ਪੰਜਾਬ 'ਚ ਬਿਜਲੀ ਦੇ ਸੰਕਟ ਨੂੰ ਦੇਖਦਿਆਂ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਝਟਕਾ
Saturday, Oct 10, 2020 - 06:25 PM (IST)
ਚੰਡੀਗੜ੍ਹ : ਪਿਛਲੇ 16 ਦਿਨਾਂ ਤੋਂ ਸੂਬੇ ਵਿਚ ਰੇਲ ਟ੍ਰੈਕ 'ਤੇ ਬੈਠੇ ਕਿਸਾਨਾਂ ਨੂੰ ਇਕ ਹੋਰ ਝਟਕਾ ਲੱਗਾ ਹੈ। ਮਾਲ ਗੱਡੀਆਂ ਨਾ ਚੱਲਣ ਕਾਰਨ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟ ਵਿਚ ਕੋਲੇ ਦੇ ਭਾਰੀ ਕਿੱਲਤ ਦੇ ਚੱਲਦੇ ਕਈ ਯੂਨਿਟ ਬੰਦ ਕਰ ਦਿੱਤੇ ਗਏ ਹਨ। ਅਜਿਹੇ ਵਿਚ ਸੂਬੇ ਵਿਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਸੂਬਾ ਸਰਕਾਰ ਨੇ ਖੇਤੀਬਾੜੀ ਖੇਤਰ ਵਿਚ ਦਿੱਤੀ ਜਾ ਰਹੀ ਬਿਜਲੀ ਵਿਚ ਕਟੌਤੀ ਕਰ ਦਿੱਤੀ ਹੈ। ਹੁਣ ਕਿਸਾਨਾਂ ਨੂੰ ਦੋ ਘੰਟੇ ਹੀ ਬਿਜਲੀ ਮਿਲੇਗੀ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਵਿਚ ਬਿਜਲੀ ਦੀ ਮੰਗ ਤੇਜ਼ੀ ਨਾਲ ਡਿੱਗੀ ਹੈ। ਮੰਗ ਅਤੇ ਉਤਪਾਦਨ ਵਿਚ ਸਿਰਫ 500 ਤੋਂ ਇਕ ਹਜ਼ਾਰ ਮੈਗਾਵਾਟ ਦਾ ਹੀ ਫਰਕ ਹੈ। ਇਸ ਨੂੰ ਪੂਰਾ ਕਰਨ ਲਈ ਸਰਕਾਰ ਨੇ ਖੇਤਾਂ ਨੂੰ ਮਿਲ ਰਹੀ ਬਿਜਲੀ 'ਤੇ ਕੈਂਚੀ ਚਲਾਈ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਬੁਰੀ ਖ਼ਬਰ, ਦੋ ਦਿਨਾਂ ਬਾਅਦ ਹਨ੍ਹੇਰੇ 'ਚ ਡੁੱਬ ਜਾਵੇਗਾ ਪੂਰਾ ਸੂਬਾ
ਇਥੇ ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਦਿਨਾਂ ਵਿਚ ਆਲੂ ਅਤੇ ਹੋਰ ਸਬਜੀਆਂ ਦੀ ਬਿਜਾਈ ਜ਼ੋਰਾਂ 'ਤੇ ਹੈ। ਅਜਿਹੇ ਵਿਚ ਬਿਜਲੀ ਕੱਟ ਦਾ ਅਸਰ ਸਿੱਧਾ ਕਿਸਾਨਾਂ 'ਤੇ ਹੀ ਪਵੇਗਾ। ਹਾਲਾਂਕਿ ਪਾਵਰਕਾਮ ਨੇ ਬਿਜਲੀ ਕੱਟ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ। ਉਥੇ ਹੀ ਪਾਵਰਕਾਮ ਦੇ ਚੇਅਰਮੈਨ ਏ ਵੇਨੂਪ੍ਰਸਾਦ ਨੇ ਮੰਨਿਆ ਕਿ ਕੋਲਾ ਨਾ ਮਿਲਣ ਕਾਰਣ ਸੰਕਟ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿਚ ਬਲੈਕ ਆਊਟ ਨਹੀਂ ਹੋਣ ਦੇਵਾਂਗੇ। ਜਿਸ ਲਈ ਵਿਭਾਗ ਵਲੋਂ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਕੱਲ੍ਹ ਪੰਜਾਬ ਬੰਦ ਦੀ ਕਾਲ, ਜਾਣੋ ਕੀ ਰਹੇਗਾ ਸਮਾਂ
