ਮੋਹਾਲੀ ''ਚ ਇਕੱਠੇ ਹੋਏ ਹਜ਼ਾਰਾਂ ਕਿਸਾਨ, ਚੰਡੀਗੜ੍ਹ ਦੀ ਸਰਹੱਦ ''ਤੇ ਪੁਲਸ ਨੇ ਘੇਰਿਆ

Friday, Sep 29, 2017 - 11:14 AM (IST)

ਮੋਹਾਲੀ ''ਚ ਇਕੱਠੇ ਹੋਏ ਹਜ਼ਾਰਾਂ ਕਿਸਾਨ, ਚੰਡੀਗੜ੍ਹ ਦੀ ਸਰਹੱਦ ''ਤੇ ਪੁਲਸ ਨੇ ਘੇਰਿਆ

ਮੋਹਾਲੀ (ਨਿਆਮੀਆਂ) : ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵਲੋਂ ਵੀਰਵਾਰ ਨੂੰ ਮੋਹਾਲੀ ਵਿਚ ਸਰਕਾਰ ਦੇ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਵਾਲੇ ਫੈਸਲੇ ਦਾ ਵਿਰੋਧ ਕਰਦੇ ਹੋਏ ਰੋਸ ਪ੍ਰਗਟ ਅਤੇ ਰੋਸ ਮਾਰਚ ਕੀਤਾ ਗਿਆ। ਵੱਡੀ ਗਿਣਤੀ ਵਿਚ ਕਿਸਾਨ ਮੋਹਾਲੀ ਵਿਚ ਇਕੱਠੇ ਹੋਏ ਅਤੇ ਰੋਸ ਮਾਰਚ ਕਰਦੇ ਹੋਏ ਚੰਡੀਗੜ੍ਹ ਦੀ ਸਰਹੱਦ ਤਕ ਪੁੱਜੇ, ਜਿੱਥੇ ਉਨ੍ਹਾਂ ਨੂੰ ਚੰਡੀਗੜ੍ਹ ਪੁਲਸ ਨੇ ਘੇਰ ਲਿਆ। ਇਹ ਕਿਸਾਨ ਵਿਧਾਨ ਸਭਾ ਵੱਲ ਜਾਣਾ ਚਾਹੁੰਦੇ ਸਨ ਪਰ ਚੰਡੀਗੜ੍ਹ ਪੁਲਸ ਨੇ ਅੱਗੇ ਨਹੀਂ ਵਧਣ ਦਿੱਤਾ ਅਤੇ ਕਿਸਾਨਾਂ ਨੇ ਉਥੇ ਹੀ ਸੜਕ 'ਤੇ ਬੈਠ ਕੇ ਆਪਣਾ ਧਰਨਾ ਸ਼ੁਰੂ ਕਰ ਦਿੱਤਾ। ਕਿਸਾਨ ਆਪਣੇ ਨਾਲ ਪਰਾਲੀ ਲੈ ਕੇ ਆਏ ਹੋਏ ਸਨ, ਜਿਸ ਨੂੰ ਸੰਕੇਤਕ ਤੌਰ 'ਤੇ ਚੰਡੀਗੜ੍ਹ ਦੀ ਸਰਹੱਦ ਉਤੇ ਸਾੜ ਦਿੱਤਾ ਗਿਆ ਅਤੇ ਸਰਕਾਰ ਨੂੰ ਇਹ ਸੰਕੇਤ ਦਿੱਤਾ ਗਿਆ ਕਿ ਚਾਹੇ ਕੁਝ ਵੀ ਹੋ ਜਾਵੇ ਕਿਸਾਨਾਂ ਦਾ ਪਰਾਲੀ ਨੂੰ ਸਾੜੇ ਬਿਨਾਂ ਕੰਮ ਨਹੀਂ ਚੱਲੇਗਾ, ਇਸ ਲਈ ਉਹ ਖੇਤਾਂ ਵਿਚ ਪਈ ਪਰਾਲੀ ਨੂੰ ਅੱਗ ਲਾਉਣਗੇ ਹੀ ਲਾਉਣਗੇ। ਇਸ ਦੌਰਾਨ ਮੁੱਖ ਮੰਤਰੀ ਦੇ ਓ. ਐੱਸ. ਡੀ. ਕੁਲਦੀਪ ਸਿੰਘ ਬਰਾੜ ਅਤੇ ਜੀ. ਐੱਸ. ਸੋਢੀ ਨੇ ਵਿਸ਼ੇਸ਼ ਤੌਰ 'ਤੇ ਆ ਕੇ ਕਿਸਾਨਾਂ ਤੋਂ ਮੰਗ ਪੱਤਰ ਲਿਆ।
ਸਰਕਾਰ ਵਿਰੁੱਧ ਨਾਅਰੇਬਾਜ਼ੀ
