ਕੈਪਟਨ ਦੇ ਮੰਤਰੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਸੀਹਤ
Saturday, Dec 19, 2020 - 09:53 PM (IST)
ਨਾਭਾ (ਭੂਪਾ) : ਮੋਦੀ ਸਾਹਬ! ਜੈ ਜਵਾਨ ਜੈ ਕਿਸਾਨ ਦੀ ਕਦਰ ਕਰੋ। ਜੇਕਰ ਦੇਸ਼ ਦਾ ਕਿਸਾਨ ਹੀ ਕਮਜ਼ੋਰ ਪੈ ਗਿਆ ਤਾਂ ਕਿੰਨਾ ਕੁ ਸਮਾਂ ਅਨਾਜ ਬਿਨਾਂ ਕੱਟ ਲਵੋਗੇ। ਇਹ ਨਸੀਹਤ ਨਾਭਾ ਪੁੱਜੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਜਾਰੀ ਕਰਦਿਆਂ ਕਿਹਾ ਕਿ ਜੇ ਦੇਸ਼ ਦਾ ਜਵਾਨ ਤਕੜਾ ਸੀ ਤਾਂ ਅਸੀਂ ਕਾਰਗਿਲ ਸਮੇਤ 04 ਜੰਗਾਂ ਜਿੱਤੀਆਂ ਅਤੇ ਬੰਗਲਾਦੇਸ਼ ਬਣਵਾਇਆ। ਜੇਕਰ ਕਿਸਾਨ ਤਕੜਾ ਸੀ ਤਾਂ ਅੱਜ ਸਾਡੇ ਕੋਲ 15 ਸਾਲਾਂ ਦਾ ਅਨਾਜ ਜਮਾਂ ਪਿਆ ਹੈ। ਉਨ੍ਹਾਂ ਕਿਹਾ ਕਿ ਜਦੋ ਦੇਸ਼ ਆਜ਼ਾਦ ਹੋਇਆ ਸੀ ਤਾਂ ਖਾਣ ਨੂੰ ਅੰਨ ਨਹੀਂ ਸੀ। ਇਹ ਦੇਸ਼ ਦਾ ਕਿਸਾਨ ਹੀ ਹੈ ਜਿਸ ਨੇ ਆਜ਼ਾਦੀ ਤੋਂ ਹੁਣ ਤੱਕ ਜੰਗਲਾਂ ਨੂੰ ਉਪਜਾਊ ਖੇਤਾਂ ਵਿਚ ਤਬਦੀਲ ਕੀਤਾ। ਪੰਜਾਬ ਨੇ ਨਾ ਸਿਰਫ 70 ਫੀਸਦ ਹਿੰਦੁਸਤਾਨ ਦਾ ਢਿੱਡ ਭਰਿਆ ਸਗੋਂ ਗੁਜਰਾਤ, ਉਤਰਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਨੂੰ ਖੇਤੀ ਕਰਨਾ ਸਿਖਾਇਆ।
ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੀ. ਜੀ. ਆਈ. ’ਚ ਦਾਖ਼ਲ
ਉਨ੍ਹਾਂ ਅੱਗੇ ਕਿਹਾ ਕਿ ਨਰਿੰਦਰ ਮੋਦੀ ਪਹਿਲੇ ਪ੍ਰਧਾਨ ਮੰਤਰੀ ਹਨ ਜੋ ਦੇਸ਼ ਦੇ ਕਿਸਾਨ ਦੇ ਸਿਰ ’ਤੇ ਡੰਡਾ ਰੱਖ ਕੇ ਕਾਲੇ ਕਾਨੂੰਨਾਂ ਦੀ ਖੀਰ ਖਵਾਉਣ’ ਨੂੰ ਫਿਰਦੇ ਹਨ। ਉਨ੍ਹਾਂ ਸਿੱਧੇ ਤੌਰ ’ਤੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਜਦੋਂ ਦੇਸ਼ ਦਾ ਕਿਸਾਨ ਇਨ੍ਹਾਂ ਕਾਲੇ ਕਾਨੂੰਨਾਂ ਦੀ ਸੱਚਾਈ ਤੋਂ ਰੂਬਰੂ ਹੋ ਕੇ ਆਪਣਾ ਭਲਾ ਨਹੀਂ ਕਰਾਉਣਾ ਚਾਹੁੰਦਾ ਤਾਂ ਉਹ ਜ਼ਬਰਦਸਤੀ ਕਿਸਾਨਾਂ ਦਾ ਭਲਾ ਕਰਨ ’ਤੇ ਕਿਉ ਤੁਰੇ ਹੋਏ ਹਨ? ਭਾਜਪਾ ਆਗੂ ਹਰਜੀਤ ਗਰੇਵਾਲ ਵੱਲੋਂ ਖੇਤੀ ਐਕਟ ਲਾਗੂ ਹੋਣ ਦੀ ਕੀਤੀ ਵਕਾਲਤ ਸੰਬੰਧੀ ਧਰਮਸੋਤ ਨੇ ਕਿਹਾ ਕਿ ‘ਚੱਕੀ ਹੋਈ ਲੰਬੜ ਦੀ, ਥਾਣੇਦਾਰ ਦੇ ਬਰਾਬਰ ਬੋਲੇ’ ਦੀ ਤਰਜ ’ਤੇ ਬੋਲ ਰਹੇ ਹਨ ਭਾਜਪਾ ਆਗੂ ਜਦਕਿ ਉਨ੍ਹਾਂ ਨੂੰ ਕੜਾਕੇ ਦੀ ਠੰਡ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਸੰਬੰਧੀ ਦੰਦਕਥਾ ਨਹੀਂ ਕਰਨੀ ਚਾਹੀਦੀ।
ਇਹ ਵੀ ਪੜ੍ਹੋ : ਆਸਟ੍ਰੇਲੀਆ ਪੜ੍ਹਾਈ ਕਰਨ ਗਏ ਮੋਗਾ ਦੇ ਗਗਨਬੀਰ ਸਿੰਘ ਦੀ ਅਚਾਨਕ ਮੌਤ
ਸੁਖਬੀਰ ਬਾਦਲ ਵੱਲੋਂ ਰਾਸ਼ਟਰਪਤੀ ਨੂੰ ਵਿਸ਼ੇਸ਼ ਇਜਲਾਸ ਸੱਦਣ ਦਾ ਸੱਦਾ ਦੇਣ ਦੀ ਅਪੀਲ ’ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ‘ਛੱਜ ਤਾਂ ਬੋਲੇ, ਛਾਨਣੀ ਵੀ ਬੋਲੇ’ ਦੀ ਤਰਜ ’ਤੇ ਸੁਖਬੀਰ ਨੂੰ ਤਾਂ ਬੋਲਣ ਦਾ ਹੱਕ ਹੀ ਨਹੀਂ þ। ਕਾਲੇ ਕਾਨੂੰਨਾਂ ਨੂੰ ਲਾਗੂ ਕਰਾਉਣ ਦੀ ਰੱਖੀ ਕੇਂਦਰ ਦੀ ਮੀਟਿੰਗ ਵਿਚ ਨਾ ਸਿਰਫ ਦੋਵੇਂ ਆਦਮੀ, ਤੀਵੀਂ ਮੌਜੂਦ ਸਨ ਬਲਕਿ ਇਨ੍ਹਾਂ ਕਾਲੇ ਕਾਨੂੰਨਾਂ ਦੇ ਤਾਂ ਅਕਾਲੀ ਵਿਧਾਇਕ ਸੁਖਬੀਰ ਦੇ ਇਸ਼ਾਰੇ ’ਤੇ ਸੋਹਲੇ ਵੀ ਗਾਉਂਦੇ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸੰਬੰਧੀ ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਕੇਂਦਰੀ ਖੇਤੀ ਸੋਧ ਐਕਟ ਵਿਧਾਨ ਸਭਾ ’ਚ ਲਾਗੂ ਕਰਨ ਦੀ ਸਹਿਮਤੀ ਦੇ ਦਿੱਤੀ ਤੇ ਬਾਅਦ ਵਿਚ ਬਿੱਲਾਂ ਨੂੰ ਪਾੜ ਕੇ ਡਰਾਮੇ ਦੀ ਰਾਜਨੀਤੀ ਕਰ ਰਹੇ ਹਨ।
ਇਹ ਵੀ ਪੜ੍ਹੋ : ਲੁਧਿਆਣਾ ਪੁਲਸ ਕਮਿਸ਼ਨਰ ਦਫ਼ਤਰ ’ਚ ਪਿਆ ਭੜਥੂ, ਬੀਬੀਆਂ ਦੇ ਬਾਥਰੂਮ ’ਚ ਮੁੰਡੇ ਨੂੰ ਇਸ ਹਾਲਤ ’ਚ ਦੇਖ ਉੱਡੇ ਹੋਸ਼
ਨੋਟ- ਕੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਬਿਆਨ ਨਾਲ ਤੁਸੀਂ ਸਹਿਮਤ ਹੋ ?