ਦਿੱਲੀ ਹਿੰਸਾ ਤੋਂ ਬਾਅਦ ਬੱਬੂ ਮਾਨ ਤੇ ਅਮਰਿੰਦਰ ਨੇ ਕਿਸਾਨਾਂ ਨੂੰ ਦਿੱਤੀ ਹੱਲਾ ਸ਼ੇਰੀ, ਕਿਹਾ ਬੁਲੰਦ ਰੱਖੋ ‘ਕਿਸਾਨੀ ਮੋਰਚਾ’
Friday, Jan 29, 2021 - 08:32 AM (IST)
ਚੰਡੀਗੜ੍ਹ (ਬਿਊਰੋ) — ਪਿਛਲੇ 2 ਮਹੀਨਿਆਂ ਤੋਂ ਵੱਖ-ਵੱਖ ਸੂਬਿਆਂ ਦੇ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਕਰ ਰਹੇ ਹਨ। ਇਸ ਅੰਦੋਲਨ ਨੂੰ ਲੈ ਕੇ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਖ਼ਾਸ ਮੌਕੇ ’ਤੇ ਦਿੱਲੀ ’ਚ ‘ਟਰੈਕਟਰ ਮਾਰਚ’ ਕੱਢਿਆ ਗਿਆ ਸੀ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਦੌਰਾਨ ਵੱਖ-ਵੱਖ ਸੂਬਿਆਂ ਤੋਂ ਲੋਕ ਆਪਣੇ ਟਰੈਕਟਰ ਲੈ ਕੇ ‘ਟਰੈਕਟਰ ਮਾਰਚ’ ਦਾ ਹਿੱਸਾ ਬਣੇ। ਇਸ ਦੌਰਾਨ ਹਿੰਸਕ ਝੜਪ ਵੀ ਹੋਈ, ਜਿਸ ’ਤੇ ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਕਲਾਕਾਰ ਵੀ ਇਸ ਦੀ ਨਿੰਦਿਆ ਕਰ ਰਹੇ ਹਨ। ਉਥੇ ਹੀ ਪੰਜਾਬੀ ਕਲਾਕਾਰ ਕਿਸਾਨਾਂ ਦਾ ਹੌਂਸਲਾ ਬੁਲੰਦ ਕਰ ਰਹੇ ਹਨ। ਬੱਬੂ ਮਾਨ ਨੇ ਸੋਸ਼ਲ ਮੀਡੀਆ ’ਤੇ ਲਿਖਿਆ -
ਨੀਂ ਦਿੱਲੀਏ ਤੇਰੀ ਚਾਲ ਕਿਸੇ ਕੰਮ ਨਾ ਆਈ
ਜੱਟ ਜਾਤ ਫਰਕ ਨਾ ਕੋਈ ਦੋਨੇਂ ਭਾਈ ਭਾਈ...
ਡਟੇ ਰਹੋ, ਅੱਗੇ ਅਸੀਂ...
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ...ਬਾਇਮਾਨ।’
ਉਥੇ ਹੀ ਅਮਰਿੰਦਰ ਗਿੱਲ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ ‘ਹਾਲੇ ਤਾਂ ਸ਼ੁਰੂ ਹੋਇਆ ਸੰਘਰਸ਼।’ ਨਾਲ ਹੀ ਹੱਥ ਜੋੜਦੇ ਹੋਏ ਦੀ ਇਕ ਇਮੋਜ਼ੀ ਸਾਂਝੀ ਕੀਤੀ ਹੈ।
ਅੰਬਰਦੀਪ ਸਿੰਘ ਨੇ ਟਵਿੱਟਰ ਅਕਾਊਂਟ ’ਤੇ ਲਿਖਿਆ ‘ਪੰਜਾਬ ਦੀ ਪੱਗ ਹਮੇਸ਼ਾ ਸਲਾਮਤ ਰਹੇਗੀ, ਇਹਦੇ ਸੁਹਿਰਦ ਪੁੱਤ ਜਿਊਂਦੇ ਨੇ ਹਾਲੇ, ਲੋੜ ਪੈਣ ’ਤੇ ਇਕ ਹੋ ਜਾਂਦੇ ਨੇ, ਬਾਜਾਂ ਵਾਲੇ ਅੰਗ ਸੰਗ ਸਹਾਈ ਹੋਣ, ਚੜ੍ਹਦੀ ਕਲਾ...।’
ਦੱਸ ਦਈਏ ਕਿ ਪਿਛਲੇ 2 ਮਹੀਨਿਆਂ ਤੋਂ ਦਿੱਲੀ ਬਾਰਡਰਾਂ ’ਤੇ ਕਿਸਾਨਾਂ ਵਲੋਂ ਸ਼ਾਂਤਮਈ ਪ੍ਰਦਰਸ਼ਨ ਚੱਲ ਰਿਹਾ ਸੀ ਪਰ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਕਾਫ਼ੀ ਸਵਾਲ ਖੜ੍ਹੇ ਹੋ ਗਏ ਹਨ, ਜਿਸ ਤੋਂ ਬਾਅਦ ਹਰ ਕੋਈ ਇਸ ਮੁੱਦੇ ’ਤੇ ਆਪਣਾ ਪੱਖ ਰੱਖ ਰਿਹਾ ਹੈ।
ਦੱਸਣਯੋਗ ਹੈ ਕਿ ਪੰਜਾਬੀ ਅਦਾਕਾਰ ਦੀਪ ਸਿੱਧੂ 26 ਜਨਵਰੀ ਮੌਕੇ ਦਿੱਲੀ ਵਿਖੇ ਹੋਏ ਘਟਨਾਕ੍ਰਮ ਤੋਂ ਬਾਅਦ ਵਿਵਾਦਾਂ ’ਚ ਘਿਰ ਗਿਆ ਹੈ। ਦੀਪ ਸਿੱਧੂ ਗਣਤੰਤਰ ਦਿਵਸ ਮੌਕੇ ਲਾਲ ਕਿਲੇ ’ਤੇ ਝੰਡਾ ਚੜ੍ਹਾਉਣ ਕਰਕੇ ਸੁਰਖ਼ੀਆਂ ’ਚ ਆ ਗਏ ਹਨ। ਇਹ ਵਿਵਾਦ ਉਦੋਂ ਸਾਹਮਣੇ ਆਇਆ, ਜਦੋਂ ਦੀਪ ਸਿੱਧੂ ਨੇ ਲਾਈਵ ਹੋ ਕੇ ਲਾਲ ਕਿਲੇ ’ਤੇ ਕੇਸਰੀ ਝੰਡਾ ਚੜ੍ਹਾਉਣ ਨੂੰ ਲੈ ਕੇ ਇਕ ਲਾਈਵ ਵੀਡੀਓ ਸਾਂਝੀ ਕੀਤੀ। ਦੀਪ ਨੇ ਜਥੇਬੰਦੀਆਂ ਦੀ ਇਜਾਜ਼ਤ ਤੋਂ ਬਿਨਾਂ ਇਹ ਕਦਮ ਚੁੱਕਿਆ ਹੈ, ਜਿਸ ’ਤੇ ਹੁਣ ਕਿਸਾਨ ਜਥੇਬੰਦੀਆਂ ਵੀ ਐਕਸ਼ਨ ਲੈ ਰਹੀਆਂ ਹਨ।
ਦੀਪ ਸਿੱਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਧਰਮਿੰਦਰ ਦੇ ਪ੍ਰੋਡਕਸ਼ਨ ਹਾਊਸ ’ਚ ਬਣੀ ਫ਼ਿਲਮ ‘ਰਮਤਾ ਜੋਗੀ’ ਨਾਲ ਕੀਤੀ ਸੀ। ਸੰਨੀ ਦਿਓਲ ਨੂੰ ਗੁਰਦਾਸਪੁਰ ’ਚ ਜਿਤਾਉਣ ’ਚ ਦੀਪ ਸਿੱਧੂ ਨੇ ਅਹਿਮ ਭੂਮਿਕਾ ਨਿਭਾਈ ਸੀ। ਹਾਲਾਂਕਿ ਕੱਲ ਵਾਲੇ ਵਿਵਾਦ ਤੋਂ ਬਾਅਦ ਸੰਨੀ ਦਿਓਲ ਨੇ ਮੁੜ ਇਹ ਗੱਲ ਸਾਫ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰ ਦਾ ਦੀਪ ਸਿੱਧੂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।