ਪੱਕੀ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਪ੍ਰਤੀ ਕਿਸਾਨਾਂ ਨੂੰ ਸੁਚੇਤ ਹੋਣ ਦੀ ਜਰੂਰਤ: ਡਾ ਸੁਰਿੰਦਰ ਸਿੰਘ

Wednesday, Mar 25, 2020 - 06:33 PM (IST)

ਪੱਕੀ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਪ੍ਰਤੀ ਕਿਸਾਨਾਂ ਨੂੰ ਸੁਚੇਤ ਹੋਣ ਦੀ ਜਰੂਰਤ: ਡਾ ਸੁਰਿੰਦਰ ਸਿੰਘ

ਜਲੰਧਰ(ਨਰੇਸ਼ ਗੁਲਾਟੀ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਾਣਕਰੀ ਦਿੰਦੇ ਹੋਏ ਕਿਹਾ ਹੈ ਕਿ ਜਿਲ੍ਹਾ ਜਲੰਧਰ 'ਚ ਕਣਕ ਹੇਠ ਤਕਰੀਬਨ 1.69 ਲੱਖ ਹੈਕਟੇਅਰ ਰਕਬਾ ਬੀਜਿਆ ਗਿਆ ਹੈ।ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਜੇਕਰ ਕਣਕ ਦੇ ਖੇਤਾਂ 'ਚ ਬਿਜਲੀ ਦੇ ਟਰਾਂਸਫਾਰਮਰ ਹੋਣ ਤਾਂ ਉਸ ਦੇ ਨੇੜੇ ਤੋਂ ਕਣਕ ਪਹਿਲਾਂ ਕੱਟ ਲਈ ਜਾਵੇ ਅਤੇ ਨਾਲ ਹੀ ਹੋ ਸਕੇ ਤਾਂ ਟਰਾਂਸਫਾਰਮਰ ਨੂੰ ਵੀ ਬੰਦ ਕਰ ਦਿੱਤਾ ਜਾਵੇ ਤਾਂ ਜੋ ਬਿਜਲੀ ਦੇ ਸਪਾਰਕ ਨਾਲ ਅੱਗ ਆਦਿ ਦੇ ਖਤਰੇ ਅਤੇ ਨੁਕਸਾਨ ਤੋਂ ਬਚਿਆ ਜਾ ਸਕੇ।ਕਿਸੇ ਅਣਸੁਖਾਵੀ ਕਣਕ ਨੂੰ ਅੱਗ ਲੱਗਣ ਦੀ ਘਟਨਾ ਤੋਂ ਬਚਾਓ ਵਾਸਤੇ ਅਗਾਂਊ ਇੰਤਜਾਮ ਕਰਦੇ ਹੋਏ ਪਾਣੀ ਦੇ ਢੋਲ, ਚੁਬਚਾ/ਚਿਲ੍ਹਾ/ਖਾਲ ਆਦਿ ਪਾਣੀ ਨਾਲ ਭਰ ਕੇ ਰੱਖੇ ਜਾਣ।ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਸਬ ਸੁਆਇਲ ਵਾਟਰ ਪ੍ਰੀਜਰਵੇਸ਼ਨ ਐਕਟ 2009 ਅਨੁਸਾਰ ਕਣਕ ਦੀ ਵਾਢੀ ਤੋਂ ਬਾਅਦ ਅਤੇ ਝੋਨੇ ਦੀ ਲਵਾਈ ਦਰਮਿਆਨ ਤਕਰੀਬਨ ਦੋ ਮਹੀਨਿਆਂ ਦਾ ਵਕਫਾ ਹੁੰਦਾ ਹੈ, ਇਸ ਸਮੇਂ ਦਾ ਸਹੀ ਉਪਯੋਗ ਕਰਦੇ ਹੋਏ ਕਿਸਾਨ ਖਾਲੀ ਖੇਤਾਂ 'ਚ ਘੱਟ ਸਮੇਂ 'ਚ ਪੱਕਣ ਵਾਲੀ ਫਸਲ ਦੀ ਕਾਸ਼ਤ ਕਰ ਸਕਦੇ ਹਨ। 

