨਹੀਂ ਦੇਖਿਆ।''

ਜਗਮੋਹਨ ਸਿੰਘ 
ਇਕ ਹੋਰ ਪੰਜਾਬ ਦੇ ਬਹੁਤ ਹੀ ਸਤਿਕਾਰਤ ਕਿਸਾਨ ਆਗੂਆਂ ਵਿੱਚੋਂ  ਜਗਮੋਹਨ ਸਿੰਘ ਹਨ, ਜਿਨ੍ਹਾਂ ਦਾ ਸਬੰਧ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕਰਮਾ ਨਾਲ ਹੈ। ਉਹ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਹਨ, ਜੋ ਉਗਰਾਹਾਂ ਤੋਂ ਬਾਅਦ ਵੱਡੀ ਦੂਜੇ ਨੰਬਰ ਦੀ ਜਥੇਬੰਦੀ ਕਹੀ ਜਾ ਸਕਦੀ ਹੈ। ਇਕ ਰਿਪੋਰਟ ਮੁਤਾਬਕ ਜਗਮੋਹਨ ਸਿੰਘ ਸਾਲ 1984 ਦੇ ਸਿੱਖ ਵਿਰੋਧੀ ਕਤਲੇਆਮ ਤੋਂ ਬਾਅਦ ਪੂਰੇ ਸਮੇਂ ਲਈ ਸਮਾਜਿਕ ਕਾਰਕੁਨ ਬਣ ਗਏ। ਜਗਮੋਹਨ ਸਿੰਘ ਹੁਣ ਤੱਕ ਸੂਬੇ ਵਿੱਚ ਲੜੇ ਜਾਣ ਵਾਲੇ ਵੱਖ ਵੱਖ ਸੰਘਰਸ਼ਾਂ ਅਤੇ ਘੋਲਾਂ ਦੌਰਾਨ ਮੋਹਰੀ ਭੂਮਿਕਾ ਨਿਭਾਉਂਦੇ ਆਏ ਹਨ। ਇਹੋ ਵਜ੍ਹਾ ਹੈ ਕਿ ਜਗਮੋਹਨ ਸਿੰਘ ਦੀ ਕਿਸਾਨ ਸੰਘਰਸ਼ ਪ੍ਰਤੀ ਸਿਦਕਦਿਲੀ ਕਾਰਨ ਉਨ੍ਹਾਂ ਨੂੰ ਆਪਣੀ ਜਥੇਬੰਦੀ ਵਿੱਚੋਂ ਹੀ ਨਹੀਂ ਬਲਕਿ ਦੂਜੀਆਂ ਜਥੇਬੰਦੀਆਂ ਦਾ ਸਮਰਥਨ ਵੀ ਮਿਲਦਾ ਰਿਹਾ ਹੈ। 

