ਕਣਕ ਦੀ ਫਸਲ ਲਈ ਕਿਸਾਨਾਂ ਨੂੰ ਹਰ ਪੱਖੋਂ ਜਾਗਰੂਕ ਹੋਣ ਦੀ ਵੀ ਜਰੂਰਤ: ਡਾ ਸੁਤੰਤਰ ਕੁਮਾਰ ਐਰੀ
Wednesday, Mar 25, 2020 - 01:28 PM (IST)
ਜਲੰਧਰ (ਨਰੇਸ਼ ਗੁਲਾਟੀ)-ਖੇਤੀਬਾੜੀ 'ਚ ਲੋੜੀਦੇ ਮਹੱਤਵਪੂਰਨ ਕੰਮਾਂ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨਾ ਬੇਹੱਦ ਜ਼ਰੂਰੀ ਹੈ। ਸੂਬੇ 'ਚ ਤਕਰੀਬਨ 35 ਲੱਖ ਹੈਕਟੇਅਰ ਰਕਬੇ 'ਚ ਬੀਜੀ ਗਈ ਕਣਕ ਦੀ ਫਸਲ ਦੀ ਵਾਢੀ ਦਾ ਸਮਾਂ ਨੇੜੇ ਹੋਣ ਦੇ ਨਾਲ-ਨਾਲ ਕਿਸਾਨਾ ਨੂੰ ਹੁਣ ਭਵਿੱਖ ਦੀ ਵਿਉਂਤਬੰਦੀ ਲਈ ਵੀ ਸਹੀ ਸੇਧ ਦੀ ਲੋੜ ਹੈ। ਇਸ ਗੱਲ ਦਾ ਪ੍ਰਗਟਾਵਾ ਡਾ. ਸੁਤੰਤਰ ਕੁਮਾਰ ਐਰੀ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਆਪਣੀ ਜਲੰਧਰ ਫੇਰੀ ਦੌਰਾਨ ਆਖੀ ਹੈ। ਡਾ. ਐਰੀ ਨੇ ਖੇਤੀਬਾੜੀ ਵਿਭਾਗ ਦੇ ਸਮੂਹ ਤਕਨੀਕੀ ਅਧਿਕਾਰੀਆਂ ਕਰਮਚਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਿਥੇ ਹੁਣ ਜਰੂਰੀ ਉਦਮ ਕਰਨ ਦੀ ਲੋੜ ਹੈ, ਉਥੇ ਇਸ ਮੁਸ਼ਕਲ ਦੀ ਘੜੀ 'ਚ ਕਿਸਾਨਾ ਨਾਲ ਰਾਬਤਾ ਬਰਕਰਾਰ ਰੱਖਦੇ ਹੋਏ ਕਿਸਾਨਾ ਨੂੰ ਹਰ ਪੱਖੋਂ ਜਾਗਰੂਕ ਕਰਨ ਦੀ ਵੀ ਜ਼ਰੂਰਤ ਹੈ। ਉਹਨਾ ਹਦਾਇਤ ਕੀਤੀ ਹੈ ਕਿ ਵਟਸਐਪ ਗਰੁੱਪਾਂ, ਪਿੰਡਾ 'ਚ ਮੌਜੂਦ ਪਬਲਿਕ ਐਡਰੈਸ ਸਿਸਟਮ ਅਤੇ ਪ੍ਰੈਸ ਮੀਡਿਆ ਰਾਹੀਂ ਕਿਸਾਨਾ ਨਾਲ ਰਾਬਤਾ ਬਰਕਰਾਰ ਰੱਖਿਆ ਜਾਵੇ।
ਡਾ. ਐਰੀ ਨੇ ਅੱਜ ਜਿਲ੍ਹਾ ਜਲੰਧਰ 'ਚ ਆਪਣੀ ਫੇਰੀ ਦੌਰਾਨ ਜਾਣਕਾਰੀ ਦਿੱਤੀ ਕਿ ਖੇਤੀਬਾੜੀ ਵਿਭਾਗ ਵੱਲੋਂ ਖੇਤੀ ਵਿਭਿੰਨਤਾ ਅਧੀਨ ਸੂਬੇ 'ਚ ਇਸ ਸਾਲ ਸਾਉਣੀ ਦੀ ਮੱਕੀ ਹੇਠ 3.5 ਲੱਖ ਹੈਕਟੇਅਰ ਰਕਬਾ ਬਿਜਵਾਇਆ ਜਾਵੇਗਾ। ਇਸ ਮਕਸਦ ਲਈ ਵਿਭਾਗ ਵੱਲੋਂ ਕਿਸਾਨਾ ਨੂੰ ਸਮੇਂ ਸਿਰ ਮੱਕੀ ਦਾ ਬੀਜ ਮੁਹੱਈਆ ਕਰਵਾਉਣ ਲਈ ਲੋੜੀਦੇ ਇੰਤਜਾਮ ਕੀਤੇ ਜਾ ਰਹੇ ਹਨ। ਉਹਨਾ ਜਾਣਕਾਰੀ ਦਿੱਤੀ ਕਿ ਪਿਛਲੇ ਸਾਲ ਮੱਕੀ ਹੇਠ ਸੂਬੇ 'ਚ 1.60 ਲੱਖ ਹੈਕਟੇਅਰ ਰਕਬਾ ਬੀਜਿਆ ਗਿਆ ਸੀ।