ਇਸ ਦੇ ਸਬੰਧ 'ਚ ਡਾ ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਦਾਲਾਂ ਪ੍ਰੋਟੀਨ ਦਾ ਮਹੱਤਵਪੂਰਨ ਸੋਮਾ ਹਨ ਅਤੇ ਦਾਲਾਂ ਦੀ ਕਾਸ਼ਤ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ 'ਚ ਵੀ ਸੁਧਾਰ ਹੁੰਦਾ ਹੈ। ਉਹਨਾ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇੱਕ ਆਮ ਇਨਸਾਨ ਲਈ ਰੋਜ਼ਾਨਾ 85 ਗ੍ਰਾਮ ਦਾਲ ਦਾ ਸੇਵਨ ਕਰਨ ਦੀ ਜਰੂਰਤ ਹੈ,ਜਦਕਿ ਦਾਲਾ ਦੀ ਉਪਲੱਧਤਾ ਵੱਲ ਦੇਖੀਏ ਤਾਂ ਸਿਰਫ 35 ਗ੍ਰਾਮ ਦਾਲ ਪ੍ਰਤੀ ਦਿਨ ਪ੍ਰਤੀ ਵਿਅਕਤੀ ਹੀ ਉਪਲਬੱਧ ਹੋ ਰਹੀਆਂ ਹਨ।ਇਸੇ ਕਰਕੇ ਹੀ ਖੇਤੀਬਾੜੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਮੂੰਗੀ ਦੀ ਕਾਸ਼ਤ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਖੇਤੀਬਾੜੀ ਵਿਭਾਗ ਵੱਲੋਂ ਜਿਥੇ 450 ਮੂੰਗੀ ਦੀਆਂ ਮਿਨੀਕਿੱਟਾਂ ਕਿਸਾਨਾ ਨੂੰ ਮੁਫਤ ਵੰਡੀਆਂ ਜਾ ਰਹੀਆਂ ਹਨ, ਉਥੇ ਮੂੰਗੀ ਦਾ ਤਸਦੀਕ ਸ਼ੂਦਾ ਬੀਜ ਵੀ ਜ਼ਿਲੇ ਦੇ ਵੱਖ-ਵੱਖ ਬਲਾਕ ਦਫਤਰਾਂ ਰਾਹੀਂ ਕਿਸਾਨਾ ਨੂੰ ਵਾਜਿਬ ਕੀਮਤ ਤੇ ਉਪਲਬੱਧ ਕਰਵਾਇਆ ਜਾ ਰਿਹਾ ਹੈ। 