ਡਾ. ਦਰਸ਼ਨ ਪਾਲ
ਇਕ ਹੋਰ ਚਰਚਿਤ ਕਿਸਾਨ ਆਗੂ ਜਿਨ੍ਹਾਂ ਨੂੰ ਅਕਸਰ ਇਸ  ਸੰਘਰਸ਼ ਦੌਰਾਨ ਪ੍ਰੈੱਸ ਕਾਨਫਰੰਸਾਂ ਵਿਚਕਾਰ ਵੇਖਿਆ ਜਾਂਦਾ ਹੈ, ਉਹ ਡਾ. ਦਰਸ਼ਨ ਪਾਲ ਹਨ। ਆਪ ਵੀ ਉਕਤ 30 ਜਥੇਬੰਦੀਆਂ ਦੇ ਕੋਆਰਡੀਨੇਟਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ।  ਡਾ. ਦਰਸ਼ਨ ਪਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਹਨ। ਇਨ੍ਹਾਂ ਦਾ ਮੁੱਖ ਪ੍ਰਭਾਵ ਤੇ ਆਧਾਰ ਪਟਿਆਲਾ ਅਤੇ ਆਸਪਾਸ ਦੇ ਖੇਤਰਾਂ ਵਿੱਚ ਦੱਸਿਆ ਜਾਂਦਾ ਹੈ। ਇਕ ਰਿਪੋਰਟ ਅਨੁਸਾਰ ਡਾ. ਦਰਸ਼ਨ ਪਾਲ ਨੇ 1973 ਵਿੱਚ ਐਮਬੀਬੀਐੱਸ, ਐੱਮ.ਡੀ. ਕਰਨ ਤੋਂ ਬਾਅਦ ਸਰਕਾਰੀ ਨੌਕਰੀ ਕੀਤੀ । ਡਾ. ਦਰਸ਼ਨ ਪਾਲ ਆਪਣੇ ਵਿਦਿਆਰਥੀ ਜੀਵਨ ਦੌਰਾਨ ਅਰਥਾਤ ਕਾਲਜ ਦੇ ਦਿਨਾਂ ਵਿੱਚ  ਤੇ ਉਸ ਉਪਰੰਤ ਨੌਕਰੀ ਦੌਰਾਨ ਵੀ ਡਾਕਟਰਾਂ ਦੀ ਯੂਨੀਅਨ ਵਿੱਚ ਹਮੇਸ਼ਾਂ ਹੀ ਸਰਗਰਮ ਭੂਮਿਕਾਵਾਂ ਨਿਭਾਉਂਦੇ ਰਹੇ ਹਨ। ਉਨ੍ਹਾਂ ਦੇ ਪੁੱਤ ਅਮਨਿੰਦਰ ਦਾ ਕਹਿਣਾ ਹੈ ਕਿ , ''ਸਿੱਖਿਆ ਅਤੇ ਸਿਹਤ ਖੇਤਰ ਦੇ ਨਿੱਜੀਕਰਨ ਦੇ ਖ਼ਿਲਾਫ਼ ਹੋਣ ਕਰਕੇ ਡਾਕਟਰ ਦਰਸ਼ਨਪਾਲ ਹੁਰਾਂ ਨੇ ਕਦੇ ਵੀ ਪ੍ਰਾਈਵੇਟ ਪ੍ਰੈਕਟਿਸ ਨਹੀਂ ਕੀਤੀ।'' ਇਥੇ ਜਿਕਰਯੋਗ ਹੈ ਕਿ ਡਾਕਟਰ ਦਰਸ਼ਨ ਪਾਲ  ਸਾਲ 2002 ਵਿੱਚ ਸਰਕਾਰੀ ਡਾਕਟਰ ਦੀ ਨੌਕਰੀ ਛੱਡ ਕੇ ਸਮਾਜਿਕ ਤੇ ਕਿਸਾਨ ਜਥੇਬੰਦੀਆਂ ਨਾਲ ਸਰਗਰਮ ਹੋ ਗਏ ਅਤੇ ਉਸ ਤੋਂ ਬਾਅਦ ਉਨ੍ਹਾਂ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ।

ਇਹ ਵੀ ਪੜ੍ਹੋਸ਼ਬਦ ਚਿੱਤਰ: ਇਹ ਸਿਰਫ਼ ਤਸਵੀਰ ਨਹੀਂ ਹੈ ਜਨਾਬ, ਜਜ਼ਬਾਤ ਨੇ, ਪੜ੍ਹੋ ਕੀ ਕਹਿ ਰਹੀ ਏ ਤਸਵੀਰ