ਸਾਰੀਆਂ ਕਿਸਾਨ ਯੂਨੀਅਨਾਂ ਦੇ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਡਲੇਵਾਲ ਦੀ ਅਗਵਾਈ ਵਿਚ ਗੁਰਦੁਆਰਾ ਅੰਬ ਸਾਹਿਬ ਕੋਲ ਇਕੱਠੇ ਹੋਏ। ਇੱਥੇ ਕਿਸਾਨਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਇੱਥੋਂ ਉਨ੍ਹਾਂ ਨੇ ਵਿਧਾਨ ਸਭਾ ਵੱਲ ਕੂਚ ਕੀਤਾ। ਵੱਡੀ ਗਿਣਤੀ ਵਿਚ ਪੁਲਸ ਬਲ ਇੱਥੇ ਤਾਇਨਾਤ ਕੀਤਾ ਗਿਆ ਸੀ। ਪੁਲਸ ਕਰਮਚਾਰੀ ਕਿਸਾਨਾਂ ਦੇ ਨਾਲ-ਨਾਲ ਚੱਲਦੇ ਹੋਏ ਚੰਡੀਗੜ੍ਹ ਦੀ ਸਰਹੱਦ ਤਕ ਪੁੱਜੇ, ਜਿੱਥੇ ਕਿਸਾਨਾਂ ਨੂੰ ਚੰਡੀਗੜ੍ਹ ਪੁਲਸ ਨੇ ਰੋਕ ਦਿੱਤਾ । ਚੰਡੀਗੜ੍ਹ ਪੁਲਸ ਨੇ ਕਿਸੇ ਵੀ ਤਰ੍ਹਾਂ ਦੇ ਹਾਲਤ ਨਾਲ ਨਜਿੱਠਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਸਨ । 
ਦੰਗਾ ਰੋਕੂ ਵਾਹਨ, ਜਲ ਤੋਪਾਂ ਆਦਿ ਉਥੇ ਤਾਇਨਾਤ ਕੀਤੇ ਗਏ ਸਨ । ਕਿਸਾਨ ਨਾਅਰੇਬਾਜ਼ੀ ਕਰਦੇ ਹੋਏ ਚੰਡੀਗੜ੍ਹ ਵੱਲ ਜਾਣ ਦੀ ਕੋਸ਼ਿਸ਼ ਕਰਨ ਲੱਗੇ ਪਰ ਚੰਡੀਗੜ੍ਹ ਪੁਲਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਕਿਸਾਨਾਂ ਨੇ ਸੜਕ ਉਤੇ ਹੀ ਧਰਨਾ ਲਗਾ ਲਿਆ ਜਿਸ ਨਾਲ ਦੋਵੇਂ ਪਾਸੇ ਦੀ ਆਵਾਜਾਈ ਠੱਪ ਹੋ ਗਈ । ਇਸ ਮੌਕੇ ਕਿਸਾਨ ਨੇਤਾਵਾਂ ਜਨਰਲ ਸਕੱਤਰ ਬੋਗ ਸਿੰਘ ਮਾਨਸਾ, ਉਪ ਪ੍ਰਧਾਨ ਮਿਹਰ ਸਿੰਘ ਥੇੜੀ, ਕਾਕਾ ਸਿੰਘ ਕੋਟੜਾ ਅਤੇ ਹੋਰ ਨੇਤਾਵਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦਿਨ-ਰਾਤ ਫੈਕਟਰੀਆਂ ਆਦਿ ਵਲੋਂ ਫੈਲਾਇਆ ਜਾ ਰਿਹਾ ਪ੍ਰਦੂਸ਼ਣ ਸਰਕਾਰ ਨੂੰ ਵਿਖਾਈ ਨਹੀਂ ਦਿੰਦਾ ਪਰ ਕਿਸਾਨਾਂ ਦੀ ਪਰਾਲੀ ਨੂੰ ਪ੍ਰਦੂਸ਼ਣ ਬੰਬ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ।
ਉਨ੍ਹਾਂ ਨੇ ਕਿਹਾ ਕਿ ਕਿਸਾਨ ਖੁਦ ਚਾਹੁੰਦੇ ਹਨ ਕਿ ਇਸ ਦਾ ਕੋਈ ਹੱਲ ਨਿਕਲੇ ਪਰ ਇਸ ਦੇ ਲਈ ਸਰਕਾਰ ਉਨ੍ਹਾਂ ਦੀ ਮਦਦ ਕਰੇ । ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣਾ ਹੈ ਤਾਂ ਪ੍ਰਤੀ ਏਕੜ 5 ਹਜ਼ਾਰ ਰੁਪਏ ਜਾਂ 200 ਰੁਪਏ ਪ੍ਰਤੀ ਕੁਇੰਟਲ ਦਾ ਬੋਨਸ ਦਿੱਤਾ ਜਾਵੇ ਕਿਉਂਕਿ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਕਾਫ਼ੀ ਖਰਚਾ ਕਰਨਾ ਪੈਂਦਾ ਹੈ । 