ਕੀ ਕਹਿਣਾ ਹੈ ਕਿਸਾਨ ਯੂਨੀਅਨ ਉਗਰਾਹਾਂ ਦਾ
ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਕੋਲੇ ਦੇ ਸੰਕਟ ਦੀਆਂ ਗੱਲਾਂ ਅਸਲ 'ਚ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕੋਲਾ ਸੰਕਟ ਦੇ ਮਾਮਲੇ 'ਤੇ ਬਰਨਾਲਾ 'ਚ ਮੀਟਿੰਗ ਸੱਦੀ ਹੈ, ਜਿਸ 'ਚ ਅਗਲਾ ਫ਼ੈਸਲਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਗੈਂਗਸਟਰਾਂ ਵਲੋਂ 10 ਗੋਲ਼ੀਆਂ ਮਾਰ ਕੇ ਬਾਊਂਸਰ ਦਾ ਕਤਲ
ਪਾਵਰਕਾਮ ਮੈਨੇਜਮੈਂਟ 'ਚ ਕੋਲਾ ਸੰਕਟ ਨੂੰ ਲੈ ਕੇ ਵੱਖੋ-ਵੱਖ ਰਾਇ ਬਣੀ
ਇਸ ਦੌਰਾਨ ਕੋਲਾ ਸੰਕਟ ਨੂੰ ਲੈ ਕੇ ਪਾਵਰਕਾਮ ਮੈਨੇਜਮੈਂਟ 'ਚ ਵੱਖੋ-ਵੱਖ ਰਾਇ ਬਣੀ ਸਾਹਮਣੇ ਆਈ ਹੈ। ਇਕ ਪਾਸੇ ਸੀ. ਐੱਮ. ਡੀ. ਦਾ ਕਹਿਣਾ ਹੈ ਕਿ ਕੋਲਾ ਸੰਕਟ ਗੰਭੀਰ ਹੈ ਤਾਂ ਦੂਜੇ ਪਾਸੇ ਡਾਇਰੈਕਟਰ ਜਨਰੇਸ਼ਨ ਜਤਿੰਦਰ ਗੋਇਲ ਦਾ ਕਹਿਣਾ ਹੈ ਕਿ ਕੋਈ ਗੰਭੀਰ ਸੰਕਟ ਨਹੀਂ ਹੈ। ਸਾਡੇ ਆਪਣੇ ਥਰਮਲ ਪਲਾਂਟਾਂ 'ਚ ਵਾਧੂ ਕੋਲਾ ਪਿਆ ਹੈ ਅਤੇ ਮੰਗ ਘੱਟ ਹੋਣ ਕਾਰਣ ਅਸੀਂ ਇਹ ਪਲਾਂਟ ਬੰਦ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਲੋੜ ਅਨੁਸਾਰ ਅਸੀਂ ਬਿਜਲੀ ਬਾਹਰੋਂ ਵੀ ਖਰੀਦ ਰਹੇ ਹਾਂ। ਪ੍ਰਾਈਵੇਟ ਥਰਮਲਾਂ 'ਚ ਕੋਲਾ ਭਾਵੇਂ ਘੱਟ ਹੈ ਪਰ ਸਾਡੀ ਇਨਾਂ 'ਤੇ ਨਿਰਭਰਤਾ ਸਿਰਫ 20 ਫੀਸਦੀ ਹੈ, ਬਾਕੀ ਸਾਡੇ 80 ਫ਼ੀਸਦੀ ਸਰੋਤ ਆਪਣੇ ਹਨ। ਪਣ ਬਿਜਲੀ ਪ੍ਰਾਜੈਕਟਾਂ ਤੋਂ ਸਾਨੂੰ ਬਿਜਲੀ ਮਿਲਦੀ ਹੈ, ਸਾਡੇ ਚਿਰ ਕਾਲੀ ਸਮਝੌਤੇ ਹੋਏ ਹੋਏ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਜੱਗਾ ਬਾਊਂਸਰ ਕਤਲ ਕਾਂਡ 'ਚ ਨਵਾਂ ਮੋੜ, ਇਸ ਗੈਂਗਸਟਰ ਨੇ ਫੇਸਬੁਕ 'ਤੇ ਲਈ ਜ਼ਿੰਮੇਵਾਰੀ