ਜਗਜੀਤ ਸਿੰਘ ਡੱਲੇਵਾਲ
ਇਸ ਸੰਘਰਸ਼ ਦੌਰਾਨ ਇਕ ਹੋਰ ਚਰਚਿਤ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਚਿਹਰਾ ਉਭਰ ਕੇ ਸਾਹਮਣੇ ਆਇਆ ਹੈ  ਜੋ ਕਿ ਬਲਵੀਰ ਸਿੰਘ ਰਾਜੇਵਾਲ ਦੀ ਤਰ੍ਹਾਂ ਕੇਂਦਰ ਸਰਕਾਰ ਦੁਆਰਾ ਥੋਪੇ ਜਾ ਰਹੇ ਨਵੇਂ ਖੇਤੀ ਕਾਨੂੰਨਾਂ ਦੇ ਘਾਤਕਪਣ ਨੂੰ ਲੈ ਕੇ  ਇਕ ਇਕ ਕਲਾਜ ਤੇ ਆਪਣੀਆਂ ਦਲੀਲਾਂ ਰਾਹੀਂ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੋਲ੍ਹਣ ਦੀ ਜੁਰੱਅਤ ਰੱਖਦੇ ਹਨ। ਪਿਛਲੇ ਦਿਨੀਂ ਜਦੋਂ ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਕੱਛ ਅਤੇ ਮਹਾਰਾਸ਼ਟਰ ਦੇ ਕੁੱਝ ਕੁ ਕਿਸਾਨਾਂ ਨਾਲ ਸੰਵਾਦ ਕਰਦਿਆਂ ਨਵੇਂ ਖੇਤੀ ਕਾਨੂੰਨਾਂ ਦੇ ਫ਼ਾਇਦੇ ਗਿਣਾਏ ਤਾਂ ਇਸ ਦੇ ਉਤਰ ਵਿੱਚ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਇੱਕ ਵੀਡੀਓ ਸੰਦੇਸ਼ ਰਾਹੀਂ ਖੇਤੀ ਕਾਨੂੰਨਾਂ ਦੇ ਸੰਦਰਭ ਵਿਚ ਸਰਕਾਰ ਦੀਆਂ ਤਮਾਮ ਲਿਚ-ਗੜਿਚੀਆਂ ਗੱਲਾਂ ਦਾ ਬਹੁਤ ਹੀ ਠਰੰਮੇ ਅਤੇ ਦਲੀਲਾਂ ਸਹਿਤ ਠੋਕਵਾਂ ਜਵਾਬ ਦਿੱਤਾ। ਡੱਲੇਵਾਲ ਹੁਰਾਂ ਦੀ ਉਕਤ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਜਿਸ ਨੂੰ ਕਿ ਦੇਸ਼ ਦੇ ਆਮ ਕਿਸਾਨਾਂ ਅਤੇ ਲੋਕਾਂ ਨੇ ਖੂਬ ਵੇਖਿਆ,ਪਸੰਦ ਕੀਤਾ ਅਤੇ ਹਰ ਕੋਈ ਡੱਲੇਵਾਲ ਦੀਆਂ ਦਲੀਲਾਂ ਸੁਣ ਕੇ ਕਾਨੂੰਨਾਂ ਦੇ ਤਮਾਮ ਕਿਸਾਨ ਅਤੇ ਜਨਤਾ ਮਾਰੂ ਪਹਿਲੂਆਂ ਤੋਂ ਵਾਕਿਫ਼ ਹੋਇਆ। 

