ਭਵਾਨੀਗੜ੍ਹ ’ਚ ਸਥਿਤੀ ਤਣਾਅਪੂਰਨ, ਕਿਸਾਨ ਜਥੇਬੰਦੀ ਤੇ ਪੁਲਸ ਆਹਮੋ-ਸਾਹਮਣੇ
Monday, Sep 05, 2022 - 12:36 PM (IST)
ਭਵਾਨੀਗੜ੍ਹ (ਵਿਕਾਸ ਮਿੱਤਲ) : ਨੇੜਲੇ ਪਿੰਡ ਘਰਾਚੋਂ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਕਿਸਾਨ ਯੂਨੀਅਨ ਅਤੇ ਪੁਲਸ ਪ੍ਰਸ਼ਾਸਨ ਆਹਮੋ-ਸਾਹਮਣੇ ਹੋ ਗਏ ਹਨ। ਇਸ ਮੌਕੇ ਪਿੰਡ ਘਰਾਚੋਂ ਵਿਚ ਡੀ. ਐੱਸ. ਪੀ. ਭਵਾਨੀਗੜ੍ਹ ਮੋਹਿਤ ਅਗਰਵਾਲ ਦੀ ਅਗਵਾਈ ਹੇਠ ਭਾਰੀ ਪੁਲਸ ਬਲ ਤਾਇਨਾਤ ਹੈ ਅਤੇ ਪੁਲਸ ਨੇ ਕਿਸਾਨ ਯੂਨੀਅਨ ਦੇ ਕਰੀਬ ਅੱਧੀ ਦਰਜਨ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਪਿੰਡ ਵਿਚ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਨੂੰ ਲੈ ਕੇ ਮਾਮਲਾ ਗਰਮਾਇਆ ਹੋਇਆ ਹੈ।
ਜਾਣਕਾਰੀ ਅਨੁਸਾਰ ਇਕ ਪਰਿਵਾਰ ਵਲੋਂ ਪੰਚਾਇਤੀ ਜ਼ਮੀਨ ’ਤੇ ਕਬਜ਼ੇ ਨੂੰ ਲੈ ਕੇ ਪੰਚਾਇਤ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਿਚ ਤਣਾਤਣੀ ਚੱਲ ਰਹੀ ਹੈ ਅਤੇ ਪਿਛਲੇ ਦਿਨੀਂ ਕਿਸਾਨ ਯੂਨੀਅਨ ਨੇ ਪਰਿਵਾਰ ਦੇ ਹੱਕ ਅਤੇ ਪੰਚਾਇਤ ਖ਼ਿਲਾਫ਼ ਥਾਣੇ ਦਾ ਘਿਰਾਓ ਵੀ ਕੀਤਾ ਸੀ। ਅੱਜ ਸੋਮਵਾਰ ਨੂੰ ਪੁਲਸ ਨੇ ਉਕਤ ਪਰਿਵਾਰ ਦੇ ਘਰ ਦੀ ਕੰਧ ਨੂੰ ਜੇ. ਸੀ. ਬੀ. ਮਸ਼ੀਨ ਦੀ ਸਹਾਇਤਾ ਨਾਲ ਢਾਹ ਦਿੱਤਾ। ਜਿਸ ਦਾ ਵਿਰੋਧ ਕਰ ਰਹੇ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਦੀ ਖਿੱਚ ਧੂਹ ਕਰਕੇ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ। ਇਸ ਨੂੰ ਲੈ ਕੇ ਕਿਸਾਨ ਯੂਨੀਅਨ ਦੇ ਕਾਰਕੁੰਨ ਇਸ ਪੁਲਸ ਧੱਕੇਸ਼ਾਹੀ ਖ਼ਿਲਾਫ਼ ਪਿੰਡ ਵਿਚ ਇਕੱਤਰ ਹੋਣੇ ਸ਼ੁਰੂ ਹੋ ਗਏ ਅਤੇ ਪਿੰਡ ਦੇ ਬੱਸ ਸਟੈਂਡ ’ਤੇ ਧਰਨਾ ਲਗਾ ਕੇ ਪੁਲਸ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਖ਼ਬਰ ਲਿਖੇ ਜਾਣ ਤੱਕ ਦੋਵਾਂ ਧਿਰਾਂ ਆਹਮੋ-ਸਾਹਮਣੇ ਸਨ।