ਗੰਨਾ ਮਿੱਲ ਵਿਰੁੱਧ ਫਗਵਾੜਾ ''ਚ ਲੱਗਾ ਧਰਨਾ ਹੋਇਆ ਮੁਲਤਵੀ, ਕਿਸਾਨਾਂ ਨੇ ਖੋਲ੍ਹਿਆ ਨੈਸ਼ਨਲ ਹਾਈਵੇਅ
Monday, Sep 05, 2022 - 06:12 PM (IST)
 
            
            ਫਗਵਾੜਾ (ਜਲੋਟਾ)–ਪਿਛਲੇ 28 ਦਿਨ ਤੋਂ ਫਗਵਾੜਾ ਵਿਖੇ ਗੰਨਾ ਕਿਸਾਨਾਂ ਦੀ 72 ਕਰੋੜ ਦੀ ਬਕਾਇਆ ਰਾਸ਼ੀ ਦੀ ਵਸੂਲੀ ਸਬੰਧੀ ਅਤੇ ਖੰਡ ਮਿੱਲ ਫਗਵਾੜਾ ਨੂੰ ਸੀਜ਼ਨ ਸਾਲ 2022/23 ਸਮੇਂ-ਸਿਰ ਚਲਾਉਣ ਸਬੰਧੀ ਖੇਤੀਬਾੜੀ ਮੰਤਰੀ ਪੰਜਾਬ ਸਰਕਾਰ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਭਾਰਤੀ ਕਿਸਾਨ ਯੂਨੀਅਨ ਦੋਆਬਾ ਨਾਲ ਐਤਵਾਰ ਅੰਮ੍ਰਿਤਸਰ ਵਿਖੇ ਮਸਲੇ ਦੇ ਹੱਲ ਸਬੰਧੀ ਲੰਮੀ ਮੀਟਿੰਗ ਕਿਸਾਨ ਆਗੂਆਂ ਨਾਲ ਕੀਤੀ ਗਈ ਹੈ। ਖੇਤੀਬਾੜੀ ਮੰਤਰੀ ਪੰਜਾਬ ਵੱਲੋਂ ਐਲਾਨ ਕੀਤਾ ਗਿਆ ਕਿ ਖੰਡ ਮਿੱਲ ਫਗਵਾੜਾ ਦੇ ਗੰਨਾ ਕਿਸਾਨਾਂ ਨੂੰ ਸਰਕਾਰ ਵੱਲੋਂ ਪ੍ਰਤੀ ਕੁਇੰਟਲ 35 ਰੁਪਏ ਦੀ ਰਕਮ ਜੋ ਕਰੀਬ 3 ਕਰੋੜ 95 ਲੱਖ ਬਣਦੀ ਹੈ, ਦੀ ਅਦਾਇਗੀ ਅਗਲੇ 7 ਦਿਨਾਂ ਦੇ ਅੰਦਰ ਸਰਕਾਰ ਵੱਲੋਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ‘ਬਾਬਾ ਸੋਢਲ’ ਦੇ ਮੇਲੇ ਨੂੰ ਲੈ ਕੇ ਤਿਆਰੀਆਂ ਮੁਕੰਮਲ, ਨਤਮਸਤਕ ਹੋਣ ਪਹੁੰਚ ਰਹੇ ਸ਼ਰਧਾਲੂ