ਰੁਲਦੂ ਸਿੰਘ ਮਾਨਸਾ
ਇਸ ਸੰਘਰਸ਼ ਦੌਰਾਨ ਇਕ ਹੋਰ ਚਿਹਰਾ ਜੋ ਸਾਡੇ ਸਾਹਮਣੇ ਆਇਆ ਹੈ ਉਸ ਨੂੰ ਅਸੀਂ ਰੁਲਦੂ ਸਿੰਘ ਮਾਨਸਾ ਦੇ ਨਾਂ ਨਾਲ ਜਾਣਦੇ ਹਾਂ। ਜਦੋਂ ਉਹ ਸਟੇਜ ਤੇ ਆਪਣਾ ਭਾਸ਼ਣ ਦਿੰਦੇ ਹਨ ਤਾਂ ਉਨ੍ਹਾਂ ਦੇ ਹੱਥ ਵਿਚ ਇਕ ਖੂੰਡਾ ਹੁੰਦਾ ਹੈ ਦਰਅਸਲ ਇਹ ਖੂੰਡਾ ਜਿਥੇ ਇਕ ਬਹਾਦਰੀ ਦਾ ਪ੍ਰਤੀਕ ਹੈ ਉਥੇ ਹੀ ਮੈਂ ਸਮਝਦਾ ਹਾਂ ਇਹ ਖੂੰਡਾ ਉਨ੍ਹਾਂ ਦੀ ਇਕ ਪਹਿਚਾਣ ਬਣ ਚੁੱਕਾ ਹੈ। ਰੁਲਦੂ ਸਿੰਘ ਮਾਨਸਾ ਓਹੋ ਆਗੂ ਹਨ ਜਿਹੜੇ 8 ਦਸੰਬਰ ਨੂੰ ਅਮਿਤ ਸ਼ਾਹ ਨਾਲ ਮੀਟਿੰਗ ਕਰਨ ਗਏ ਤਾਂ ਰਸਤੇ ਵਿੱਚ ਉਨ੍ਹਾਂ ਦੀ ਗੱਡੀ ਤੋਂ ਦਿੱਲੀ ਪੁਲਸ ਦੇ ਇਕ ਅਧਿਕਾਰੀ ਨੇ ਕਿਸਾਨੀ ਝੰਡਾ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਗੁੱਸੇ ਵਿੱਚ ਆ ਗਏ ਤੇ ਅਮਿਤ ਸ਼ਾਹ ਨਾਲ ਬੈਠਕ ਨਾ ਕਰਨ ਦਾ ਫੈਸਲਾ ਕਰ ਦਿੱਤਾ ਪਰ ਜਲਦੀ ਹੀ ਪੁਲਸ ਵਾਲੇ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਜਿਸ ਤੋਂ ਉਕਤ ਬਾਅਦ ਪੁਲਸ ਵਾਲੇ ਨੇ ਉਨ੍ਹਾਂ ਤੋਂ ਖਿਮਾਂ ਮੰਗੀ ਤੇ ਇਸ ਉਪਰੰਤ ਉਹ ਬੈਠਕ ਵਿੱਚ ਸ਼ਾਮਲ ਹੋਏ। 

ਸਰਵਨ ਸਿੰਘ ਪੰਧੇਰ
ਇਸ ਉਕਤ ਸੰਘਰਸ਼ ਦੌਰਾਨ ਇਕ ਹੋਰ ਕਿਸਾਨ ਆਗੂ ਜਿਨ੍ਹਾਂ ਨੂੰ ਨੌਜਵਾਨਾਂ ਦੀ ਅਵਾਜ਼ ਸਮਝਿਆ ਜਾਂਦਾ ਹੈ ਉਹ ਸਰਵਨ ਸਿੰਘ ਪੰਧੇਰ ਹਨ। ਪੰਧੇਰ ਮਾਝੇ ਦੇ ਸਿਰਕੱਢ ਕਿਸਾਨ ਆਗੂ ਹਨ। ਸਵਰਨ ਸਿੰਘ ਪੰਧੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਹਨ। ਇਥੇ ਜਿਕਰਯੋਗ ਹੈ ਕਿ ਇਸ ਜਥੇਬੰਦੀ ਦਾ ਗਠਨ 2000 ਵਿੱਚ ਸਤਨਾਮ ਸਿੰਘ ਪੰਨੂ ਹੁਰਾਂ ਨੇ ਕੀਤਾ। ਉਕਤ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਹਰਪ੍ਰੀਤ ਸਿੰਘ ਅਨੁਸਾਰ ਸਰਵਨ ਸਿੰਘ ਦਾ ਪਿੰਡ ਪੰਧੇਰ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੈਂਦਾ ਹੈ। ਉਹ ਗਰੈਜੁਏਸ਼ਨ ਪਾਸ ਹਨ ਅਤੇ ਵਿਦਿਆਰਥੀ ਜੀਵਨ ਤੋਂ ਹੀ ਲੋਕ ਅੰਦੋਲਨਾਂ ਵਿੱਚ ਸ਼ਾਮਲ ਹੁੰਦੇ ਆ ਰਹੇ ਹਨ। ਹਰਪ੍ਰੀਤ ਸਿੰਘ ਅਨੁਸਾਰ ''ਸਰਵਨ ਸਿੰਘ ਪੰਧੇਰ ਦੀ ਉਮਰ 42 ਸਾਲ ਦੇ ਕਰੀਬ ਹੈ ਅਤੇ ਉਨ੍ਹਾਂ ਨੇ ਲੋਕ ਹਿੱਤਾਂ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੋਈ ਹੈ। ਇਸੇ ਲਈ ਉਨ੍ਹਾਂ ਨੇ ਵਿਆਹ ਵੀ ਨਹੀਂ ਕਰਵਾਇਆ ਹੈ।'' ਇਕ ਰਿਪੋਰਟ ਮੁਤਾਬਕ ਮਾਝੇ ਦੇ ਚਾਰ ਜ਼ਿਲ੍ਹਿਆਂ ਸਣੇ ਦੋਆਬੇ ਅਤੇ ਮਾਲਵੇ ਦੇ 10 ਜ਼ਿਲ੍ਹਿਆਂ ਵਿੱਚ ਉਕਤ ਸੰਘਰਸ਼ ਕਮੇਟੀ ਦੀ ਖ਼ਾਸ ਪਕੜ ਹੈ। 