ਡਾ. ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਮੂੰਗੀ ਦੀ ਬਿਜਾਈ ਦਾ ਢੁਕਵਾਂ ਸਮਾਂ 20 ਮਾਰਚ ਤੋਂ 10 ਅਪ੍ਰੈਲ ਤੱਕ ਦਾ ਹੈ ਅਤੇ ਕਿਸਾਨ ਵੀਰ ਵੱਖ-ਵੱਖ ਕਿਸਮਾਂ ਦਾ 12 ਤੋਂ 15 ਕਿਲੋ ਬੀਜ ਪ੍ਰਤੀ ਏਕੜ ਵਰਤਦੇ ਹੋਏ ਮੂੰਗੀ ਦੀ ਬਿਜਾਈ ਅਪ੍ਰੈਲ ਦੇ ਤੀਜੇ ਹਫਤੇ ਤੱਕ ਕਰ ਸਕਦੇ ਹਨ। ਡਾ. ਸੁਰਿੰਦਰ ਸਿੰਘ ਨੇ ਕਿਸਾਨਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਹੈ ਕਿ ਆਲੂਆਂ ਤੋਂ ਬਾਅਦ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਵਾਸਤੇ ਕਿਸੇ ਵੀ ਖਾਦ ਦੀ ਵਰਤੋਂ ਦੀ ਲੋੜ ਨਹੀ ਪੈਂਦੀ ਹੈ, ਉਹਨਾ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਮੂੰਗੀ ਦੀ ਕਾਸ਼ਤ ਤੋਂ ਬਾਅਦ ਅਤੇ ਫਲੀਆਂ ਤੋੜਨ ਉਪਰੰਤ ਜੇਕਰ ਰਹਿੰਦ ਖੂੰਹਦ ਨੂੰ ਜ਼ਮੀਨ 'ਚ ਮਿਲਾਅ ਦਿੱਤਾ ਜਾਵੇ ਤਾਂ ਅਗਲੀ ਝੋਨੇ ਦੀ ਫਸਲ ਲਈ 35 ਕਿਲੋ ਯੂਰੀਆ ਨੂੰ ਬਚਾਇਆ ਜਾ ਸਕਦਾ ਹੈ। ਉਹਨਾ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਹੈ, ਕਿ ਬਾਜਾਰ 'ਚ ਮੂੰਗੀ ਦੀ ਮੰਗ ਨੂੰ ਧਿਆਨ 'ਚ ਰੱਖਦੇ ਹੋਏ ਅਤੇ ਮੂੰਗੀ ਦੀ ਕਾਸ਼ਤ ਕਰਕੇ ਵੱਧ ਸਕਦੀ ਜ਼ਮੀਨ ਦੀ ਉਪਜਾਊ ਸ਼ਕਤੀ ਲਈ ਸਾਨੂੰ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਡਾ. ਸਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਕਿਹਾ ਕਿ ਕਣਕ ਦੀ ਵਾਢੀ ਤੋਂ ਬਾਅਦ ਵਿਭਾਗ ਵੱਲੋਂ ਕਿਸਾਨਾ ਨੂੰ ਢੈਂਚੇ/ਸਣ ਜਾਂ ਰਵਾਂਹ ਦੀ ਬਿਜਾਈ ਬਤੌਰ ਹਰੀ ਖਾਦ ਵਜੋਂ ਕਰਨ ਤੋਂ ਬਾਅਦ ਝੋਨੇ ਦੀ ਲਵਾਈ ਕਰਨ ਦੀ ਵੀ ਸਲਾਹ ਦਿੱਤੀ ਜਾ ਰਹੀ ਹੈ। ਇੰਜ. ਨਵਦੀਪ ਸਿੰਘ ਸਹਾਇਕ ਖੇਤੀਬਾੜੀ ਇੰਜ. ਜਲੰਧਰ ਨੇ ਕਿਸਾਨਾ ਨੂੰ ਸਲਾਹ ਦਿੱਤੀ ਹੈ ਕਿ ਕਰਫਿਊ ਦੌਰਾਨ ਆਪਣੇ ਖਾਲੀ ਸਮੇਂ ਦੀ ਸੁਚੱਜੀ ਵਰਤੋਂ ਕਰਦੇ ਹੋਏ ਕਣਕ ਦੀ ਕਟਾਈ ਲਈ ਲੋੜੀਂਦੀ ਮਸ਼ੀਨਰੀ ਖਾਸ ਕਰਕੇ ਕੰਬਾਈਨ ਹਾਰਵੈਸਟਰ, ਸਟਰਾਅ ਰੀਪਰ ਅਤੇ ਟਰੈਕਟਰ ਆਦਿ ਦੀ ਰਿਪੇਅਰ ਮੈਨਟੇਨੈਸ ਆਦਿ ਦਾ ਕੰਮ ਕੀਤਾ ਜਾ ਸਕਦਾ ਹੈ। ਇਸ 'ਚ ਟਰੈਕਟਰ ਦਾ ਇੰਜਣ ਆਇਲ, ਫਿਲਟਰ ਆਦਿ ਅਤੇ ਕੰਬਾਇਨ ਤੇ ਸਟਰਾਅ ਰੀਪਰ ਦੇ ਬਲੈਡ, ਥਰੈਸ਼ਰ ਡਰਮ ਦੀ ਐਡਜਸਟਮੈਂਟ, ਸਟਰਾਅ ਵਾਕਰ ਬੈਲਟਾਂ ਦੀ ਬਦਲੀ ਅਤੇ ਗਰੀਸ ਆਦਿ ਦੇ ਕੰਮ ਕੀਤੇ ਜਾ ਸਕਦੇ ਹਨ।
-ਸੰਪਰਕ ਅਫਸਰ
-ਕਮ ਖੇਤੀਬਾੜੀ ਅਫਸਰ


author

Iqbalkaur

Content Editor

Related News