ਡਾ. ਐਰੀ ਨੇ ਸੂਬੇ ਦੇ ਕਿਸਾਨਾ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੀ ਵਾਢੀ ਤੋਂ ਬਾਅਦ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਅਤੇ ਖਾਲੀ ਖੇਤਾਂ 'ਚ ਮੂੰਗੀ ਦੀ ਕਾਸ਼ਤ ਕਰਨ ਨੂੰ ਤਰਜੀਹ ਦੇਣ। ਉਹਨਾ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾ ਅਨੁਸਾਰ ਮੂੰਗੀ ਦੀ ਬਿਜਾਈ 20 ਮਾਰਚ ਤੋਂ ਅਪ੍ਰੈਲ ਦੇ ਤੀਜੇ ਹਫਤੇ ਤੱਕ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੂੰਗੀ ਦੀ ਫਸਲ ਤਕਰੀਬਾਨ 60-65 ਦਿਨਾਂ 'ਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਫਸਲ ਦੀਆਂ ਫਲੀਆਂ ਤੋੜਨ ਤੋਂ ਬਾਅਦ ਰਹਿੰਦ- ਖੂੰਹਦ ਨੂੰ ਜ਼ਮੀਨ 'ਚ ਜੇਕਰ ਮਿਲਾਅ ਦਿੱਤਾ ਜਾਵੇ ਤਾਂ ਅਗਲੀ ਝੋਨੇ ਦੀ ਫਸਲ ਲਈ 35 ਕਿਲੋ ਯੂਰੀਆ ਬਚਾਇਆ ਜਾ ਸਕਦਾ ਹੈ। ਉਹਨਾ ਕਿਸਾਨ ਵੀਰਾਂ ਨੂੰ ਕਿਹਾ ਕਿ ਉਹ ਕਣਕ ਦੀ ਵਾਢੀ ਤੋਂ ਬਾਅਦ ਹਰੀ ਖਾਦ ਦੇ ਤੌਰ 'ਤੇ ਢਾਂਚੇ ਦੀ ਕਾਸ਼ਤ ਵੀ ਕਰ ਸਕਦੇ ਹਨ। ਡਾ. ਐਰੀ ਨੇ ਸੂਬੇ ਦੇ ਕਿਸਾਨਾ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਉਹਨਾ ਨੂੰ ਮਨੁੱਖੀ ਸਿਹਤ ਦੇ ਸਾਹਮਣੇ ਕੋਰੋਨਾ ਵਾਇਰਸ ਦੀ ਇਸ ਮਹੱਤਵਪੂਰਨ ਚੁਣੌਤੀ ਨੂੰ ਨਜਿੱਠਣ ਲਈ ਆਪਣੇ ਜ਼ਿਲੇ ਦੇ ਪ੍ਰਸਾਸ਼ਨ ਦਾ ਪੂਰਾ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਹੈ।
ਇਸ ਮੌਕੇ ਤੇ ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਯਕੀਨ ਦਿਵਾਇਆ ਕਿ ਉਹਨਾ ਵੱਲੋਂ ਕਿਸਾਨਾ ਨੂੰ ਜਾਗਰੂਕ ਕਰਨ ਲਈ ਪ੍ਰਸਾਰ ਦੇ ਨਵੀਨਤਮ ਉਪਰਾਲਿਆਂ ਦੀ ਮਦਦ ਲੈਂਦੇ ਹੋਏ ਮਿੱਥੇ ਟੀਚੇ ਪੂਰੇ ਕੀਤੇ ਜਾਣਗੇ। ਉਨਾ ਅੱਗੇ ਕਿਹਾ ਕਿ ਜ਼ਿਲੇ ਦੇ ਕਿਸਾਨਾਂ ਨੂੰ ਆਪਣੀ ਪੱਕੀ ਕਣਕ ਨੂੰ ਅੱਗ ਦੇ ਹਾਦਸਿਆਂ ਤੋਂ ਬਚਾਅ ਲਈ ਜਰੂਰੀ ਉਦਮ ਕਰਨ ਦੀ ਲੋੜ ਹੈ ਤਾਂ ਜੋ ਕਿ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਸਾਨ ਵੀਰਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਉਹਨਾ ਨੂੰ ਘਰਾਂ 'ਚ ਹੀ ਰਹਿੰਦੇ ਹੋਏ ਖੇਤੀ ਮਾਹਿਰਾਂ ਨਾਲ ਟੈਲੀਫੋਨ ਆਦਿ ਦੇ ਮਾਧਿਅਮਾਂ ਰਾਹੀਂ ਰਾਬਤਾ ਕਾਇਮ ਕਰਨ ਦੀ ਵੀ ਅਪੀਲ ਕੀਤੀ ਹੈ।
-ਸੰਪਰਕ ਅਫਸਰ
-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
-ਪੰਜਾਬ