ਕਿਸਾਨ ਅੰਦੋਲਨ ’ਚ SGPC ਦੀ ਭੂਮਿਕਾ ਬਾਰੇ ਹਰਜੀਤ ਗਰੇਵਾਲ ਨੇ ਬੀਬੀ ਜਾਗੀਰ ਕੌਰ ਨੂੰ ਲਿਖਿਆ ਪੱਤਰ

03/10/2021 11:18:42 AM

ਚੰਡੀਗੜ੍ਹ (ਬਿਊਰੋ) - ਕਿਸਾਨ ਅੰਦੋਲਨ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਭਾਜਪਾ ਦੇ ਸਾਬਕਾ ਕੌਮੀ ਸਕੱਤਰ ਹਰਜੀਤ ਸਿੰਘ ਗਰੇਵਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੂੰ ਇਕ ਪੱਤਰ ਲਿਖਿਆ ਹੈ। ਇਸ ਪੱਤਰ ’ਚ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਹ ਅਜਿਹੀਆਂ ਫਿਰਕੂ ਗਤੀਵਿਧੀਆਂ ਤੋਂ ਦੂਰ ਰਹਿਣ ਅਤੇ ਇਕ ਧਾਰਮਿਕ ਸੰਸਥਾ ਦਾ ਅਕਸ ਬਰਕਰਾਰ ਰੱਖਣ।

PunjabKesari

ਉਨ੍ਹਾਂ ਆਪਣੇ ਪੱਤਰ ਵਿਚ ਕਿਹਾ ਕਿ ਹਾਲ ਹੀ ਵਿਚ ਦਿੱਲੀ ਨਾਲ ਲਗਦੀਆਂ ਹੱਦਾਂ ਉਪਰ ਅੰਦੋਲਨ ਕਰ ਰਹੇ ਕਿਸਾਨਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਰਜ਼ੀ ਸ਼ੈਡ ਬਣਾ ਕੇ ਦੇਵੇਗੀ, ਜਿਸ ਸਦਕਾ ਪੱਖੇ ਮੁਹੱਈਆ ਕੀਤੇ ਜਾਣਗੇ। ਗਰੇਵਾਲ ਨੇ ਕਿਹਾ ਕਿ ਬਤੌਰ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਇਹ ਵੀ ਬਿਆਨ ਦਿੱਤਾ ਸੀ ਕਿ ਕਿਸਾਨਾਂ ਲਈ ਚੱਲ ਰਹੇ ਲੰਗਰ ਅਤੇ ਆਰਜ਼ੀ ਪਖਾਨੇ ਵੀ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਤੁਹਾਡੇ ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਅੰਦੋਲਨ ਵਿਚ ਮਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।ਗਰੇਵਾਲ ਨੇ ਇਨ੍ਹਾਂ ਫ਼ੈਸਲਿਆਂ ਸਬੰਧੀ ਆਪਣੀ ਰਾਏ ਰੱਖਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਸਲ ਭੂਮਿਕਾ, ਗੁਰਦੁਆਰਿਆਂ ਦਾ ਪ੍ਰਬੰਧ ਵੇਖਣਾ ਹੈ। ਉਨ੍ਹਾਂ ਕਿਹਾ ਕਿ ਇਕ ਨਿਰੋਲ ਧਾਰਮਿਕ ਸੰਸਥਾ ਹੋਣ ਦੇ ਨਾਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿਸਾਨ ਅੰਦੋਲਨ ਵਿਚ ਸਿੱਧੇ ਤੌਰ ’ਤੇ ਦਖਲ ਦੇਣਾ, ਜਿੱਥੇ ਵੱਖ-ਵੱਖ ਮਜ੍ਹਬਾਂ ਦੇ ਲੋਕ ਹਨ, ਮੈਂ ਸਮਝਦਾ ਹਾਂ ਕਿ ਸਿੱਖ ਗੁਰਦੁਆਰਾ ਐਕਟ 1925 ਅਤੇ ਪੰਜਾਬ ਐਕਟ 8 (1925) ਤਹਿਤ ਦਿੱਤੀ ਗਈ ਵਿਆਖਿਆ ਦੇ ਉਲਟ ਹੈ।

ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤਰਾਂ ਕਰ ਕੇ ਆਪਣੇ ਅਧਿਕਾਰ ਖੇਤਰ ਦੀਆਂ ਹੱਦਾਂ ਹੀ ਪਾਰ ਨਹੀਂ ਕਰ ਰਹੀ ਸਗੋਂ ਕਿਸਾਨ ਅੰਦੋਲਨ ਨੂੰ ਇਕ ਫਿਰਕੂ ਰੰਗਤ ਦੇ ਰਹੀ ਹੈ, ਜੋ ਬੇਲੋੜੀ ਅਤੇ ਮੰਦਭਾਗੀ ਗੱਲ ਹੈ।ਉਨ੍ਹਾਂ ਬੀਬੀ ਜਗੀਰ ਕੌਰ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਤੁਹਾਨੂੰ ਇਸ ਤਰਾਂ ਦੀਆਂ ਗਤੀਵਿਧੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਇਕ ਧਾਰਮਿਕ ਸੰਸਥਾ ਦਾ ਅਕਸ ਬਰਕਰਾਰ ਰੱਖਣਾ ਚਾਹੀਦਾ ਹੈ।

ਨੋਟ:ਹਰਜੀਤ ਗਰੇਵਾਲ ਵੱਲੋਂ ਬੀਬੀ ਜਾਗੀਰ ਕੌਰ ਨੂੰ ਲਿਖੇ ਪੱਤਰ ਸਬੰਧੀ ਕੀ ਹੈ ਤੁਹਾਡੀ ਰਾਏ? 


rajwinder kaur

Content Editor

Related News