ਗੁਰਨਾਮ ਸਿੰਘ ਚਢੂਨੀ 
ਇਸ ਸੰਘਰਸ਼ ਦੌਰਾਨ ਇਕ ਹੋਰ ਚਰਚਿਤ ਚਿਹਰਾ ਗੁਰਨਾਮ ਸਿੰਘ ਚਢੂਨੀ ਹਨ। ਚਢੂਨੀ ਜੋ ਕਿ ਹਰਿਆਣਾ ਤੋਂ ਹਨ ਅਤੇ ਇਸ ਸੰਘਰਸ਼ ਦੌਰਾਨ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਹਨ। 

ਇਸ ਦੇ ਇਲਾਵਾ ਯੋਗਿੰਦਰ ਯਾਦਵ ਵੀ ਇਸ ਸੰਘਰਸ਼ ਦੌਰਾਨ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ. ਯੋਗਿੰਦਰ ਯਾਦਵ ਇਕ ਪੜ੍ਹੇ-ਲਿਖੇ ਅਤੇ ਬੇਹੱਦ ਸੁਲਝੇ ਹੋਏ ਆਗੂ ਹਨ।ਇਥੇ ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਜੋ ਅੱਜ ਵੇਖਣ ਨੂੰ ਮਿਲ ਰਿਹਾ ਹੈ ਉਹ ਕਰੀਬ 32 ਸਾਲ ਪਹਿਲਾਂ ਦਿਖਿਆ ਸੀ। ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਆਗੂ ਮਹਿੰਦਰ ਸਿੰਘ ਟਿਕੈਤ ਲੱਖਾਂ ਕਿਸਾਨਾਂ ਨੂੰ ਲੈ ਕੇ ਬੋਟ ਕਲੱਬ ਪਹੁੰਚ ਕੇ ਧਰਨੇ ਉੱਤੇ ਬੈਠ ਗਏ ਸਨ। ਮੰਗ ਸੀ ਕਿ ਕਿ ਗੰਨੇ ਦੀ ਫ਼ਸਲ ਦੀ ਕੀਮਤ ਜ਼ਿਆਦਾ ਮਿਲੇ ਅਤੇ ਬਿਜਲੀ-ਪਾਣੀ ਦੇ ਬਿੱਲਾਂ ਵਿੱਚ ਛੋਟ ਮਿਲੇ। ਓਸ ਵੇਲੇ ਦੀ ਸਰਕਾਰ ਨੇ ਮਹਿੰਦਰ ਸਿੰਘ ਦੀਆਂ ਉਕਤ ਮੰਗਾਂ ਨੂੰ ਮੰਨ ਲਿਆ ਸੀ। ਉਕਤ ਸੰਘਰਸ਼ ਦੇ ਪਿੜ ਵਿੱਚ ਅੱਜ ਉਸੇ ਮਹਿੰਦਰ ਸਿੰਘ ਟਿਕੈਤ ਦੇ ਪੁੱਤਰ ਰਾਕੇਸ਼ ਟਿਕੈਤ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੇ ਹਨ। ਦਰਅਸਲ ਟਿਕੈਤ ਹੁਰੀਂ ਆਪਣੇ ਪਿਓ ਟਿਕੈਤ ਦੀ ਵਿਰਾਸਤ ਤੇ ਪਹਿਰਾ ਦਿੰਦੇ ਹੋਏ ਮਹਿਸੂਸ ਹੁੰਦੇ ਹਨ। 