ਮੀਟਿੰਗ ਤੋਂ ਬਾਅਦ ਫਗਵਾੜਾ ਵਿਖੇ ਚੱਲ ਰਹੇ ਧਰਨੇ ਵਿਚ ਪੰਜਾਬ ਸਰਕਾਰ ਵੱਲੋਂ ਐੱਮ. ਐੱਲ. ਏ. ਜਸਬੀਰ ਸਿੰਘ ਟਾਂਡਾ, ਡਾਇਰੈਕਟਰ ਐਗਰੀਕਲਚਰ ਡਾ. ਗੁਰਵਿੰਦਰ ਸਿੰਘ, ਕੇਨ ਕਮਿਸ਼ਨਰ ਪੰਜਾਬ ਸਹਾਇਕ ਕੇਨ ਕਮਿਸ਼ਨਰ ਪੰਜਾਬ, ਐੱਸ. ਡੀ. ਐੱਮ. ਸਤਵੰਤ ਸਿੰਘ, ਐੱਸ. ਪੀ. ਮੁਖਤਿਆਰ ਰਾਏ, ਤਹਿਸੀਲਦਾਰ ਪਵਨ ਕੁਮਾਰ ਨੇ ਧਰਨਾਕਾਰੀ ਕਿਸਾਨਾਂ ਕੋਲ ਪੁੱਜੇ।
ਉਨ੍ਹਾਂ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਇਹ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਗੰਨਾ ਕਿਸਾਨਾਂ ਦੀਆਂ ਸਾਰੀਆਂ ਔਕਡ਼ਾਂ ਦਾ ਹੱਲ ਪੱਕੇ ਤੌਰ ’ਤੇ ਕਰੇਗੀ। ਸਰਕਾਰ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਕਿਸਾਨਾਂ ਅਤੇ ਯੂਨੀਅਨ ਆਗੂਆਂ ਵੱਲੋਂ ਕਿਸਾਨ ਅੰਦੋਲਨ ਨੂੰ ਕੁਝ ਦਿਨਾਂ ਲਈ ਮੁਲਤਵੀ ਕਰਨ ਦਾ ਐਲਾਨ ਕੀਤਾ ਗਿਆ ਹੈ।

ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ 2 ਦਿਨ ਪਹਿਲਾਂ ਹਰਿਆਣਾ ਫਤਿਹਾਬਾਦ ਵਿਖੇ ਖੰਡ ਮਿੱਲ ਦੀ ਰਜਿਸਟਰੀ ਹੋਣ ਤੋਂ ਬਾਅਦ ਕਰੀਬ 24 ਕਰੋੜ ਰੁਪਏ ਜੋ ਜਲਦ ਹੀ ਕਿਸਾਨਾਂ ਦੇ ਖਾਤਿਆਂ ਵਿਚ ਆ ਰਿਹਾ ਹੈ। ਇਸ ਤੋਂ ਇਲਾਵਾ ਖੇਤੀਬਾੜੀ ਮੰਤਰੀ ਨਾਲ ਅੱਜ ਮੀਟਿੰਗ ਹੋਈ ਸੀ, ਜਿਸ ਤੋਂ ਬਾਅਦ ਧਰਨੇ ਵਿਚ ਟਾਂਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਪਹੁੰਚੇ, ਜਿਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਜੋ ਵੀ ਰਹਿੰਦੀਆਂ ਮੰਗਾਂ ਹਨ ਉਹ ਜਲਦ ਹੀ ਸਰਕਾਰ ਪੂਰੀ ਕਰੇਗੀ। ਸਾਰੇ ਕਿਸਾਨਾਂ ਦੀ ਸਹਿਮਤੀ ਲੈਣ ਤੋਂ ਬਾਅਦ ਇਹ ਧਰਨਾ 10 ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਅਰਦਾਸ ਕਰਨ ਉਪਰੰਤ ਨੈਸ਼ਨਲ ਹਾਈਵੇਅ ਨੂੰ ਖੋਲ੍ਹ ਦਿੱਤਾ ਗਿਆ ਹੈ, ਜਿੱਥੇ ਕਿਸਾਨਾਂ ਵੱਲੋਂ ਆਪਣੇ ਟਰੈਕਟਰ-ਟਰਾਲੀਆਂ ਅਤੇ ਟੈਂਟ ਵੀ ਚੁੱਕਣਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਬਾਬਾ ਸੋਢਲ ਜੀ ਦੇ ਮੇਲੇ ਮੌਕੇ ਇਸ ਦਿਨ ਜਲੰਧਰ ’ਚ ਸਰਕਾਰੀ ਦਫ਼ਤਰ ਤੇ ਵਿੱਦਿਅਕ ਅਦਾਰਿਆਂ ’ਚ ਰਹੇਗੀ ਛੁੱਟੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            