ਸਰਕਾਰ ਆਪਣੇ ਵਾਅਦੇ ਤੋਂ ਪਿੱਛੇ ਹਟਦੀ ਨਜ਼ਰ ਆ ਰਹੀ ਹੈ : ਮਿਹਰ ਸਿੰਘ
ਮਿਹਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਸਮੁੱਚੇ ਕਰਜ਼ੇ ਤੋਂ ਮੁਕਤੀ ਦਵਾਈ ਜਾਵੇਗੀ ਪਰ ਹੁਣ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਪਿੱਛੇ ਹਟਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਕਰਜ਼ਾ ਮੁਕਤ ਕਰੇ ਅਤੇ ਭਵਿੱਖ ਵਿਚ ਫਸਲਾਂ ਦੇ ਉਚਿਤ ਰੇਟ ਦਿੱਤੇ ਜਾਣ ਤਾਂ ਕਿ ਕਿਸਾਨਾਂ ਨੂੰ ਕਰਜ਼ਾ ਲੈਣਾ ਹੀ ਨਹੀਂ ਪਵੇ । ਕਾਕਾ ਸਿੰਘ ਨੇ ਮੰਗ ਕੀਤੀ ਕਿ ਕਿਸਾਨਾਂ ਵਲੋਂ ਪ੍ਰਯੋਗ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਜੀ. ਐੱਸ. ਟੀ. ਤੋਂ ਮੁਕਤ ਕੀਤਾ ਜਾਵੇ । 
ਬਦਲਵੀਆਂ ਫਸਲਾਂ ਦੇ ਮੰਡੀਕਰਨ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ : ਬੋਗ ਸਿੰਘ
ਜਨਰਲ ਸਕੱਤਰ ਬੋਗ ਸਿੰਘ ਮਾਨਸਾ ਨੇ ਕਿਹਾ ਕਿ ਸਰਕਾਰ ਵਲੋਂ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿਚੋਂ ਕਿਸਾਨਾਂ ਨੂੰ ਕੱਢ ਕੇ ਬਦਲਵੀਆਂ ਫਸਲਾਂ ਬੀਜਣ ਦਾ ਬਹੁਤ ਪ੍ਰਚਾਰ ਕੀਤਾ ਜਾਂਦਾ ਹੈ ਪਰ ਇਨ੍ਹਾਂ ਬਦਲਵੀਆਂ ਫਸਲਾਂ ਦੇ ਮੰਡੀਕਰਨ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ। ਮਾਨ ਸਿੰਘ ਰਾਜਪੁਰਾ ਦਾ ਕਹਿਣਾ ਸੀ ਕਿ ਇਸ ਸੀਜ਼ਨ ਵਿਚ ਮੱਕੇ ਦੀ ਫਸਲ 600 ਤੋਂ ਲੈ ਕੇ 700 ਰੁਪਏ ਪ੍ਰਤੀ ਕੁਇੰਟਲ ਤਕ ਵਿਕੀ ਅਤੇ ਸੂਰਜਮੁਖੀ 2500 ਰੁਪਏ ਪ੍ਰਤੀ ਕੁਇੰਟਲ ਤੋਂ ਜ਼ਿਆਦਾ ਨਹੀਂ ਵਿਕ ਸਕੀ । ਉਨ੍ਹਾਂ ਨੇ ਕਿਹਾ ਕਿ ਆਲੂ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਆਪਣੀ ਫਸਲ ਦੇ ਖਰੀਦਦਾਰ ਹੀ ਨਹੀਂ ਮਿਲੇ। ਗੰਨੇ ਦੀ ਫਸਲ ਦਾ ਬਕਾਇਆ ਅਜੇ ਤਕ ਸਰਕਾਰ ਕਿਸਾਨਾਂ ਨੂੰ ਨਹੀਂ ਦੇ ਸਕੀ ।


Related News