ਵੈਸੇ ਉਕਤ ਕਿਸਾਨੀ ਸੰਘਰਸ਼ ਨੂੰ ਉਚਾਈਆਂ ਤੱਕ ਲੈ ਜਾਣ ਵਿੱਚ ਬਹੁਤ ਸਾਰੇ ਅਜਿਹੇ ਆਗੂਆਂ ਦਾ ਵੀ ਹੱਥ ਹੈ ਜੋ ਭਾਵੇਂ ਸਟੇਜ ਤੇ ਨਾ ਵਿਖਾਈ ਦਿੰਦੇ ਹੋਣ ਪਰ ਉਨ੍ਹਾਂ ਦੁਆਰਾ ਸੰਘਰਸ਼ ਲਈ ਦਿੱਤੀਆਂ ਕੁਰਬਾਨੀਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ।ਇਸ ਦੇ ਇਲਾਵਾ ਸੰਘਰਸ਼ ਦੌਰਾਨ ਜਿਨ੍ਹਾਂ ਲੋਕਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਹਨ, ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਕਦੀ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਨਾਲ ਸੰਘਰਸ਼ ਨੂੰ ਸਫ਼ਲ ਬਣਾਉਣ ਅਤੇ ਇਕੱਠ ਨੂੰ ਇੰਨੇ ਮਹੀਨਿਆਂ ਤੱਕ ਕੀਲ ਕੇ ਰੱਖਣ ਵਿੱਚ ਅਸੀਂ ਸਮਝਦੇ ਹਾਂ ਪੰਜਾਬ ਦੇ ਵੱਖ ਵੱਖ ਗਾਇਕ ਵੀ ਆਪਣਾ ਵੱਡਾ ਯੋਗਦਾਨ ਪਾ ਰਹੇ ਹਨ । ਬਾਕੀ ਲੋਕਾਂ ਦੇ ਜਨ ਸੈਲਾਬ ਨੂੰ ਇਸ ਗੱਲ ਦਾ ਸੋਭਾ ਜਾਂਦੀ ਹੈ ਜਿਨ੍ਹਾਂ ਪੋਹ ਦੀਆਂ ਰਾਤਾਂ ਦੀ ਪ੍ਰਵਾਹ ਕੀਤੇ ਬਿਨਾਂ ਇਸ ਸੰਘਰਸ਼ ਵਿੱਚ ਪਿਛਲੇ ਲੰਮੇ ਸਮੇਂ ਤੋਂ ਨਾ ਸਿਰਫ਼ ਸ਼ਾਮਲ ਹਨ, ਬਲਕਿ ਹਾਲੇ ਤੱਕ ਵੀ ਪੂਰੇ ਜੋਸ਼ ਤੇ ਜਜ਼ਬੇ ਨਾਲ ਜੁੜੇ ਹੋਏ ਹਨ । ਅੰਤ ਚ' ਰੱਬ ਅੱਗੇ ਇਹੋ ਅਰਦਾਸ ਹੈ ਕਿ ਇਸ ਸੰਘਰਸ਼ ਦਾ ਫਲ ਲੋਕਾਂ ਦੀ ਝੋਲੀ ਵਿਚ ਜਲਦ ਪਵੇ ਤੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਲੋਕ ਜਲਦ ਤੋਂ ਜਲਦ ਆਪਣੇ ਘਰੀਂ  ਖੁਸ਼ੀ-ਖੁਸ਼ੀ ਪਰਤਣ । 

ਅੱਬਾਸ ਧਾਲੀਵਾਲ 
ਮਲੇਰਕੋਟਲਾ ।
ਸੰਪਰਕ 9855259650 
Abbasdhaliwal72@gmail.com 

ਨੋਟ: ਇਹ ਖ਼ਬਰ ਤੁਹਾਨੂੰ ਕਿਵੇਂ ਲੱਗੀ,ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

Harnek Seechewal

Content Editor

Related News